
10 ਥਾਵਾਂ 'ਤੇ ਕੀਤਾ ਗਿਆ ਪਾਰਕਿੰਗ ਦਾ ਪ੍ਰਬੰਧ
ਮੁਹਾਲੀ: ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਵਨਡੇ ਮੈਚ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਵਿੱਚ ਕਰੀਬ 3 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕਰੀਬ 15 ਦੰਗਾ ਵਿਰੋਧੀ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਲਈ ਮੁਹਾਲੀ ਪੁਲਿਸ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮ ਵੀ ਬੁਲਾਏ ਗਏ ਹਨ। ਮੁਹਾਲੀ ਪੁਲਿਸ ਨੇ ਕ੍ਰਿਕਟ ਮੈਚ ਦੌਰਾਨ ਸੁਰੱਖਿਆ ਸਬੰਧੀ ਕੋਈ ਦਿੱਕਤ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲਾ: ਸ਼ਮਸ਼ੇਰ ਸਿੰਘ 27 ਸਾਲਾਂ ਬਾਅਦ ਰਿਹਾਅ
ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੈਚ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਰੋਪੜ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਹੋਵੇਗੀ। ਉਨ੍ਹਾਂ ਦੇ ਨਿਰਦੇਸ਼ਾਂ ਤਹਿਤ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਅਤੇ ਰੋਪੜ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰਨਗੇ। ਇਸ 'ਚ ਸਟੇਡੀਅਮ ਦੇ ਅੰਦਰ ਡਾਕਟਰ ਸੰਦੀਪ ਗਰਗ ਦੀ ਜ਼ਿੰਮੇਵਾਰੀ ਹੋਵੇਗੀ, ਜਦਕਿ ਵਿਵੇਕਸ਼ੀਲ ਸੋਨੀ ਸਟੇਡੀਅਮ ਦੇ ਬਾਹਰਲੇ ਇਲਾਕਿਆਂ 'ਚ ਤਾਇਨਾਤ ਰਹਿਣਗੇ।
ਇਹ ਵੀ ਪੜ੍ਹੋ: PSEB ਵਲੋਂ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਸਰਟੀਫਿਕੇਟ ਅਤੇ ਰਜਿਸਟ੍ਰੇਸ਼ਨ ਦੇ ਨਾਂ 'ਤੇ ਵਸੂਲੇ ਜਾ ਰਹੇ ਪੈਸੇ
ਭਾਰਤ-ਆਸਟ੍ਰੇਲੀਆ ਕ੍ਰਿਕਟ ਮੈਚ ਦੇਖਣ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੁਹਾਲੀ ਪ੍ਰਸ਼ਾਸਨ ਨੇ 10 ਥਾਵਾਂ 'ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ। ਇਸ ਵਿੱਚ ਸਭ ਤੋਂ ਵੱਡੀ ਪਾਰਕਿੰਗ ਸੈਕਟਰ-68 ਜੰਗਲਾਤ ਵਿਭਾਗ ਦੇ ਸਾਹਮਣੇ ਬਣਾਈ ਗਈ ਹੈ। ਇੱਥੇ ਕਰੀਬ 1000 ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਹੈ। ਹਾਕੀ ਸਟੇਡੀਅਮ ਵਿਚ ਵੀਆਈਪੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੇਜ਼-8 ਵਿੱਚ ਵੀ ਪਾਰਕਿੰਗ ਦਾ ਪ੍ਰਬੰਧ ਹੈ। ਮੁਹਾਲੀ ਪ੍ਰਸ਼ਾਸਨ ਨੇ ਫੇਜ਼-9 ਵਿਚ ਪੁੱਡਾ ਬਿਲਡਿੰਗ ਦੇ ਸਾਹਮਣੇ, ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼-10 ਦੀ ਮਾਰਕੀਟ, ਫੇਜ਼-11 ਦੀ ਮਾਰਕੀਟ, ਵਾਈਪੀਐਸ ਚੌਕ ਅਤੇ ਗੇਟ ਨੰਬਰ 6, 7, 8 ਅਤੇ 9 ਵਿੱਚ ਖਾਲੀ ਪਈਆਂ ਗਰਾਊਂਡਾਂ ਵਿੱਚ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ।
ਕ੍ਰਿਕਟ ਮੈਚ ਦੌਰਾਨ ਫੇਜ਼-10 ਅਤੇ ਫੇਜ਼-11 ਦੇ ਲਾਈਟ ਪੁਆਇੰਟ, ਸੈਕਟਰ 49 ਅਤੇ 50 ਲਾਈਟ ਪੁਆਇੰਟ, ਫੇਜ਼ 8 ਅਤੇ ਫੇਜ਼-9 ਲਾਈਟ ਪੁਆਇੰਟ, ਨਿਪਰ ਬ੍ਰਿਜ ਲਾਈਟ ਪੁਆਇੰਟ, ਸੈਕਟਰ 68 ਗੋਗਾ ਮੈਡੀ ਦੇ ਨੇੜੇ ਟ੍ਰੈਫਿਕ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਲਈ ਉਥੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਅਤੇ ਅਰਪਿਤ ਸ਼ੁਕਲਾ ਨੇ ਕਿਹਾ ਕਿ ਮੈਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਪੁਲਿਸ ਨੇ ਇਸ ਲਈ ਠੋਸ ਪ੍ਰਬੰਧ ਕੀਤੇ ਹਨ। ਜੇਕਰ ਕੋਈ ਸ਼ਾਂਤੀ ਭੰਗ ਕਰਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।