
ਬਠਿੰਡਾ ਦੀ ਕੇਂਦਰੀ ਜੇਲ 'ਚ ਬੰਦ ਇੱਕ ਕੈਦੀ ਨੂੰ ਚਿੱਟਾ ਦੇਣ ਆਈਆਂ ਨੂੰਹ-ਸੱਸ ਨੂੰ ਜੇਲ ਅਧਿਕਾਰੀਆਂ ਵਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ............
ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ 'ਚ ਬੰਦ ਇੱਕ ਕੈਦੀ ਨੂੰ ਚਿੱਟਾ ਦੇਣ ਆਈਆਂ ਨੂੰਹ-ਸੱਸ ਨੂੰ ਜੇਲ ਅਧਿਕਾਰੀਆਂ ਵਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦੇ ਦੋਸ਼ਾਂ ਹੇਠ 14 ਸਾਲ ਦੀ ਕੈਦ ਕੱਟ ਰਿਹਾ ਜਲੰਧਰ ਦਾ ਹਰਵਿੰਦਰ ਸਿੰਘ ਕਰੀਬ ਚਾਰ ਮਹੀਨੇ ਪਹਿਲਾਂ ਹੀ ਜਲੰਧਰ ਤੋਂ ਬਠਿੰਡਾ ਦੀ ਕੇਂਦਰੀ ਜੇਲ ਵਿਚ ਤਬਦੀਲ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਜੇਲ ਤਬਦੀਲੀ ਪਿੱਛੇ ਵੀ ਮੁੱਖ ਕਾਰਨ ਉਕਤ ਕਥਿਤ ਦੋਸ਼ੀ ਦਾ ਜੇਲ ਅੰਦਰ ਚਿੱਟਾ ਵੇਚਣ ਦਾ ਹੀ ਸੀ। ਸਥਾਨਕ ਕੈਂਟ ਪੁਲਿਸ ਨੇ ਜੇਲ ਸੁਪਰਡੈਂਟ ਦੇ ਬਿਆਨਾਂ ਉਪਰ ਕੈਦੀ ਹਰਵਿੰਦਰ ਸਿੰਘ, ਉਸਦੀ ਮਾਤਾ ਕਸ਼ਮੀਰ ਕੌਰ ਅਤੇ ਪਤਨੀ ਪੂਜਾ ਵਿਰੁਧ ਕੇਸ ਦਰਜ਼ ਕਰਕੇ
ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਲ ਅੰਦਰ ਵੱਡੀ ਮਾਤਰਾ ਵਿਚ ਚਿੱਟਾ ਭੇਜਣ ਦਾ ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਵਿਰੁਧ ਕਰਤਾਰਪੁਰ ਥਾਣੇ ਅੰਦਰ 19 ਜੁਲਾਈ 2007 ਨੂੰ ਬਲਾਤਕਾਰ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ 'ਚ ਉਸਨੂੰ ਅਦਾਲਤ ਵਲੋਂ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੂਤਰਾਂ ਅਨੁਸਾਰ ਜਲੰਧਰ ਜੇਲ 'ਚ ਬੰਦੀ ਦੌਰਾਨ ਕੈਦੀ ਹਰਵਿੰਦਰ ਸਿੰਘ ਨੇ ਜੇਲ
ਅੰਦਰ ਹੀ ਕਥਿਤ ਤੌਰ 'ਤੇ ਨਸ਼ਾ ਵੇਚਣਾ ਸ਼ੁਰੂ ਕਰ ਦਿਤਾ ਜਿਸ ਦੇ ਚਲਦੇ ਜੇਲ ਅਧਿਕਾਰੀਆਂ ਨੇ ਕਰੀਬ ਚਾਰ ਮਹੀਨੇ ਪਹਿਲਾਂ ਉਸ ਦਾ ਨੈਟਵਰਕ ਤੋੜਣ ਲਈ ਹਰਵਿੰਦਰ ਸਿੰਘ ਨੂੰ ਬਠਿੰਡਾ ਦੀ ਜੇਲ ਵਿਚ ਤਬਦੀਲ ਕਰ ਦਿਤਾ। ਸੂਤਰਾਂ ਅਨੁਸਾਰ ਇੱਥੇ ਵੀ ਉਸ ਵਲੋਂ ਇਹ ਧੰਦਾ ਜਾਰੀ ਸੀ। ਅੱਜ ਹਰਵਿੰਦਰ ਸਿੰਘ ਦੀ ਮਾਤਾ ਕਸ਼ਮੀਰ ਕੌਰ ਤੇ ਪਤਨੀ ਪੂਜ਼ਾ ਉਸਦੇ ਨਾਲ ਮੁਲਾਕਾਤ ਕਰਨ ਆਈਆਂ ਸਨ। ਜੇਲ ਅਧਿਕਾਰੀਆਂ ਵਲੋਂ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਉਪਰ ਨਿਗ੍ਹਾਂ ਰੱਖੀ ਜਾ ਰਹੀ ਸੀ। ਮੁਲਾਕਾਤ ਦੌਰਾਨ ਇੰਨ੍ਹਾਂ ਔਰਤਾਂ ਵਲੋਂ ਹਰਵਿੰਦਰ ਸਿੰਘ ਨੂੰ ਕੱਪੜੇ ਦਿੱਤੇ ਗਏ। ਜਦ ਜੇਲ ਸਟਾਫ਼ ਵਲੋਂ ਕੱਪੜਿਆਂ ਦੀ ਤਲਾਸ਼ੀ ਲਈ ਗਈ ਤਾਂ ਲਿਫ਼ਾਫ਼ੇ ਵਿਚ ਬੰਨੀ
ਪੁੜੀ ਮਿਲੀ। ਜਿਹੜਾ ਕਿ 12 ਗ੍ਰਾਂਮ ਚਿੱਟਾ ਨਿਕਲਿਆ। ਜੇਲ ਸਟਾਫ਼ ਨੈ ਤੁਰੰਤ ਹੀ ਦੋਨਾਂ ਔਰਤਾਂ ਨੂੰ ਫ਼ੜ ਲਿਆ ਤੇ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਨਾਂ ਔਰਤਾਂ ਨੂੰ ਤਾਂ ਤੁਰੰਤ ਹਿਰਾਸਤ ਵਿਚ ਲੈ ਲਿਆ ਤੇ ਜਦਕਿ ਹਰਵਿੰਦਰ ਸਿੰਘ ਨੂੰ ਵੀ ਭਲਕੇ ਪ੍ਰਡੋਕਸ਼ਨ ਵਰੰਟ ਉਪਰ ਲਿਆਉਣ ਦੀ ਤਿਆਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮਾਮਲਾ ਕਾਫ਼ੀ ਗੰਭੀਰ ਹੈ
ਤੇ ਦੋਨਾਂ ਔਰਤਾਂ ਤੋਂ ਸਖ਼ਤੀ ਦੇ ਨਾਲ ਪੁਛਗਿਛ ਕੀਤੀ ਜਾਵੇਗੀ ਕਿ ਉਹ ਇਹ ਚਿੱਟਾ ਕਿੱਥੋ ਲੈ ਕੇ ਆਉਂਦੀਆਂ ਸਨ ਤੇ ਪਿਛਲੇ ਕਿੰਨੇ ਸਮੇਂ ਤੋਂ ਉਨ੍ਹਾਂ ਇਹ ਕੰਮ ਤੋਰਿਆ ਹੋਇਆ ਸੀ। ਥਾਣਾ ਕੈਂਟ ਦੇ ਮੁਖੀ ਨਰਿੰਦਰ ਪਾਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ।