
ਸਿਵੇ ਠੰਢੇ ਨਹੀਂ ਹੋਏ ਤੇ ਰਾਜਸੀ ਆਗੂ ਅਪਣੇ ਮੁਫ਼ਾਦ ਲਈ ਪੁੱਜ ਗਏ : ਜਾਖੜ
ਅੰਮ੍ਰਿਤਸਰ : ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਅੱਜ ਮੁੜ ਰੇਲ ਹਾਦਸੇ ਦੇ ਪੀੜਤ ਵਿਅਕਤੀਆਂ, ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਦਾ ਹਾਲ ਪੁੱਛਣ ਲਈ ਪੁੱਜੇ। ਦੋਹਾਂ ਆਗੂਆਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਉਥੇ ਇਲਾਜ ਦੌਰਾਨ ਪੇਸ਼ ਆਉਣ ਵਾਲੀ ਸਮੱਸਿਆ ਬਾਰੇ ਵੀ ਪੁੱਛਿਆ, ਪਰ ਕਿਸੇ ਵੀ ਮਰੀਜ਼ ਵਲੋਂ ਇਲਾਜ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਸ੍ਰੀ ਜਾਖੜ ਨੇ ਦੱਸਿਆ ਕਿ ਕੇਵਲ ਸਰਕਾਰ ਹੀ ਨਹੀਂ ਸਮੁੱਚੀ ਮਾਨਵਤਾ ਇਨ੍ਹਾਂ ਪੀੜਤਾਂ ਦੇ ਨਾਲ ਖੜੀ ਹੈ ਅਤੇ ਕੇਵਲ ਕੁੱਝ ਇਕ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਹੋਛੀ ਰਾਜਨੀਤੀ ਕਰ ਰਹੇ ਹਨ।
ਉਨਾਂ ਕਿਹਾ ਕਿ ਅਜਿਹੇ ਮੌਕੇ ਰਾਜਸੀ ਰੋਟੀਆਂ ਸੇਕਣੀਆਂ ਸ਼ੋਭਾ ਨਹੀਂ ਦਿੰਦੀਆਂ, ਉਲਟਾ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੌਕੇ ਲੋਕਾਂ ਦੇ ਦੁੱਖ ਵਿਚ ਖੜੇ ਹੋਣ ਤੇ ਉਨਾਂ ਨਾਲ ਹਮਦਰਦੀ ਜਤਾਉਣ। ਜਾਖੜ ਨੇ ਕਿਹਾ ਕਿ ਜੋ ਦੋਸ਼ ਵਿਰੋਧੀ ਧਿਰ ਵਾਲੇ ਲਗਾ ਰਹੇ ਹਨ, ਇਹ ਉਨ੍ਹਾਂ ਦਾ ਉਤਰ ਦੇਣ ਜਾਂ ਇਕ ਦੂਸਰੇ 'ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ ਹੈ। ਸਿਵੇ ਠੰਡੇ ਨਹੀਂ ਹੋਏ ਤੇ ਰਾਜਸੀ ਆਗੂ ਆਪਣੇ ਮੁਫਾਦ ਲਈ ਪੁੱਜ ਗਏ। ਉਨਾਂ ਕਿਹਾ ਕਿ ਸਮਾਂ ਆ ਲੈਣ ਦਿਉ, ਮੈਂ ਹਰ ਜਵਾਬ ਦਾ ਉਤਰ ਤੱਥਾਂ ਨਾਲ ਦੇਵਾਂਗਾ। ਉਨ੍ਹਾਂ ਭਰੋਸਾ ਦਿਤਾ ਕਿ ਜਿਥੇ ਹਰ ਮਰੀਜ਼ ਨੂੰ ਪੈਰਾਂ ਸਿਰ ਖੜੇ ਕੀਤਾ ਜਾਵੇਗਾ, ਉਥੇ ਮ੍ਰਿਤਕ ਪਰਵਾਰਾਂ ਦੀ ਸਾਂਭ-ਸੰਭਾਲ ਦਾ ਕੰਮ ਵੀ ਸਰਕਾਰ ਕਰੇਗੀ।