
14.72 ਕਰੋੜ ਰਾਸ਼ੀ 'ਚੋਂ 12.30 ਕਰੋੜ ਰਾਸ਼ੀ ਵੰਡ ਕੇ ਪਹਿਲਾ ਨੰਬਰ ਕੀਤਾ ਪ੍ਰਾਪਤ
ਸ੍ਰੀ ਮੁਕਤਸਰ ਸਾਹਿਬ : ਸਾਡੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਜੇਕਰ ਹੜ੍ਹ ਪੀੜਤਾਂ ਲਈ ਸਰਕਾਰੀ ਗਰਾਂਟ ਹੀ ਵੰਡ ਦਿੰਦੇ ਤਾਂ ਕਈ ਹੋਰ ਹੜ੍ਹ ਪੀੜਤ ਪ੍ਰਵਾਰਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਸੀ। ਪਰ ਇਹ ਮਦਦ ਦੇਣ ਤੋਂ ਸਾਡੇ ਕੁੱਝ ਮੈਂਬਰ ਲੋਕ ਸਭਾ ਅਤੇ ਰਾਜ ਸਭਾ ਵਾਂਝੇ ਰਹੇ ਗਏ। ਕਾਨੂੰਨ ਮੁਤਾਬਕ ਇਕ ਲੋਕ ਸਭਾ ਮੈਂਬਰ ਅਪਣੇ ਹਲਕੇ ਵਿਚ ਹਰ ਸਾਲ 5 ਕਰੋੜ ਰੁਪਏ ਹੀ ਗਰਾਂਟ ਵੰਡ ਸਕਦਾ ਹੈ, ਜਦੋਂ ਕਿ ਰਾਜ ਸਭਾ ਮੈਂਬਰ ਜੋ ਸਾਰੇ ਵਿਧਾਇਕਾਂ ਦੀਆਂ ਵੋਟਾਂ ਨਾਲ ਘੋਸ਼ਿਤ ਹੁੰਦਾ ਹੈ, ਇਸ ਕਰ ਕੇ ਸਾਰੇ ਸੂਬੇ ਵਿਚ ਕਿਤੇ ਵੀ ਲੋੜ ਵਾਲੀ ਥਾਂ ਤੇ ਹਰ ਸਾਲ ਮਿਲਣ ਵਾਲੀ ਪੰਜ ਕਰੋੜ ਦੀ ਗਰਾਂਟ ਮਦਦ ਲਈ ਦੇ ਸਕਦਾ ਹੈ।
ਬੀਤੇ ਸਮੇਂ ਪੰਜਾਬ ਵਿਚ ਹੜ੍ਹਾਂ ਨਾਲ ਕਰੀਬ 8-10 ਜ਼ਿਲਿ੍ਹਆਂ ਦੇ ਕਰੀਬ 1500 ਤੋਂ ਵੱਧ ਪਿੰਡ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ, ਜਿਨ੍ਹਾਂ ਨੂੰ ਪੈਰੀ ਖੜ੍ਹਾ ਕਰਨ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਉਘੇ ਸਮਾਜਸੇਵੀ, ਕਲਾਕਾਰ, ਅਦਾਕਾਰ ਬਲਕਿ ਗ਼ਰੀਬ ਤੋਂ ਗ਼ਰੀਬ ਵੀ ਤਿਲ ਫੁਲ ਪਾਉਂਦਾ ਸੋਸ਼ਲ ਮੀਡੀਏ ’ਤੇ ਦੇਖਿਆ ਗਿਆ ਹੈ ਪਰ ਸਾਡੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਹੜ੍ਹ ਮਾਰੇ ਇਲਾਕਿਆਂ ਵਿਚ ਘੁੰਮਦੇ ਤਾਂ ਦੇਖੇ ਗਏ, ਪਰ ਜਦੋਂ (ਇਕ ਦੋ ਨੂੰ ਛੱਡ) ਉਨ੍ਹਾਂ ਨੂੰ ਮਿਲ ਰਹੇ ਸਰਕਾਰੀ ਫ਼ੰਡਾਂ ’ਤੇ ਨਜ਼ਰ ਮਾਰੀਏ ਤਾਂ ਕਹਾਣੀ ਚਿੰਤਾਜਨਕ ਅਤੇ ਦੁਖਦਾਈ ਨਜ਼ਰ ਆ ਰਹੀ ਹੈ। ਇਹ ਹਕੀਕਤ ਸਾਹਮਣੇ ਆਉਣ ਤੇ ਇਕ ਸ਼ਖ਼ਸੀਅਤ ਨੇ ਅਪਣੀ ਗੱਲਬਾਤ ਦੌਰਾਨ ਦਸਿਆ ਕਿ ਇਕੋ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵਿਚੋਂ ਸੱਭ ਤੋਂ ਵੱਧ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਇਕ ਅਕਤੂਬਰ 2025 ਤਕ ਮਿਲੀ 14.72 ਕਰੋੜ ਰਾਸ਼ੀ ਵਿਚੋਂ 12.30 ਕਰੋੜ (83%) ਵੰਡ ਕੇ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ। ਜਦੋਂ ਕਿ ਦੂਜੇ ਨੰਬਰ ’ਤੇ ਰਹੇ ਵਿਕਰਮਜੀਤ ਸਿੰਘ ਸਾਹਨੀ, ਹੁਣ ਤਕ ਮਿਲੇ 14.72 ਕਰੋੜ ਵਿਚੋਂ 5.76 ਕਰੋੜ ਖ਼ਰਚ ਕੇ 50 ਫ਼ੀ ਸਦੀ ਤੋਂ ਵੀ ਥੱਲੇ ਹਨ।
ਇਸੇ ਤਰ੍ਹਾਂ ਕ੍ਰਿਕਟ ਹਰਭਜਨ ਸਿੰਘ ਪ੍ਰਾਪਤ ਹੋਏ 17.19 ਕਰੋੜ ਵਿਚੋਂ 5.74 ਕਰੋੜ ਹੀ ਵੰਡ ਕੇ ਤੀਜੇ ਸਥਾਨ ’ਤੇ ਹਨ। ਇਸੇ ਤਰਾਂ ਲਵਲੀ ਯੂਨੀਵਰਸਿਟੀ ਵਾਲੇ ਅਸ਼ੋਕ ਮਿੱਤਲ ਅਪਣੇ ਮਿਲੇ 17..35 ਕਰੋੜ ਵਿਚੋਂ 2.35 ਕਰੋੜ ਹੀ ਵਰਤ ਸਕੇ ਹਨ। ਜਦੋਂ ਕਿ ਸੰਦੀਪ ਪਾਠਕ ਜੋ ਪੰਜਾਬ ਦੇ ਸਿਪਾਸਲਾਰ ਵੀ ਰਹੇ, ਨੂੰ ਮਿਲਣ ਵਾਲੇ 18.32 ਕਰੋੜ ਵਿਚੋਂ ਸਿਰਫ਼ ਦੋ ਕਰੋੜ ਹੀ ਖ਼ਰਚ ਕਰ ਸਕੇ ਹਨ। ਇਸੇ ਤਰ੍ਹਾਂ ਰਾਘਵ ਚੱਢਾ ਹੁਣ ਤਕ ਮਿਲਣ ਵਾਲੇ 18.82 ਕਰੋੜ ਵਿਚੋਂ ਸਿਰਫ਼ 70,86,378 ਰੁਪਏ ਹੀ ਖ਼ਰਚ ਕਰ ਸਕੇ ਹਨ। ਜਦੋਂ ਕਿ ਸਤਵੇਂ ਰਾਜ ਸਭਾ ਮੈਂਬਰ ਹੁਣ ਲੁਧਿਆਣੇ ਤੋਂ ਵਿਧਾਇਕ ਬਣਨ ਉਪਰੰਤ ਕੈਬਨਿਟ ਮੰਤਰੀ ਹਨ ਤੇ ਉਨ੍ਹਾਂ ਦੀ ਥਾਂ ਰਜਿੰਦਰ ਗੁਪਤਾ ਨਵੇਂ ਰਾਜ ਸਭਾ ਮੈਂਬਰ ਬਣੇ ਹਨ। ਇਸ ਤਰ੍ਹਾਂ ਰਾਜ ਸਭਾ ਮੈਂਬਰ ਹੁਣ ਤਕ ਮਿਲੇ ਕੁਲ 118. 47 ਕਰੋੜ ਵਿਚੋਂ ਸਿਰਫ਼ 28.86 ਕਰੋੜ ਹੀ ਵੰਡ ਸਕੇ ਹਨ।