
Patiala News:ਗੁਰਦੁਆਰਾ ਪ੍ਰਬੰਧਕ ਨੇ ਸਾਰੇ ਦੋਸ਼ਾਂ ਨੂੰ ਮੁੱਢ ਤੋਂ ਕੀਤਾ ਰੱਦ
Gurdwara Moti Bagh candles Controversy Patiala : ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸ਼ਰਧਾਲੂਆਂ ਵਲੋਂ ਗੁਰਦੁਆਰਾ ਸਾਹਿਬ ’ਚ ਲਗਾਈਆਂ ਮੋਮਬੱਤੀਆਂ ਨੂੰ ਸੇਵਾਦਾਰਾਂ ਵਲੋਂ ਚੁੱਕ ਕੇ ਇਕ ਪਾਸੇ ਸੁੱਟ ਦਿਤਾ ਗਿਆ। ਮਾਮਲੇ ਦੀ ਇਕ ਵੀਡੀਓ ਇੰਟਰਨੈੱਟ ਮੀਡੀਆ ’ਤੇ ਵੀ ਜਨਤਕ ਹੋ ਗਈ ਹੈ। ਹਾਲਾਂਕਿ, ਗੁਰਦੁਆਰਾ ਪ੍ਰਬੰਧਕ ਇਨ੍ਹਾਂ ਸਾਰੇ ਦੋਸ਼ਾਂ ਨੂੰ ਮੁੱਢ ਤੋਂ ਰੱਦ ਕਰਦੇ ਨਜ਼ਰ ਆ ਰਹੇ ਹਨ।
ਮੀਡੀਆ ’ਤੇ ਪੋਸਟ ਕੀਤੀ ਗਈ ਵੀਡੀਉ ਦੇ ਨਾਲ ਲਿਖਿਆ ਹੈ ਕਿ ਜਦੋਂ ਸ਼ਰਧਾਲੂਆਂ ਨੇ ਗੁਰਦੁਆਰੇ ’ਚ ਅਪਣੀ ਆਸਥਾ ਮੁਤਾਬਕ ਮੋਮਬੱਤੀਆਂ ਲਗਾਈਆਂ ਤਾਂ ਸੇਵਾਦਾਰਾਂ ਨੇ ਉਨ੍ਹਾਂ ਨੂੰ ਬੁਝਾ ਕੇ ਇਕ ਕੰਧ ’ਤੇ ਸੁੱਟ ਦਿਤੀਆਂ। ਇਸ ਦੇ ਬਾਵਜੂਦ ਜਦੋਂ ਇਕ ਪ੍ਰਵਾਰ ਨੇ ਸੇਵਾਦਾਰਾਂ ਦੇ ਇਸ ਕੰਮ ’ਤੇ ਇਤਰਾਜ਼ ਜਤਾਇਆ ਤਾਂ ਸੇਵਾਦਾਰਾਂ ਦਾ ਕਹਿਣਾ ਸੀ ਕਿ ਮੈਨੇਜਮੈਂਟ ਵਲੋਂ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ।
ਦੂਜੇ ਪਾਸੇ, ਗੁਰਦੁਆਰਾ ਸਾਹਿਬ ਦੇ ਇੰਚਾਰਜ ਹਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸੇਵਾਦਾਰਾਂ ਵਲੋਂ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਗਿਆ ਜਿਸ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਝਟਕਾ ਲੱਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵਲੋਂ ਮੋਮਬੱਤੀਆਂ ਲਗਾਉਣ ਲਈ ਮੈਨੇਜਮੈਂਟ ਵਲੋਂ ਵਿਸ਼ੇਸ਼ ਟਰੇਅ ਲਗਾਈ ਗਈ ਹੈ ਤਾਂ ਜੋ ਸ਼ਰਧਾਲੂ ਉਥੇ ਮੋਮਬੱਤੀਆਂ ਲਗਾ ਸਕਣ। ਉਨ੍ਹਾਂ ਕਿਹਾ ਕਿ ਟਰੇਅ ਮੋਮਬੱਤੀਆਂ ਨਾਲ ਭਰ ਜਾਂਦੀ ਹੈ ਹੋ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੇ ਉਸ ਟਰੇਅ ਨੂੰ ਖ਼ਾਲੀ ਕੀਤਾ ਹੋਵੇ ਤਾਂ ਜੋ ਬਾਕੀ ਸ਼ਰਧਾਲੂਆਂ ਨੂੰ ਮੋਮਬੱਤੀਆਂ ਲਗਾਉਣ ਲਈ ਥਾਂ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮੋਮਬੱਤੀਆਂ ਬੁਝਾ ਰਹੇ ਹਨ, ਉਹ ਮੁਲਾਜ਼ਮ ਨਹੀਂ ਹਨ।
ਪਟਿਆਲਾ ਤੋਂ ਪਰਮਿੰਦਰ ਸਿੰਘ ਰਾਏਪੁਰ ਦੀ ਰਿਪੋਰਟ