
ਜੋਸ਼ੀ ਫ਼ਾਊਂਡੇਸ਼ਨ ਦੇ ਯਤਨਾਂ ਸਦਕਾ ਹੋਂਦ ਵਿਚ ਆਈ ਮਜ਼ਦੂਰ ਸੈਨਾ ਦੇ ਮਹਿਲਾ ਵਿੰਗ ਨੇ ਨਸ਼ੇ ਵਿਰੁਧ ਵੇਲਣਾ ਮੁਹਿੰਮ ਵਿੱਢੀ ਹੈ...........
ਚੰਡੀਗੜ੍ਹ : ਜੋਸ਼ੀ ਫ਼ਾਊਂਡੇਸ਼ਨ ਦੇ ਯਤਨਾਂ ਸਦਕਾ ਹੋਂਦ ਵਿਚ ਆਈ ਮਜ਼ਦੂਰ ਸੈਨਾ ਦੇ ਮਹਿਲਾ ਵਿੰਗ ਨੇ ਨਸ਼ੇ ਵਿਰੁਧ ਵੇਲਣਾ ਮੁਹਿੰਮ ਵਿੱਢੀ ਹੈ। ਇਸ ਤਹਿਤ ਹੀ ਅੱਜ ਔਰਤਾਂ ਨੇ ਵੇਲਣੇ ਵਿਖਾਉਂਦੇ ਹੋਏ ਨਸ਼ੇ ਵਿਰੁਧ ਚੇਤਨਾ ਰੈਲੀ ਕੱਢੀ। ਮਜ਼ਦੂਰ ਸੈਨਾ ਦੇ ਚੇਅਰਮੈਨ ਸੌਰਭ ਜੋਸ਼ੀ ਨੇ ਅੱਜ ਮੌਲੀਜੱਗਰਾਂ ਦੇ ਰਾਮਲੀਲਾ ਗਰਾਊਂਡ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਔਰਤਾਂ ਵਲੋਂ ਕੱਢੀ ਇਸ ਵੇਲਣ ਮੁਹਿੰਮ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰੋਗਾਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੀਜੀਆਈ ਦੇ ਪ੍ਰੋਫ਼ੈਸਰ ਡਾ. ਅਕਸ਼ੈ ਆਨੰਦ, ਐਸਐਚਓ ਬਲਜੀਤ ਸਿੰਘ ਅਤੇ ਸਮਾਜ ਸੇਵਕ ਨਿਤਿਨ ਮੌਜੂਦ ਸਨ।
ਮਹਿਲਾ ਇਕਾਈ ਵਲੋਂ ਕਰਵਾਏ ਇਸ ਨਸ਼ਾ ਵਿਰੋਧੀ ਪ੍ਰੋਗਰਾਮ ਦੀ ਅਗਵਾਈ ਮਜ਼ਦੂਰ ਸੈਨਾ ਦੇ ਪ੍ਰਧਾਨ ਮੇਘਰਾਜ ਵਰਮਾ ਨੇ ਕੀਤੀ। ਇਸ ਮੌਕੇ ਚੇਅਰਮੈਨ ਸੌਰਭ ਜੋਸ਼ੀ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਇਕ ਵੱਡੀ ਲਾਹਨਤ ਬਣ ਚੁਕਾ ਹੈ, ਜਿਸ ਦੇ ਖ਼ਾਤਮੇ ਲਈ ਔਰਤਾਂ ਦਾ ਸਹਿਯੋਗ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਆਮ ਕਹਾਵਤ ਹੈ ਕਿ ਵੇਲਣੇ ਦਾ ਡਰ ਆਦਮੀਆਂ ਵਿਚ ਸੁਧਾਰ ਲਿਆਉਂਦਾ ਹੈ। ਪ੍ਰੋਗਰਾਮ ਵਿਚ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ ਪੀਜੀਆਈ ਦੇ ਪ੍ਰੋਫੈਸਰ ਡਾ. ਅਕਸ਼ੈ ਆਨੰਦ ਨੇ ਔਰਤਾਂ ਵਲੋਂ ਕੱਢੀ ਗਈ ਇਸ ਵੇਲਣ ਰੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਸਮਾਜ ਅੰਦਰ ਪੈਦਾ ਹੋਏ
ਨਸ਼ਿਆਂ ਦੇ ਵਿਕਰਾਲ ਦੈਂਤ ਨੂੰ ਹਰਾਉਣ ਵਿਚ ਔਰਤਾਂ ਆਪਣਾ ਅਹਿਮ ਰੋਲ ਅਦਾ ਕਰ ਸਕਦੀ ਹਨ ਪਰ ਜਾਗਰੂਕਤਾ ਦੀ ਘਾਟ ਕਾਰਨ ਬਹੁਤ ਗਿਣਤੀ ਵਿੱਚ ਔਰਤਾਂ ਨਸ਼ਿਆਂ ਵਿਰੁਧ ਪੂਰੀ ਤਰ੍ਹਾਂ ਲਾਮਬੰਦ ਨਹੀਂ ਹੋ ਸਕੀਆਂ। ਅੱਜ ਇਸ ਵੇਲਣ ਰੈਲੀ ਵਿਚ ਸ਼ਾਮਲ ਸਾਰੀਆਂ ਔਰਤਾਂ ਉਨ੍ਹਾਂ ਬਾਕੀ ਔਰਤਾਂ ਲਈ ਵੀ ਇਕ ਚਾਨਣ ਮੁਨਾਰੇ ਦਾ ਕੰਮ ਕਰ ਰਹੀਆਂ ਹਨ। ਮੌਲੀਜੱਗਰਾਂ ਥਾਣਾ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਸਾਮੂਹਕ ਯਤਨਾਂ ਦੀ ਜ਼ਰੂਰਤ ਹੈ। ਇਸ ਮੌਕੇ ਮਜ਼ਦੂਰ ਸੈਨਾ ਦੀ ਮੌਲੀਜਾਗਰਾਂ ਦੀ ਮਹਿਲਾ ਇਕਾਈ ਦੀ ਪ੍ਰਧਾਨ ਪਰਮਿਲਾ ਚੌਹਾਨ ਅਤੇ ਯੁਵਾ ਇਕਾਈ ਦੇ ਪ੍ਰਧਾਨ ਸੁਮੇਰ,
ਅਜੀਤ ਸਿੰਘ, ਅਮਰਦੀਪ ਸਿੰਘ, ਕਲੀਰਾਮ, ਪਰਸ਼ੁਰਾਮ, ਰਮੇਸ਼ ਯਾਦਵ ਆਦਿ ਨੇ ਵੀ ਮਜਦੂਰ ਸੈਨਾ ਦੇ ਮੰਚ ਤੋਂ ਅਪਣੇ ਵਿਚਾਰ ਰੱਖੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕਲੀਰਾਮ, ਕਿਸ਼ਨ ਚੰਦ ਮੰਡਿਆਲ, ਪਰਸ਼ੁਰਾਮ, ਓਮ ਪ੍ਰਕਾਸ਼ ਸ਼ਰਮਾ, ਜਨਰਲ ਸਕੱਤਰ ਜੋਰਾਵਰ ਸਿੰਘ, ਮਦਨ ਮੰਡਲ, ਰਾਮ ਸ਼ੁਕਲਾ, ਮੀਤ ਪ੍ਰਧਾਨ ਬਰਸਾਵਨ ਚੌਧਰੀ, ਰਾਮ ਸੁੰਦਰ, ਰਜਨੀਸ਼ ਕੁਮਾਰ ਭਾਰਦਵਾਜ ਅਤੇ ਅਸ਼ੋਕ ਕੁਮਾਰ, ਜੁਆਇੰਟ ਸੈਕਟਰੀ ਸੁਰਜੀਤ ਸਿੰਘ ਫੌਜੀ, ਮਹਾਸਰਯ ਚੌਹਾਨ, ਹੰਸਰਾਜ, ਸੰਤੋਸ਼ ਕੁਮਾਰ, ਪ੍ਰੈਸ ਸਕੱਤਰ ਜਗਰੋਸ਼ਨ ਆਦਿ ਮੌਜੂਦ ਸਨ।