
ਨਵਜੋਤ ਕੌਰ ਸਿੱਧੂ ਨੇ ਪਾਰਟੀ ਹਾਈਕਮਾਂਡ ਲਈ ਖੜ੍ਹਾ ਕੀਤਾ ਧਰਮਸੰਕਟ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਜੇਕਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲਦੀ ਤਾਂ ਉਹ ਕਿਤੋਂ ਹੋਰ ਚੋਣ ਨਹੀਂ ਲੜਨਗੇ। ਨਵਜੋਤ ਕੌਰ ਸਿੱਧੂ ਦਾ ਅਜਿਹਾ ਵਤੀਰਾ ਪਾਰਟੀ ਲਈ ਸੰਕਟ ਖੜ੍ਹਾ ਕਰ ਸਕਦਾ ਹੈ ਕਿਉਂਕਿ ਇਕ ਪਾਸੇ ਚੰਡੀਗੜ੍ਹ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦਾਅਵੇਦਾਰ ਹਨ ਅਤੇ ਉਥੇ ਹੀ ਦੂਜੇ ਪਾਸੇ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹਨ।
ਨਵਜੋਤ ਕੌਰ ਸਿੱਧੂ ਨੇ ਕਿਹਾ, ਉਨ੍ਹਾਂ ਨੂੰ ਚੰਡੀਗੜ੍ਹ ਵਿਚ ਭਾਰੀ ਹੁੰਗਾਰਾ ਮਿਲ ਰਿਹਾ ਹੈ ਅਤੇ ਜੇਕਰ ਹਾਈਕਮਾਨ ਨੇ ਉਨ੍ਹਾਂ ਨੂੰ ਟਿਕਟ ਦਿਤੀ ਹੈ ਤਾਂ ਉਨ੍ਹਾਂ ਦੀ ਜਿੱਤ ਯਕੀਨੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਖ਼ਰੀ ਫ਼ੈਸਲਾ ਕਾਂਗਰਸ ਦੀ ਹਾਈਕਮਾਂਡ ਕਰੇਗੀ ਅਤੇ ਉਹ ਚੰਡੀਗੜ੍ਹ ਵਿਚ ਆ ਕੇ ਅਪਣਾ ਕੰਮ ਪੇਸ਼ ਕਰ ਰਹੇ ਹਨ। ਇਸ ਦੌਰਾਨ ਮੈਡਮ ਸਿੱਧੂ ਨੇ ਭਾਜਪਾ ਉਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਚੋਣ ਲੜਨ ਤੋਂ ਪਹਿਲਾਂ ਜੋ ਮੈਨੀਫੈਸਟੋ ਵਿਚ ਦਾਅਵਾ ਕੀਤਾ ਸੀ ਉਸ ਉਤੇ ਖਰੇ ਨਹੀਂ ਉਤਰੀ।