
ਬਠਿੰਡਾ ਦੀ ਕੇਂਦਰੀ ਜੇਲ ਮੁੜ ਚਰਚਾ ਵਿਚ ਹੈ। ਅੱਜ ਜਿੱਥੇ ਇਸ ਜੇਲ ਵਿਚ ਬੰਦ ਮਸ਼ਹੂਰ ਗੈਗਸਟਰ 'ਟੋਪੀ' ਦੇ ਕੋਲੋ ਮੋਬਾਇਲ ਫ਼ੋਨ ਬਰਾਮਦ ਹੋਇਆ..............
ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ ਮੁੜ ਚਰਚਾ ਵਿਚ ਹੈ। ਅੱਜ ਜਿੱਥੇ ਇਸ ਜੇਲ ਵਿਚ ਬੰਦ ਮਸ਼ਹੂਰ ਗੈਗਸਟਰ 'ਟੋਪੀ' ਦੇ ਕੋਲੋ ਮੋਬਾਇਲ ਫ਼ੋਨ ਬਰਾਮਦ ਹੋਇਆ, ਉਥੇ ਐਸਪੀ ਸਿਟੀ ਦੀ ਅਗਵਾਈ ਹੇਠ ਅੱਜ ਸਵੇਰੇ 6 ਵਜੇਂ ਤੋਂ 8 ਵਜੇਂ ਤੱਕ ਸੈਕੜੇ ਪੁਲਿਸ ਮੁਲਾਜਮਾਂ ਵਲੋਂ ਜੇਲ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਹਾਲਾਂਕਿ ਪੁਲਿਸ ਤੇ ਜੇਲ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਦੌਰਾਨ ਕੁੱਝ ਖ਼ਾਸ ਨਾ ਬਰਾਮਦ ਹੋਣ ਦਾ ਦਾਅਵਾ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਜੇਲ ਅੰਦਰੋਂ ਨਸ਼ਾ ਤੇ ਮੋਬਾਇਲ ਫ਼ੋਨ ਬਰਾਮਦ ਹੋਣ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਅੱਜ ਇਹ ਵਿਸ਼ੇਸ ਤਲਾਸੀ ਮੁਹਿੰਮ ਚਲਾਈ ਗਈ ਸੀ।
ਉਧਰ ਅੰਮ੍ਰਿਤਸਰ ਅਦਾਲਤ ਵਿਚੋਂ ਪੇਸ਼ੀ ਭੁਗਤ ਕੇ ਵਾਪਸ ਜੇਲ੍ਹ ਵਿਚ ਪਹੁੰਚੇ ਖ਼ਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ਼ ਟੋਪੀ ਕੋਲੋ ਮੋਬਾਇਲ ਫ਼ੋਨੋ ਬਰਾਮਦ ਹੋਇਆ। ਮਹੱਤਵਪੂਰਨ ਗੱਲ ਇਹ ਸੀ ਕਿ ਉਕਤ ਗੈਗਸਟਰ ਨੇ ਇਹ ਮੋਬਾਇਲ ਫ਼ੋਨ ਅਪਣੇ ਪੈਰਾਂ ਵਿਚ ਪਹਿਨੇ ਸੈਂਡਲਾਂ ਵਿਚ ਲੁਕੋ ਕੇ ਜੇਲ ਅੰਦਰ ਲਿਆਂਦਾ ਸੀ।
ਪੁਲਿਸ ਤੇ ਜੇਲ ਅਧਿਕਾਰੀਆਂ ਮੁਤਾਬਕ ਅਦਾਲਤ ਵਿਚ ਪੇਸ਼ੀ ਦੌਰਾਨ ਟੋਪੀ ਨੂੰ ਉਸਦੇ ਕੁੱਝ ਸਾਥੀ ਮਿਲਣ ਆਏ ਸਨ। ਜਿੰਨ੍ਹਾਂ ਨਾਲ ਟੋਪੀ ਨੇ ਅਪਣੇ ਬੂਟ ਬਦਲਵਾਏ ਸਨ। ਹਾਲਾਂਕਿ ਪੇਸ਼ੀ ਦੌਰਾਨ ਨਾਲ ਗਏ ਪੁਲਿਸ ਮੁਲਾਜ਼ਮਾਂ ਉਸ ਸਮੇਂ ਕੋਈ ਭਿਣਕ ਨਹੀਂ ਲੱਗੀ ਪ੍ਰੰਤੂ ਜੇਲ ਵਿਚ ਵਾਪਸੀ ਸਮੇਂ ਉਸਦੀ ਤਲਾਸ਼ੀ ਦੌਰਾਨ ਨਵੇਂ ਪਹਿਨੇ
ਸੈਂਡਲਾਂ ਉਤਾਰਨ ਲਈ ਕਿਹਾ ਗਿਆ ਤਾਂ ਉਸਨੇ ਜਵਾਬ ਦੇ ਦਿੱਤਾ। ਜਿਸਦੇ ਚੱਲਦੇ ਜੇਲ ਅਧਿਕਾਰੀਆਂ ਨੇ ਸ਼ੱਕ ਦੇ ਬਿਨਾਹ 'ਤੇ ਉਸਦੇ ਜਬਰੀ ਸੈਂਡਲ ਉਤਾਰ ਕੇ ਮਸ਼ੀਨ ਰਾਹੀਂ ਸਕੈਨ ਕੀਤੇ ਗਏ ਤਾਂ ਉਸ ਵਿਚ ਕੋਈ ਚੀਜ਼ ਫਿੱਟ ਕੀਤੀ ਨਜ਼ਰ ਆਈ। ਜੇਲ ਅਧਿਕਾਰੀਆਂ ਵਲੋਂ ਜਦ ਇੰਨ੍ਹਾਂ ਸੈਂਡਲਾਂ ਨੂੰ ਉਖਾੜਕੇ ਦੇਖਿਆ ਗਿਆ ਤਾਂ ਵਿਚੋਂ ਸੈਮਸੰਗ ਕੰਪਨੀ ਦਾ ਸੁਨਹਿਰੀ ਰੰਗ ਦਾ ਮੋਬਾਇਲ ਫ਼ੋਨ ਤੇ ਚਾਰਜਰ ਵੀ ਬਰਾਮਦ ਹੋਏ। ਦਸਣਾ ਬਣਦਾ ਹੈ ਟੋਪੀ ਉਤੇ ਅਨੇਕਾਂ ਹੀ ਮੁਕੱਦਮੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਟੋਪੀ ਨੂੰ ਪੇਸ਼ੀ ਦੌਰਾਨ ਸੈਂਡਲ ਦੇਣ ਵਾਲਾ ਵਿਅਕਤੀ ਕੌਣ ਸੀ?
ਥਾਣਾ ਕੈਂਟ ਦੇ ਮੁਖੀ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਸਹਾਇਕ ਸੁਪਰਡੈਂਟ ਜੇਲ੍ਹ ਵਿਨੈ ਟਾਕ ਦੇ ਪੱਤਰ ਦੇ ਆਧਾਰ 'ਤੇ ਗੈਂਗਸਟਰ ਰਣਦੀਪ ਸਿੰਘ ਉਰਫ਼ ਟੋਪੀ ਖ਼ਿਲਾਫ਼ ਜੇਲ੍ਹ ਐਕਟ ਅਤੇ ਫ਼ੌਜਦਾਰੀ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਉਧਰ ਅੱਜ ਐਸ.ਪੀ ਸਿਟੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ 6 ਵਜੇਂ ਤੋ 8 ਵਜੇਂ ਤੱਕ ਅਚਾਨਕ ਵੱਡੀ ਤਾਦਾਦ ਵਿਚ ਪੁਲਿਸ ਪਾਰਟੀ, ਜਿਸ ਵਿਚ ਥਾਣਾ ਕੈਂਟ, ਸਿਵਲ ਲਾਈਨ, ਕੋਤਵਾਲੀ, ਨਥਾਣਾ ਆਦਿ ਦੇ ਥਾਣਾ ਮੁਖੀਆਂ ਤੇ ਪੁਲਿਸ ਮੁਲਾਜ਼ਮਾਂ ਸਹਿਤ ਜੇਲ ਦੀ ਡੂੰਘਾਈ ਨਾਲ ਤਲਾਸ਼ੀ ਲਈ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਇਹ ਅਚਨਚੇਤ ਕੀਤੀ ਕਾਰਵਾਈ ਸੀ, ਜਿਸ ਦੌਰਾਨ ਕੁੱਝ ਨਹੀਂ ਮਿਲਿਆ।