
ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਮੀਦ ਕਰਜ਼ਾਈ ਅੱਜ ਦੇਰ ਰਾਤ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਏ............
ਅੰਮ੍ਰਿਤਸਰ : ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਮੀਦ ਕਰਜ਼ਾਈ ਅੱਜ ਦੇਰ ਰਾਤ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਏ। ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੂਚਨਾ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਹਮੀਦ ਕਰਜ਼ਾਈ ਨੂੰ ਸਿੱਖੀ ਸਿਧਾਂਤ, ਲੰਗਰ ਪ੍ਰਥਾ, ਸੰਗਤ ਤੇ ਪੰਗਤ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਬਾਰੇ ਵਿਸਥਾਰ ਨਾਲ ਦਸਦਿਆਂ ਕਿਹਾ ਕਿ ਗੁਰੂ ਘਰ ਵਿਚ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਮੱਥਾ ਟੇਕਣ ਆਉਂਦੇ ਹਨ।
ਸੂਚਨਾ ਕੇਂਦਰ ਵਿਖੇ ਡਾ. ਰੂਪ ਸਿੰਘ ਮੁੱਖ ਸਕੱਤਰ ਨੇ ਹਮੀਦ ਕਰਜਾਈ ਨੂੰ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਧਾਰਮਿਕ ਕਿਤਾਬਾਂ ਦਾ ਸੈਟ ਅਤੇ ਗੁਰੂ ਦੀ ਬਖਸ਼ਿਸ਼ ਸਿਰੋਪਾਉ ਭੇਟ ਕੀਤਾ। ਇਸ ਮੌਕੇ ਹਮੀਦ ਕਰਜਾਈ ਨੇ ਕਿਹਾ ਕਿ ਸਿੱਖਾਂ ਦੇ ਮੁਕੱਦਸ ਸਥਾਨ ਸ੍ਰੀ ਦਰਬਾਰ ਨਤਮਸਤਕ ਹੋ ਕੇ ਮਨ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਦੀ ਤਾਂਘ ਬਹੁਤ ਚਿਰ ਤੋਂ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਣ ਦੀ ਸੀ, ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ ।
ਇਹ ਦੱਸਣ ਯੋਗ ਹੈ ਕਿ ਅਫਗਾਨਿਸਤਾਨ ਚੋਂ ਅੱਤਵਾਦੀ ਸੰਗਠਨ ਤਾਲਿਬਾਨ ਨੂੰ ਸਤਾਹੀਣ ਕਰਨ ਲਈ ਹਮੀਦ ਕਰਜਾਈ ਦੀ ਅਗਵਾਈ ਹੇਠ ਸਥਾਈ ਅਜ਼ਾਦੀ ਆਪ੍ਰੇਸ਼ਨ ਸੰਗਠਨ, ਯੂਨਾਈਟਿਡ ਫਰੰਟ, ਨੇ ਅਮਰੀਕਾ ਦੀ ਸਪੈਸ਼ਲ ਫੋਰਸ ਨਾਲ ਮਿਲ ਕੇ ਤਾਲਿਬਾਨਾਂ ਦਾ ਤਖਤਾ ਪਲਟਿਆ ਸੀ ਅਤੇ ਨਵੀਂ ਸਰਕਾਰ ਦਾ ਗਠਨ ਕਰਕੇ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਬਣੇ ਸਨ। ਕਰਜਾਈ ਤੇ ਉਨ੍ਹਾਂ ਦੇ ਗਰੁੱਪ ਕੋਟਾ ਪਾਕਿਸਤਾਨ ਸਨ ਜਿੱਥੋਂ ਉਨ੍ਹਾਂ ਆਪ੍ਰੇਸ਼ਨ ਦੀ ਕਾਰਵਾਈ ਕੀਤੀ। ਅਫਗਾਨਿਸਤਾਨ 'ਚ ਦਾਖ਼ਲ ਹੋਣ ਪਹਿਲਾਂ ਕਰਜਾਈ ਨੇ ਆਪਣੇ ਲੜਾਕੂ ਯੋਧਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ ਕਿ ਵਤਨ ਵਾਪਸੀ ਤੇ ਉਹ ਮਾਰੇ ਜਾ ਸਕਦੇ ਹਨ।
60 ਫੀਸਦੀ ਖਦਸ਼ਾ ਮੌਤ ਦਾ ਹੈ ਤੇ 40 ਫੀਸਦੀ ਜਿੰਦਗੀ ਜਿਉਂਣ ਦਾ ਹੈ। ਇਹ ਆਖ ਕੇ ਉਹ ਸੰਨ 2001 'ਚ ਅਫਗਾਨਿਸਤਾਨ ਦਾਖ਼ਲ ਹੋਏ ਅਤੇ ਤਾਲਿਬਾਨਾਂ ਨੂੰ ਉਥੋਂ ਕੱਢਿਆ। ਸੰਨ 2004 ਵਿੱਚ ਉਨ੍ਹਾਂ ਕੌਮਾਂਤਰੀ ਤਜਵੀਜ ਰੱਦ ਕਰ ਦਿੱਤੀ ਸੀ ਕਿ ਅਫੀਮ ਦਾ ਉਤਪਾਦਨ ਬੰਦ ਕਰ ਦਿੱਤਾ ਜਾਵੇ ਪਰ ਉਹ ਨਾ ਮੰਨੇ ਅਤੇ ਆਖਿਆ ਅਜਿਹਾ ਕਰਨ ਨਾਲ ਉਨ੍ਹਾਂ ਦਾ ਮੁਲਕ ਆਰਥਿਕ ਤੌਰ ਤੇ ਤਬਾਅ ਹੋ ਜਾਵੇਗਾ। ਫਿਸਟਰ ਬੁੱਕ ਤੇ ਹਮੀਦ ਕਰਜਾਈ ਨੇ ਲਿਖਿਆ ਹੈ ਕਿ ਸਿੱਖਾਂ ਦੇ ਮਹਾਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਇੱਕ ਅਲੋਕਿਕ ਤਜਰਬਾ ਸਾਂਝਾ ਹੋਇਆ ਹੈ ਕਿ ਪਵਿੱਤਰ ਅਸਥਾਨ ਸਭ ਦਾ ਸਾਂਝਾ ਹੈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫਗਾਨਿਸਤਾਨ 'ਚ ਜਿੰਨ੍ਹਾਂ ਚਿਰ ਸਾਡੀ ਸਰਕਾਰ ਰਹੀ ਤਦ ਤੱਕ ਉਥੇ ਹਿੰਦੂਆਂ ਸਿੱਖਾਂ ਤੇ ਤਾਲਿਬਾਨਾਂ ਦਾ ਕੋਈ ਹਮਲਾ ਨਹੀਂ ਹੋਣ ਦਿੱਤਾ। ਭਵਿੱਖ ਵਿੱਚ ਜਦ ਅਸੀਂ ਮੁੜ ਸਤਾ ਵਿੱਚ ਆਏ ਤਾਂ ਫਿਰ ਹਿੰਦੂਆਂ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਰਾਖੀ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੂਆਂ ਸਿੱਖਾਂ ਨਾਲੋਂ ਅਫਗਾਨਿਸਤਾਨ ਦੇ ਮੂਲ ਵਾਸੀਆਂ ਦਾ ਬੇਹੱਦ ਨੁਕਸਾਨ ਤਾਲਿਬਾਨਾਂ ਕੀਤਾ ਹੈ।
ਵਪਾਰ ਦੇ ਮਸਲੇ 'ਚ ਕਰਜਾਈ ਨੇ ਕਿਹਾ ਕਿ ਇਹ ਪਾਕਿਸਤਾਨ ਤੇ ਨਿਰਭਰ ਹੈ ਕਿ ਉਹ ਭਾਰਤ ਤੇ ਅਫਗਾਨਿਸਤਾਨ ਨੂੰ ਲਾਂਘਾ ਦਿੰਦਾ ਹੈ ਕਿ ਨਹੀਂ। ਉਹ ਅੱਜ ਰਾਤ ਪ੍ਰਸਿੱਧ ਹੋਟਲ ਤਾਜ ਵਿੱਚ ਠਹਿਰਨਗੇ ਤੇ ਸਵੇਰੇ ਆਪਣੇ ਵਤਨ ਹਿੰਦ ਪਾਕਿ ਸੜਕ ਰਸਤੇ ਜਾਣਗੇ।