
ਅਤਿਵਾਦੀਆਂ ਦੇ ਮਾਰੇ ਜਾਣ ਨਾਲ ਭਾਰੀ ਤਬਾਹੀ ਮਚਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ: ਮੋਦੀ
ਨਵੀਂ ਦਿੱਲੀ, 20 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਜੰਮੂ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਸੁਰੱਖਿਆ ਬਲਾਂ ਨੇ “ਵੱਡੀ ਤਬਾਹੀ'' ਨੂੰ ਅੰਜਾਮ ਦੇਣ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿਤਾ ਹੈ। ਸਰਕਾਰ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਤਿਵਾਦੀਆਂ ਦੀ ਸਾਜ਼ਸ਼ 26 ਨਵੰਬਰ ਦੇ ਮੁੰਬਈ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਮੌਕੇ 'ਕੁਝ ਵੱਡਾ ਕਰਨ' ਦੀ ਸੀ। ਪ੍ਰਧਾਨ ਮੰਤਰੀ ਨੇ ਬੈਠਕ ਤੋਂ ਬਾਅਦ ਅਪਣੇ ਟਵੀਟ ਵਿਚ ਕਿਹਾ, “ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਚਾਰ ਅਤਿਵਾਦੀਆਂ ਦਾ ਖ਼ਾਤਮਾ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਵਿਸਫ਼ੋਟਕ ਦੀ ਮੌਜੂਦਗੀ ਨਾਲ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਵੱਡੀ ਤਬਾਹੀ ਮਚਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਮੁੜ ਅਸਫ਼ਲ ਕਰ ਦਿਤਾ ਹੈ। ਪ੍ਰਧਾਨ ਮੰਤਰੀ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਮੁੜ ਬੇਮਿਸਾਲ ਬਹਾਦਰੀ ਅਤੇ ਪੇਸ਼ੇਵਰ ਰੁਖ਼ ਨੂੰ ਪ੍ਰਦਰਸ਼ਿਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਪਣੀ ਸਾਵਧਾਨੀ ਲਈ ਧਨਵਾਦ ਕਰਦਿਆਂ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿਚ ਜ਼ਮੀਨੀ ਪੱਧਰ 'ਤੇ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਨਾਪਾਕ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਹੈ। (ਪੀਟੀਆਈ)
ਪ੍ਰਧਾਨ ਮੰਤਰੀ ਨੇ ਮੀਟਿੰਗ ਵਿਚ ਸਥਿਤੀ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ, ਵਿਦੇਸ਼ ਸਕੱਤਰ ਅਤੇ ਉੱਚ ਖ਼ੁਫ਼ੀਆ ਅਧਿਕਾਰੀ ਸਮੀਖਿਆ ਬੈਠਕ ਵਿਚ ਸ਼ਾਮਲ ਹੋਏ।
ਪੁਲਿਸ ਨੇ ਕਿਹਾ ਸੀ ਕਿ ਨਵੇਂ ਭਰਤੀ ਕੀਤੇ ਅਤਿਵਾਦੀਆਂ ਨੂੰ ਲੈ ਕੇ ਜਾਣ ਵਾਲਾ ਇਕ ਟਰੱਕ ਵੀਰਵਾਰ ਨੂੰ ਫੜਿਆ ਗਿਆ ਸੀ। ਉਸ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਚਾਰ ਪਾਕਿਸਤਾਨ ਆਧਾਰਤ ਅਤਿਵਾਦੀ ਨਾਗਰੋਟਾ ਵਿਚ ਇਕ ਮੁਕਾਬਲੇ ਵਿਚ ਮਾਰੇ ਗਏ ਸਨ। ਮੁਕਾਬਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਪੁਲਿਸ ਇੰਸਪੈਕਟਰ ਜਨਰਲ (ਜੰਮੂ) ਮੁਕੇਸ਼ ਸਿੰਘ ਨੇ ਮੁੱਠਭੇੜ ਤੋਂ ਬਾਅਦ ਕਿਹਾ ਕਿ ਅਤਿਵਾਦੀ ਇਕ “ਵੱਡੀ ਸਾਜ਼ਸ਼'' ਕਰਨ ਆਏ ਸਨ ਪਰ ਉਸ ਨੂੰ ਅਸਫ਼ਲ ਕਰ ਦਿਤਾ ਗਿਆ ਸੀ। (ਪੀਟੀਆਈ)