ਪੰਜਾਬੀ ਜ਼ੁਬਾਨ ਦੇ ਖ਼ਾਤਮੇ ਦਾ ਮੁੱਢ ਬਣਨਗੇ ਪ੍ਰਵਾਸ ਸੰਸਥਾਨ ਤੇ ਅਖੌਤੀ ਆਈਲੈਟਸ ਅਦਾਰੇ
Published : Jun 29, 2018, 9:57 am IST
Updated : Jun 29, 2018, 9:57 am IST
SHARE ARTICLE
Students
Students

ਪ੍ਰ ਵਾਸ ਮੁੱਢ ਕਦੀਮ ਤੋਂ ਇਨਸਾਨ ਦੀ ਹੋਣੀ ਨਾਲ ਜੁੜਿਆ ਵਰਤਾਰਾ ਹੈ। ਪ੍ਰਵਾਸ ਦੀ ਮਨੋਬਿਰਤੀ ਪਿੱਛੇ ਜੇ ਆਰਥਕ ਕਾਰਨ ਹੁੰਦੇ ਹਨ ਤਾਂ.......

ਪ੍ਰ  ਵਾਸ ਮੁੱਢ ਕਦੀਮ ਤੋਂ ਇਨਸਾਨ ਦੀ ਹੋਣੀ ਨਾਲ ਜੁੜਿਆ ਵਰਤਾਰਾ ਹੈ। ਪ੍ਰਵਾਸ ਦੀ ਮਨੋਬਿਰਤੀ ਪਿੱਛੇ ਜੇ ਆਰਥਕ ਕਾਰਨ ਹੁੰਦੇ ਹਨ ਤਾਂ ਕਈ ਵਾਰ ਸਮਾਜਕ ਤੇ ਰਾਜਨੀਤਕ ਉਦੇਸ਼ ਵੀ ਪ੍ਰਵਾਸ ਦਾ ਮੁੱਢ ਬੰਨ੍ਹਣ ਦਾ ਸਬੱਬ ਬਣਦੇ ਹਨ। ਪ੍ਰਵਾਸ ਇਕ ਪਾਸੇ ਜਿਥੇ ਭਾਸ਼ਾ ਦੇ ਸੰਚਾਰ ਦੇ ਨਾਲ-ਨਾਲ  ਸਮਾਜਕ ਤੇ ਸਭਿਆਚਾਰਕ ਵਟਾਂਦਰੇ ਦਾ ਜ਼ਰੀਆ ਬਣਦਾ ਹੈ, ਉਥੇ ਦੂਜੇ ਪਾਸੇ ਪ੍ਰਵਾਰ, ਜਨਮ ਭੋਇਂ ਤੇ ਮਾਤ ਭਾਸ਼ਾ ਦੇ ਤੋੜ ਵਿਛੋੜੇ ਦਾ ਕਾਰਨ ਵੀ ਬਣਦਾ ਹੈ।

ਜੇ ਅਜੋਕੇ ਪ੍ਰੀਪੇਖ ਵਿਚ ਗੱਲ ਕਰੀਏ ਤਾਂ ਵਰਤਮਾਨ ਦੌਰ ਦੇ ਪ੍ਰਵਾਸ ਸੰਸਥਾਨ ਤੇ ਅਖੌਤੀ ਆਈਲੈਟ ਸੈਂਟਰ ਸਹਿਜੇ ਹੀ ਇਸ ਤੋੜ ਵਿਛੋੜੇ  ਦਾ ਮੁੱਢ ਬੰਨ੍ਹਦੇ ਪ੍ਰਤੀਤ ਹੋ ਰਹੇ ਹਨ।  ਉਂਜ ਤਾਂ ਹਿੰਦੁਸਤਾਨੀਆਂ ਲਈ ਵਿਦੇਸ਼ੀ ਧਰਤੀਆਂ ਹਮੇਸ਼ਾ ਹੀ ਖਿੱਚ ਦਾ ਕੇਂਦਰ ਰਹੀਆਂ ਹਨ ਪਰ  1991 ਦੇ ਵੇਲੇ ਤੋਂ ਜਦ ਤੋਂ ਸੰਸਾਰੀਕਰਨ ਦਾ ਦੌਰ ਸ਼ੁਰੂ ਹੋਇਆ ਹੈ, ਭਾਰਤੀ ਲੋਕਾਂ ਵਿਚ ਵਿਦੇਸ਼ੀ ਧਰਤੀਆਂ ਪ੍ਰਤੀ ਮੋਹ ਤੇ ਵਿਦੇਸ਼ ਵੱਸਣ ਦੀ ਤਾਂਘ ਹੋਰ ਵੀ ਪ੍ਰਬਲ ਰੂਪ ਇਖ਼ਤਿਆਰ ਕਰ ਗਈ ਹੈ। ਇਸ ਪਿਛੇ ਬੇਸ਼ਕ ਭਾਰਤ ਦਾ ਗੰਧਲਾ ਹੁੰਦਾ ਰਾਜਨੀਤਕ ਮਾਹੌਲ ਜ਼ਿੰਮੇਵਾਰ ਸੀ, ਨਿਜੀ ਤੌਰ ਉਤੇ ਸੁਨਹਿਰੇ ਭਵਿੱਖ ਦੀ ਕਾਮਨਾ ਸੀ

ਜਾਂ ਪ੍ਰਵਾਰ ਪ੍ਰਤੀ ਹਿਫ਼ਾਜ਼ਤੀ ਨਜ਼ਰੀਆ ਸੀ, ਭਾਰਤੀਆਂ ਨੇ ਸੰਸਾਰ ਦੇ ਕਈ ਮੁਲਕਾਂ ਦੀਆਂ ਧਰਤੀਆਂ ਗਾਹ ਮਾਰੀਆਂ। ਜਦ ਭਾਰਤੀਆਂ ਨੇ ਵਤਨਾਂ ਤੋਂ ਦੂਰੀ ਬਣਾਉਣੀ ਸ਼ੁਰੂ ਕੀਤੀ ਤਾਂ ਪੰਜਾਬੀ ਵੀ ਪਿਛੇ ਨਾ ਰਹੇ ਤੇ ਇਹ ਵਰਤਾਰਾ ਵਧਦਾ-ਵਧਦਾ ਏਨਾ ਅੱਗੇ ਵੱਧ ਗਿਆ ਕਿ ਅੱਜ ਪੰਜਾਬ ਦੇ ਹਰ ਘਰ ਦਾ ਕੋਈ ਨਾ ਕੋਈ ਜੀਅ ਜਾਂ ਤਾਂ ਵਿਦੇਸ਼ ਵਿਚ ਵੱਸ ਚੁਕਿਆ ਹੈ ਜਾਂ ਫਿਰ ਵਿਦੇਸ਼ ਜਾਣ ਦੀਆਂ ਘਾੜਤਾਂ ਘੜ ਰਿਹਾ ਹੈ। ਉਹ ਵੀ ਉਨ੍ਹਾਂ ਗੋਰਿਆਂ ਦੇ ਮੁਲਕਾਂ ਵਿਚ ਜਿਨ੍ਹਾਂ ਨੂੰ ਭਾਰਤ ਵਿਚੋਂ ਕੱਢਣ ਲਈ ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ, ਜਾਨਾਂ ਦਿਤੀਆਂ।

ਅੱਗੇ ਵਧਣਾ ਕੋਈ ਬੁਰਾਈ ਨਹੀਂ, ਵਿਦੇਸ਼ਾਂ ਪ੍ਰਤੀ ਖਿੱਚ ਵੀ ਹਰ ਕਿਸੇ ਦਾ ਨਿਜੀ ਅਧਿਕਾਰ ਹੈ ਤੇ ਅਪਣੇ ਵਪਾਰਕ ਹਿੱਤਾਂ ਨੂੰ ਤਰਜੀਹ ਦੇਣਾ ਵੀ ਕੋਈ ਗ਼ਲਤ ਨਹੀਂ ਜਾਪਦਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਧਨ ਦੌਲਤ ਜਾਂ ਕਿਸੇ ਹੋਰ ਚਕਾਚੌਂਧ ਦੇ ਆਕਰਸ਼ਣ ਵਿਚ ਵਿਸਮਾਦੀ ਹੋਇਆ ਪ੍ਰਵਾਸੀ ਕੀ ਅਪਣੀ ਮਾਤ ਭਾਸ਼ਾ ਨਾਲ ਵੀ ਜੁੜਿਆ ਰਹਿੰਦਾ ਹੈ ਜਾਂ ਵਕਫ਼ਾ ਪਾ ਕੇ ਵਿਦੇਸ਼ੀ ਪਹਿਰਾਵਿਆਂ, ਵਿਦੇਸ਼ੀ ਧਰਤੀਆਂ ਵਾਂਗ ਵਿਦੇਸ਼ੀ ਜ਼ੁਬਾਨਾਂ ਦਾ ਹੋ ਕੇ ਹੌਲੀ-ਹੌਲੀ ਮਾਤ ਭਾਸ਼ਾ ਤੋਂ  ਕਿਨਾਰਾ ਕਰ ਜਾਂਦਾ ਹੈ? ਸਵਾਲ ਬੇਸ਼ਕ  ਗ਼ੈਰਵਾਜਬ ਜਾਪੇ ਪਰ ਗ਼ੈਰਵਾਜਬ ਹੈ ਨਹੀਂ।

ਇਹ ਸਵਾਲ ਅਪਣੇ ਅੰਦਰ ਅੰਤਾਂ ਦੀ ਪੀੜ ਲੁਕੋਈ ਬੈਠਾ ਹੈ ਕਿਉਂਕਿ ਇਹ ਹਕੀਕਤ ਪ੍ਰਤੱਖ਼ ਹੈ ਕਿ ਜਿਵੇਂ-ਜਿਵੇਂ ਪੰਜਾਬੀ ਲੋਕ ਪੰਜਾਬ ਤੋਂ ਕਿਨਾਰਾ ਕਰੀ ਜਾਂਦੇ ਹਨ, ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬੀ ਭਾਸ਼ਾ ਤੋਂ  ਦੂਰ ਹੁੰਦੀ ਜਾ ਰਹੀ ਹੈ। ਉਸ ਮਾਂ-ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈ, ਜੋ ਪੰਜਾਬ ਦਾ ਵਿਰਸਾ ਹੈ, ਸਭਿਆਚਾਰ ਹੈ, ਭੁਗੋਲ ਹੈ, ਇਤਿਹਾਸ ਹੈ। ਉਹ ਮਾਂ-ਬੋਲੀ ਜੋ ਜੀਵਨ ਦਾ ਆਧਾਰ ਹੋਣ ਦੇ ਨਾਲ-ਨਾਲ ਹਰ ਬਾਸ਼ਿੰਦੇ ਦੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੈ। ਬੇਸ਼ੱਕ ਵਿਦੇਸ਼ਾਂ ਵਿਚ ਪੰਜਾਬੀ ਆਪਸ ਵਿਚ ਅਪਣੀ ਮਾਂ-ਬੋਲੀ ਵਿਚ ਹੀ ਗੱਲ ਕਰਦੇ ਹਨ, ਆਪੋ ਅਪਣੀਆਂ ਧਾਰਮਕ ਰਹੁ ਰੀਤਾਂ ਵੀ ਮਾਂ-ਬੋਲੀ ਵਿਚ  ਹੀ ਮਨਾਉਂਦੇ ਹਨ

ਤੇ ਪੰਜਾਬ ਵਸਦੇ ਅਪਣੇ ਸਕੇ ਸਬੰਧੀਆਂ ਨਾਲ ਮੇਲ ਮਿਲਾਪ ਵੇਲੇ ਵੀ ਉਨ੍ਹਾਂ ਦੀ ਜ਼ੁਬਾਨ ਪੰਜਾਬੀ ਹੀ ਹੁੰਦੀ ਹੈ ਪਰ ਇਹ ਵੀ ਸਚਾਈ ਹੈ ਕਿ ਵਿਦੇਸ਼ਾਂ ਵਿਚਲੇ ਸਮਾਜਕ ਤੇ ਸਥਾਨਕ ਸਰੋਕਾਰਾਂ ਕਾਰਨ ਹੌਲੀ-ਹੌਲੀ ਉਹ ਜਾਂ ਉਹਨਾਂ ਦੀ ਅਗਲੀ ਪੀੜ੍ਹੀ ਵਿਦੇਸ਼ੀ ਸਭਿਆਚਾਰ, ਵਿਦੇਸ਼ੀ ਬੋਲੀ ਨੂੰ ਅਪਣਾਉਣ ਨੂੰ ਹੀ ਤਰਜੀਹ ਦੇਂਦੀ ਹੈ। ਵਿਦੇਸ਼ ਵਿਚ ਰਹਿ ਕੇ ਵਿਦੇਸ਼ੀ ਸਭਿਆਚਾਰ ਤੇ ਵਿਦੇਸ਼ੀ ਬੋਲੀ ਨੂੰ ਅਪਣਾਉਣਾ ਉਨ੍ਹਾਂ ਦੀ ਜ਼ਰੂਰਤ ਵੀ ਹੁੰਦੀ ਹੈ ਤੇ ਮਜ਼ਬੂਰੀ ਵੀ। ਜਿੰਨੀ ਛੇਤੀ ਪ੍ਰਵਾਸੀ ਵਿਦੇਸ਼ੀ ਭਾਸ਼ਾ ਨੂੰ ਅਪਣਾ ਲਵੇਗਾ ਉਨੀ ਛੇਤੀ ਉਨ੍ਹਾਂ ਲਈ ਵਿਦੇਸ਼ੀ ਮਾਹੌਲ ਸੁਖਾਵਾਂ ਹੋ ਜਾਵੇਗਾ,

ਇਸ ਲਈ ਵਿਦੇਸ਼ ਵਸਦਾ ਪ੍ਰਵਾਸੀ ਵਕਫ਼ਾ ਪਾ ਕੇ ਵਿਦੇਸ਼ੀ ਬੋਲੀ ਨੂੰ ਅਪਣੀ ਜ਼ੁਬਾਨ ਬਣਾ ਹੀ ਲੈਂਦਾ ਹੈ। ਵਿਦੇਸ਼ਾਂ ਵਿਚ ਜਾ ਕੇ ਵਿਦੇਸ਼ੀ ਭਾਸ਼ਾ ਨੂੰ ਅਪਣਾਉਣਾ ਤਾਂ ਕਿਸੇ ਹੱਦ ਤਕ ਤਰਕਸੰਗਤ ਜਾਪਦਾ ਵੀ ਹੈ, ਪਰ ਅਪਣੀ ਜਨਮ ਭੋਇਂ, ਅਪਣੇ ਪੰਜਾਬ ਵਿਚ ਵਸਦੇ ਪੰਜਾਬੀ ਦਾ ਦਿਨ-ਬ-ਦਿਨ ਪੰਜਾਬੀ ਤੋਂ ਦੂਰ ਜਾਣਾ ਜ਼ਿਹਨ ਵਿਚ ਚਿੰਤਾ ਵੀ ਉਪਜਾਉਂਦਾ ਹੈ ਅਤੇ ਮਾਤ ਭਾਸ਼ਾ ਦੇ ਸੁਨਹਿਰੇ ਭਵਿੱਖ ਬਾਬਤ ਖ਼ਦਸ਼ਾ ਵੀ ਉਜਾਗਰ ਕਰਦਾ ਹੈ। ਪੰਜਾਬ ਦੇ ਕੋਨੇ-ਕੋਨੇ ਵਿਚ ਖੁੰਬਾਂ ਵਾਂਗ ਉੱਗੇ  ਆਈਲੈਟਸ ਕੇਂਦਰਾਂ ਵਿਚ ''ਸਪੋਕਨ ਇੰਗਲਿਸ਼'' ਦੇ ਨਾਂ ਤੇ ਅੰਗਰੇਜ਼ੀ ਉਚਾਰਣ ਬਾਬਤ ਪੜ੍ਹਾਈ ਲਈ ਤਰਲੋ ਮੱਛੀ ਹੁੰਦੀਆਂ

ਨੌਜਵਾਨ ਮੁੰਡਿਆਂ ਕੁੜੀਆਂ ਦੀਆਂ ਹੇੜਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ ਕਿ ਕਿਵੇਂ ਇਹ ਪੀੜ੍ਹੀ ਹੌਲੀ-ਹੌਲੀ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈ। 
ਜਦੋਂ ਕੁੱਝ ਵਰ੍ਹੇ ਪਹਿਲਾਂ ਯੂਨੈਸਕੋ ਨੇ ਅਗਲੇ ਕੁੱਝ ਵਰ੍ਹਿਆਂ ਵਿਚ ਪੰਜਾਬੀ ਸਣੇ ਸੰਸਾਰ ਦੀਆਂ ਲਗਭਗ ਪੰਜਾਹ ਭਾਸ਼ਾਵਾਂ ਦੇ ਲੁਪਤ ਹੋ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ ਤਾਂ ਸਾਡੇ ਇਧਰਲੇ ਅਖੌਤੀ ਬੁਧੀਜੀਵੀਆਂ ਨੇ ਆਦਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦੇ ਕੇ ਯੂਨੈਸਕੋ ਦੀ ਇਸ ਰਿਪੋਰਟ ਉਤੇ ਸਵਾਲ ਉਠਾਇਆ ਸੀ ਤੇ ਰਹਿੰਦੀ ਦੁਨੀਆਂ ਤਕ ਧਰਤੀ ਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਹਿਣ ਦੀ ਉਪਮਾ ਦੇ ਕੇ ਪੰਜਾਬੀ ਜ਼ੁਬਾਨ ਪ੍ਰੇਮੀਆਂ

ਦਾ ਢਾਰਸ ਬੰਨ੍ਹਣ ਦਾ ਉਪਰਾਲਾ ਕੀਤਾ ਸੀ। ਉਨ੍ਹਾਂ ਨੇ ਵਿਸ਼ਵ ਦੇ ਕਈ ਮੁਲਕਾਂ ਵਿਚ ਨਿੱਕੇ-ਨਿੱਕੇ ਪੰਜਾਬ ਵੱਸ ਜਾਣ ਦੀ ਖ਼ੁਸ਼ਫ਼ਹਿਮੀ ਪਾਲ ਪੰਜਾਬੀ ਪ੍ਰੇਮੀਆਂ ਨੂੰ ਹੌਂਸਲਾ ਰੱਖਣ ਲਈ ਪ੍ਰਰਿਆ ਸੀ। ਪਰ ਪੰਜਾਬ ਵਿਚ ਧੜਾਧੜ ਖੁਲ੍ਹ ਰਹੇ ਪ੍ਰਵਾਸ ਕੇਂਦਰਾਂ ਤੇ  ਆਈਲੈਟਸ ਸੈਂਟਰਾਂ ਦੀ ਚਕਾਚੌਂਧ ਵਿਚ ਗੁਆਚੀ  ਅਤੇ ਹੌਲੀ-ਹੌਲੀ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ਯੂਨੈਸਕੋ ਦੇ  ਇਸ ਖ਼ਦਸ਼ੇ ਨੂੰ ਸੱਚ ਸਾਬਤ ਕਰਨ ਉਤੇ ਤੁਲੀ ਜਾਪਦੀ ਹੈ। 
ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲਾ ਹਰ ਨੌਜਵਾਨ, ਅੱਜ ਪੰਜਾਬੀ ਨੂੰ ਅੱਖੋਂ ਪਰੋਖੇ ਕਰ, ਅੰਗਰੇਜ਼ੀ ਸਿਖਣ ਦੇ ਰਾਹ ਤੁਰ ਪਿਆ ਹੈ।

ਮਾਡਲ ਅਤੇ ਕਾਨਵੈਂਟ ਸਕੂਲਾਂ ਵਿਚ ਤਾਂ ਪਹਿਲਾਂ ਹੀ  ਆਮ ਬੋਲ ਚਾਲ ਦੌਰਾਨ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜੁਰਮਾਨੇ ਲਾਉਣ ਜਾਂ ਜਮਾਤ ਵਿਚ ਸਜ਼ਾਵਾਂ ਦੇਣ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਸ਼ਹਿਰੀ ਲੋਕ ਅਖੌਤੀ ਸਟੇਟਸ ਸਿੰਬਲ ਦੇ ਨਾਂਅ ਤੇ ਅਪਣੇ ਘਰਾਂ ਵਿਚ ਵੀ   ਬੱਚਿਆਂ ਨਾਲ ਗੱਲਬਾਤ ਕਰਨ ਲਈ ਹਿੰਦੀ ਜਾਂ ਅੰਗਰੇਜ਼ੀ ਨੂੰ ਤਰਜੀਹ ਦੇਣ ਲੱਗ ਪਏ ਹਨ ਤਾਂ ਇਸ ਸੂਰਤ ਵਿਚ ਪੰਜਾਬੀ ਦਾ ਭਵਿੱਖ ਯੂਨੈਸਕੋ ਦੀ ਰਿਪੋਰਟ ਜਾਂ ਯੂਨੈਸਕੋ ਦੇ ਖ਼ਦਸ਼ਿਆਂ ਦੀ ਹਾਮੀ ਭਰਦਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਨੱਥ ਪਾਉਣ ਵਿਚ ਸਮੇਂ ਦੀਆਂ ਸਰਕਾਰਾਂ ਨਾਕਾਮ ਤਾਂ ਰਹੀਆਂ ਹੀ ਹਨ,

ਮਾਂ-ਬੋਲੀ ਦੇ ਭਵਿੱਖ ਪ੍ਰਤੀ ਚੌਕਸ ਵੀ ਨਹੀਂ ਹੋਈਆਂ। ਮਾਂ-ਬੋਲੀ ਕਿਸੇ ਵੀ ਖ਼ਿੱਤੇ ਦੇ ਬਾਸ਼ਿੰਦਿਆਂ ਦੇ  ਜੀਵਨ ਦਾ ਆਧਾਰ ਹੁੰਦੀ ਹੈ। ਸਨੇਹੀਆਂ ਦੇ ਸੁਖ ਸੁਨੇਹਿਆਂ ਦਾ ਪਿਆਰ ਹੁੰਦੀ ਹੈ ਤੇ ਮਾਂ ਦੀਆਂ ਲੋਰੀਆਂ ਵਰਗਾ ਦੁਲਾਰ ਹੁੰਦੀ ਹੈ। ਮਾਂ-ਬੋਲੀ ਤੋਂ ਮੂੰਹ ਮੋੜਨਾ ਮਾਂ ਤੋਂ ਮੂੰਹ ਮੋੜਨਾ ਹੁੰਦਾ ਹੈ ਤੇ ਗਾਹੇ ਬਗਾਹੇ ਪ੍ਰਵਾਸ ਮਾਂ-ਬੋਲੀ ਦੇ ਨਾਲ-ਨਾਲ ਮਾਂ ਤੋਂ ਮੂੰਹ ਮੋੜਨ ਦੀ ਸਾਜ਼ਿਸ਼ ਰਚਦਾ ਪ੍ਰਤੀਤ ਹੋ ਰਿਹਾ ਹੈ। ਲੋੜ ਪ੍ਰਵਾਸ ਨੂੰ ਰੋਕਣ, ਲੋਕਾਂ ਦੇ ਰਹਿਣ ਲਈ ਪੰਜਾਬ ਵਿਚ ਸੁਖਾਵੇਂ ਹਾਲਾਤ ਉਪਜਾਉਣ ਦੀ ਹੈ ਤਾਕਿ ਪੰਜਾਬ ਜਿਊਂਦਾ ਰਹਿ ਸਕੇ, ਪੰਜਾਬੀਅਤ ਜਿਊਂਦੀ ਰਹਿ ਸਕੇ ਅਤੇ ਪੰਜਾਬੀ ਜ਼ੁਬਾਨ ਜਿਊਂਦੀ ਰਹਿ ਸਕੇ। ਸੰਪਰਕ : 94173-58393

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement