
ਸੀਨੀਅਰ ‘ਆਪ’ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ...
ਚੰਡੀਗੜ੍ਹ (ਸਸਸ) : ਸੀਨੀਅਰ ‘ਆਪ’ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਅਧੀਨ ਸੂਬੇ ਵਿਚ ਫੈਲੇ ਜੰਗਲ ਰਾਜ ਅਤੇ ਨਿਆਂ ਵਿਵਸਥਾ ਸੰਪੂਰਨ ਤੌਰ ‘ਤੇ ਫ਼ੇਲ੍ਹ ਹੋਣ ਲਈ ਸਰਕਾਰ ਦੀ ਨਿਖੇਧੀ ਕੀਤੀ। ਅੰਮ੍ਰਿਤਸਰ ਵਿਖੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ‘ਆਪ’ ਆਗੂ ਸੁਰੇਸ਼ ਸ਼ਰਮਾ ਨਾਲ ਮੁਲਾਕਾਤ ਕਰਨ ਉਪਰੰਤ ਅਰੋੜਾ ਨੇ ਕਿਹਾ
ਕਿ ਸੁਰੱਖਿਆ ਏਜੰਸੀਆਂ ਵੱਲੋਂ ਸੂਹ ਦੇਣ ਉਪਰੰਤ ਵੀ ਸੂਬੇ ਵਿਚ ਤਿੰਨ ਦਿਨਾਂ ਵਿਚ ਲਗਾਤਾਰ ਤਿੰਨ ਵੱਡੀਆਂ ਘਟਨਾਵਾਂ ਹੋਣਾ ਸਿੱਧ ਕਰਦਾ ਹੈ ਕਿ ਸਰਕਾਰ ਗੁੜ੍ਹੀ ਨੀਂਦ ਸੁੱਤੀ ਹੈ ਅਤੇ ਉਸ ਨੇ ਲੋਕਾਂ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਹੈ। ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀ ਸੁਰੱਖਿਆ ਸੰਬੰਧੀ ਗੰਭੀਰ ਹੁੰਦੀ ਤਾਂ ਅੰਮ੍ਰਿਤਸਰ ਨਜ਼ਦੀਕ ਬੰਬ ਧਮਾਕਾ, ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਦੇ ਸਹੁਰੇ ਦੀ ਦਿਨ ਦਿਹਾੜੇ ਹੱਤਿਆ ਅਤੇ ‘ਆਪ’ ਆਗੂ ਉੱਤੇ ਜਾਨਲੇਵਾ ਹਮਲਾ ਵਰਗੀਆਂ ਘਟਨਾਵਾਂ ਰੋਕੀਆਂ ਜਾ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈਆਂ ਘਟਨਾਵਾਂ ਸੂਬੇ ਵਿਚ ਫੈਲੇ ਜੰਗਲ ਰਾਜ ਵੱਲ ਇਸ਼ਾਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਫ਼ੇਲ੍ਹ ਸਾਬਿਤ ਹੋਈਆਂ ਹਨ। ਨਿਰੰਕਾਰੀ ਭਵਨ ਬੰਬ ਕੇਸ ਵਿਚ ਸ਼ਾਮਿਲ ਵਿਅਕਤੀ ਦੇ ਫੜੇ ਜਾਣ ਉੱਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਘਟਨਾ ਹੋਣੀ ਹੀ ਨਹੀਂ ਚਾਹੀਦੀ ਸੀ।
ਅਰੋੜਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਸਥਿਤੀ ਭਿਆਨਕ ਬਣੀ ਹੋਈ ਹੈ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਬੇਰੁਜ਼ਗਾਰ ਨੌਜਵਾਨ ਨਸ਼ੇ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਫਸ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਸੂਬੇ ਵਿਚ ਨਿਆਂ ਵਿਵਸਥਾ ਨੂੰ ਦਰੁਸਤ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੀ ਸਨ, ਪਰੰਤੂ ਹੁਣ ਉਹ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਅਰੋੜਾ ਨੇ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਜਜ਼ਬੇ ਨੂੰ ਸਮਝਦੇ ਹੋਏ ਉਨ੍ਹਾਂ ਦੀ ਸ਼ਕਤੀ ਨੂੰ ਸਮਾਜ ਉਸਾਰੂ ਕੰਮਾਂ ਵਿਚ ਲੱਗਾ ਕੇ ਸੂਬੇ ਨੂੰ ਮੁੜ ਖ਼ੁਸ਼ਹਾਲ ਬਣਾਉਣ। ਸਮੂਹ ਪੰਜਾਬੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਸ਼ਾਂਤੀ ਭਾਈਚਾਰਕ ਸਾਂਝ ਅਤੇ ਕਦਰਾਂ-ਕੀਮਤਾਂ ਲਈ ਮਸ਼ਹੂਰ ਰਿਹਾ ਹੈ ਅਤੇ ਇਸ ਗੰਭੀਰ ਦੌਰ ਵਿਚ ਵੀ ਪੰਜਾਬੀ ਸ਼ਾਂਤੀ ਬਣਾਈ ਰੱਖਣ।
ਉਨ੍ਹਾਂ ਮੰਗ ਕੀਤੀ ਕਿ ਸੁਰੇਸ਼ ਸ਼ਰਮਾ ਦੇ ਹਮਲਾਵਰਾਂ ਨੂੰ ਜਲਦ ਪਕੜਨ ਦੀ ਮੰਗ ਕਰਦਿਆਂ ਅਰੋੜਾ ਨੇ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।