
ਪਟਿਆਲਾ ਦੀ ਇੱਕ ਫੈਕਟਰੀ ਵਿੱਚੋਂ ਹਾਲ ਹੀ 'ਚ ਵੱਡੀ ਮਾਤਰਾ ਵਿੱਚ ਮਿਲੇ ਨਕਲੀ ਦੁੱਧ ਅਤੇ ਡੇਅਰੀ ਉਤਪਾਦਾਂ 'ਤੇ ਗੰਭੀਰ ਨੋਟਿਸ
ਚੰਡੀਗੜ੍ਹ, 21 ਅਗਸਤ: ਪਟਿਆਲਾ ਦੀ ਇੱਕ ਫੈਕਟਰੀ ਵਿੱਚੋਂ ਹਾਲ ਹੀ 'ਚ ਵੱਡੀ ਮਾਤਰਾ ਵਿੱਚ ਮਿਲੇ ਨਕਲੀ ਦੁੱਧ ਅਤੇ ਡੇਅਰੀ ਉਤਪਾਦਾਂ 'ਤੇ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕੀ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਵਾਲੇ ਕਾਨੂੰਨ ਵਿੱਚ ਸੋਧ ਕਰਕੇ ਇਸ ਨੂੰ ਹੋਰ ਸਖ਼ਤ ਬਣਾਉਣ ਦੇ ਲਈ ਨਵੇਂ ਰਾਹ ਲੱਭਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
Punjab Cabinet Meatingਇਹ ਨਿਰਦੇਸ਼ ਉਨ੍ਹਾਂ ਨੇ ਅੱਜ ਸੂਬਾ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਦਿੱਤੇ। ਮੰਤਰੀ ਮੰਡਲ ਨੇ ਪਟਿਆਲਾ ਅਤੇ ਹੋਰਾਂ ਥਾਵਾਂ 'ਤੇ ਖਾਣ-ਪੀਣ ਵਾਲੇ ਨਕਲੀ ਸਮਾਨ ਦੇ ਵੱਡੀ ਮਾਤਰਾ ਵਿੱਚ ਫੜੇ ਜਾਣ 'ਤੇ ਗੰਭੀਰ ਨੋਟਿਸ ਲਿਆ ਅਤੇ ਇਹ ਅਪਰਾਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ। ਖੁਰਾਕੀ ਵਸਤਾਂ ਵਿੱਚ ਮਿਲਾਵਟ ਦਾ ਵਿਸ਼ਾ ਕੇਂਦਰੀ ਕਾਨੂੰਨ ਹੇਠ ਆਉਣ ਦੀ ਗੱਲ ਨੂੰ ਨੋਟ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਇਨ੍ਹਾਂ ਮਾਮਲਿਆਂ ਨਾਲ ਹੋਰ ਵੀ ਵਧੇਰੇ ਸਖ਼ਤੀ ਨਾਲ ਨਿਪਟਨ ਲਈ ਢੁੱਕਵੇਂ ਰਾਹ ਲੱਭਣ।
Punjab Cabinet Meating ਮੁੱਖ ਮੰਤਰੀ ਨੇ ਇਸ ਮੁੱਦੇ 'ਤੇ ਗੈਰ-ਰਸਮੀ ਗੱਲਬਾਤ ਦੌਰਾਨ ਕਿਹਾ ਕਿ ਸੂਬਾ ਸਰਕਾਰ ਅਜਿਹੇ ਮਿਲਾਵਟਖੋਰ ਲੋਕਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਆਪਣੇ ਰਾਹ ਤਲਾਸ਼ੇਗੀ ਜੋ ਮਿਲਾਵਟ ਵਾਲੇ ਦੁੱਧ, ਦੁੱਧ ਉਤਪਾਦਾਂ ਅਤੇ ਹੋਰ ਖੁਰਾਕੀ ਵਸਤਾਂ ਦੇ ਨਾਲ ਲੋਕਾਂ ਖਾਸਕਰ ਬੱਚਿਆ ਦੇ ਜੀਵਨ ਦੇ ਨਾਲ ਖੇਡ ਰਹੇ ਹਨ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਦੌਰਾਨ ਇਸ ਗੱਲ ਵੱਲ ਵੀ ਸੰਕੇਤ ਦਿੱਤੇ ਗਏ ਕਿ ਮੱਛੀ ਨੂੰ ਸਟੋਰ ਕਰਨ ਲਈ ਵਰਤਿਆ ਜਾਣ ਵਾਲਾ ਮਸਾਲਾ ਵੀ ਲੰਮੇ ਸਮੇ ਲਈ ਮਨੁੱਖੀ ਸਿਹਤ ਲਈ ਜਹਿਰੀਲਾ ਅਤੇ ਖ਼ਤਰਨਾਕ ਹੈ। ਮੰਤਰੀ ਮੰਡਲ ਨੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਆਮ ਸਹਿਮਤੀ ਨਾਲ ਸਖ਼ਤ ਕਦਮ ਚੁੱਕੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।