
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਦੌਰ 'ਚ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਅੱਗੇ ਵਧ,,,
ਚੰਡੀਗੜ੍ਹ (ਸ.ਸ.ਸ) : ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਦੌਰ 'ਚ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਅੱਗੇ ਵਧ ਗਈਆਂ ਹਨ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ 'ਤੇ ਨਾਂਅ ਕੁੜੀਮਾਰ ਦਾ ਕਲੰਕ ਲੱਗ ਗਿਆ ਸੀ। ਪਰ ਮੌਜੂਦਾ ਸਮੇਂ ਪੰਜਾਬ ਵਿਚ ਮੁੰਡਿਆਂ ਦੀ ਓਨੀ ਪੁਛ ਪ੍ਰਤੀਤ ਨਹੀਂ ਰਹੀ, ਜਿੰਨੀ ਕੁੜੀਆਂ ਦੀ ਹੋ ਗਈ ਹੈ। ਇਸ ਦਾ ਅੰਦਾਜ਼ਾ ਅਖ਼ਬਾਰਾਂ ਵਿਚਲੇ ਮੈਟਰੀਮੋਨੀਅਲ ਇਸ਼ਤਿਹਾਰਾਂ ਨੂੰ ਵੇਖ ਕੇ ਵੀ ਲਗਾਇਆ ਜਾ ਸਕਦਾ। ਜਿਨ੍ਹਾਂ ਵਿਚ ਅਕਸਰ ਮੁੰਡੇ ਵਾਲਿਆਂ ਵਲੋਂ ਕੁੜੀਆਂ ਦੀ ਮੰਗ ਵਾਲੇ ਇਸ਼ਤਿਹਾਰ ਜ਼ਿਆਦਾ ਨਜ਼ਰ ਆਉਂਦੇ ਹਨ।
ਇਸ ਤੋਂ ਇਲਾਵਾ ਲੜਕੇ ਵਾਲਿਆਂ ਵਲੋਂ ਆਈਲੈਟਸ ਪਾਸ ਕੁੜੀਆਂ ਦੀ ਮੰਗ ਵਾਲੇ ਇਸ਼ਤਿਹਾਰ ਅੱਜਕੱਲ੍ਹ ਕੁਝ ਜ਼ਿਆਦਾ ਹੀ ਨਜ਼ਰ ਆ ਰਹੇ ਹਨ। ਜਿਸ ਵਿਚ ਮੁੰਡੇ ਵਾਲਿਆਂ ਵਲੋਂ ਲੜਕੀ ਨੂੰ ਵਿਦੇਸ਼ ਭੇਜਣ ਅਤੇ ਉਸ ਦੀ ਸਾਰੀ ਪੜ੍ਹਾਈ ਦਾ ਖ਼ਰਚਾ ਉਠਾਉਣ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ। ਇਹ ਸਿਰਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਲੜਕੀ ਵਿਦੇਸ਼ 'ਚ ਪੀਆਰ ਹੋ ਸਕੇ ਅਤੇ ਇਸ ਬਹਾਨੇ ਉਨ੍ਹਾਂ ਦਾ ਮੁੰਡਾ ਵੀ ਵਿਦੇਸ਼ 'ਚ ਸੈਟਲ ਹੋ ਸਕੇ। ਜਿਹੜੀ ਕੁੜੀ ਨੇ ਸਾਢੇ 6 ਜਾਂ ਉਸ ਤੋਂ ਵੱਧ ਬੈਂਡ ਲਏ ਹੁੰਦੇ ਹਨ, ਉਸ ਨੂੰ ਓਨਾ ਹੀ ਵਧੀਆ ਰਿਸ਼ਤਾ ਮਿਲਦਾ ਹੈ ।
ਕਿਉਂਕਿ ਆਪਣੀ ਇਸ ਯੋਗਤਾ ਦੇ ਚੱਲਦਿਆਂ ਉਹ ਵਿਦੇਸ਼ੀ ਯੂਨੀਵਰਸਿਟੀਜ਼ ਵਿਚ ਆਸਾਨੀ ਨਾਲ ਦਾਖ਼ਲਾ ਲੈ ਸਕਦੀਆਂ ਹਨ। ਪੰਜਾਬੀ ਅਖ਼ਬਾਰਾਂ ਵਿਚ ਅਕਸਰ ਇਸ ਤਰ੍ਹਾਂ ਦੇ ਇਸ਼ਤਿਹਾਰ ਤੁਹਾਨੂੰ ਆਸਾਨੀ ਨਾਲ ਦੇਖਣ ਨੂੰ ਮਿਲ ਜਾਣਗੇ, ਜਿਨ੍ਹਾਂ ਵਿਚ ਅਕਸਰ ਲਿਖਿਆ ਹੁੰਦਾ। ''25 ਸਾਲਾ ਜੱਟ ਸਿੱਖ ਲੜਕੇ ਲਈ ਇਕ ਗ੍ਰੈਜੂਏਟ ਕੁੜੀ ਦੀ ਲੋੜ ਹੈ, ਜਿਸ ਨੇ 6.5 ਬੈਂਡਾਂ ਨਾਲ ਆਇਲਟਸ ਪਾਸ ਕੀਤੀ ਹੋਵੇ। ਕੈਨੇਡਾ 'ਚ ਕੁੜੀ ਦੇ ਵਿਆਹ ਤੇ ਵਿਦੇਸ਼ 'ਚ ਪੜ੍ਹਾਈ ਦਾ ਸਾਰਾ ਖ਼ਰਚਾ ਲੜਕਾ ਝੱਲੇਗਾ।''' ਇਸੇ ਤਰ੍ਹਾਂ ਕੁੜੀਆਂ ਦੇ ਇਸ਼ਤਿਹਾਰ ਵੀ ਛਪਦੇ ਹਨ।
ਜਿਨ੍ਹਾਂ ਵਿਚ ਲਿਖਿਆ ਹੁੰਦਾ, ''ਆਈਲੈਟਸ ਵਿਚ 6.5 ਬੈਂਡ ਵਾਲੀ ਇਕ ਕੁੜੀ ਲਈ ਅਜਿਹੇ ਵਰ ਦੀ ਲੋੜ, ਜੋ ਆਸਟ੍ਰੇਲੀਆ ਵਿਚ ਉਸ ਦੀ ਪੜ੍ਹਾਈ ਦਾ ਖ਼ਰਚਾ ਝੱਲ ਸਕੇ। ਇਹ ਵਿਆਹ ਸਿਰਫ਼ ਕੰਟਰੈਕਟ ਦੇ ਆਧਾਰ 'ਤੇ ਹੋਵੇਗਾ ਤੇ ਲੜਕੇ ਨੂੰ ਪੀ.ਆਰ ਮਿਲਦਿਆਂ ਹੀ ਕੰਟਰੈਕਟ ਖ਼ਤਮ ਹੋ ਜਾਵੇਗਾ।'' ਜੇਕਰ ਦੇਖਿਆ ਜਾਵੇ ਤਾਂ ਕੁੜੀ ਨੂੰ ਵਿਦੇਸ਼ ਭੇਜਣ ਤੇ ਪੜ੍ਹਾਈ ਦਾ ਕੁੱਲ ਖ਼ਰਚਾ 20 ਲੱਖ ਰੁਪਏ ਜਾਂ ਇਸ ਤੋਂ ਵੱਧ ਹੋ ਸਕਦਾ। ਪਰ ਇਹ ਸਭ ਅੱਜ-ਕੱਲ੍ਹ ਮੁੰਡੇ ਵਾਲਿਆਂ ਨੂੰ ਹੀ ਕਰਨਾ ਪੈ ਰਿਹੈ। ਖ਼ਾਸ ਗੱਲ ਇਹ ਵੀ ਹੈ ਕਿ ਅਜਿਹੇ ਮਾਮਲਿਆਂ ਵਿਚ ਜਾਤ-ਪਾਤ ਵੀ ਘੱਟ ਹੀ ਦੇਖੀ ਜਾ ਰਹੀ ਹੈ।
ਸੋ ਇਸ ਸਭ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਪੜ੍ਹੀਆਂ ਲਿਖੀਆਂ ਕੁੜੀਆਂ ਦੀ ਮੰਗ ਇਸ ਕਦਰ ਵਧਦੀ ਜਾ ਰਹੀ ਹੈ ਕਿ ਲੜਕੇ ਵਾਲੇ ਅਜਿਹੀਆਂ ਕੁੜੀਆਂ ਦੇ ਰਿਸ਼ਤਿਆਂ ਲਈ ਤਰਲੇ ਮਿੰਨਤਾਂ ਕਰਦੇ ਹਨ। ਜੇਕਰ ਮੁੰਡਿਆਂ ਦੀ ਗੱਲ ਕਰੀਏ ਤਾਂ ਉਹ ਲਗਭਗ ਸਾਰੇ ਖੇਤਰਾਂ ਵਿਚ ਕੁੜੀਆਂ ਤੋਂ ਪਛੜਦੇ ਹੀ ਨਜ਼ਰ ਆ ਰਹੇ ਹਨ।