
ਕਈ ਥਾਈਂ ਸੜਕਾਂ ਵਿਚ ਭਰਿਆ ਪਾਣੀ
ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਜਿਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉਥੇ ਹੀ ਇਸ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਵਧ ਸਕਦਾ ਹੈ। ਮੌਸਮ ਵਿਭਾਗ ਵਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਗਲੇ 3 ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਏਸ਼ੀਆ ਦੀ ਸੱਭ ਵੱਡੀ ਪਿਆਜ਼ ਮੰਡੀ ਦੋ ਦਿਨ ਤੋਂ ਬੰਦ; 5 ਸੂਬਿਆਂ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ 12-13 ਜ਼ਿਲ੍ਹਿਆਂ ਵਿਚ 23 ਤੋਂ 25 ਅਗਸਤ ਤਕ ਤੇਜ਼ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਉਥੇ ਹੀ ਇਸੇ ਵਿਚਕਾਰ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਆਸਾਰ ਹਨ। ਪੰਜਾਬ ਵਿਚ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ। ਅਜਿਹੇ ਵਿਚ ਭਾਰੀ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਦਾ ਖਤਰਾ ਮੰਡਰਾ ਰਿਹਾ ਹੈ। ਉਧਰ ਚੰਡੀਗੜ੍ਹ-ਪੰਚਕੂਲਾ ਸਮੇਤ ਹਰਿਆਣਾ ਦੇ ਕਈ ਇਲਾਕਿਆਂ 'ਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਜਾਰੀ ਹੈ। ਭਾਰੀ ਮੀਂਹ ਕਾਰਨ ਸੜਕਾਂ ਵਿਚ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਨੌਜਵਾਨ ਪਾਣੀ ਵਿਚ ਰੁੜ੍ਹਿਆ
ਹਿਮਾਚਲ ਪ੍ਰਦੇਸ਼ ਵਿਚ ਵੀ ਅਲਰਟ ਜਾਰੀ
ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ 'ਚ ਰਾਤ ਸਮੇਂ ਭਾਰੀ ਮੀਂਹ ਪਿਆ। ਸ਼ਿਮਲਾ ਦੇ ਵਿਜੇਨਗਰ 'ਚ ਪਾਣੀ ਦਾਖਲ ਹੋਣ ਕਾਰਨ ਰਾਤ ਨੂੰ ਦੋ ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਸੂਬੇ ਦੇ ਹੋਰ ਸ਼ਹਿਰਾਂ 'ਚ ਵੀ ਕਈ ਥਾਵਾਂ 'ਤੇ ਬਿਜਲੀ ਡਿੱਗਣ ਅਤੇ ਮੀਂਹ ਕਾਰਨ ਨੁਕਸਾਨ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਸ਼ਿਮਲਾ ਫੋਰਲੇਨ ਨੂੰ ਸੋਲਨ ਦੇ ਚੱਕੀ ਮੋੜ ਨੇੜੇ ਮੁੜ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਢਿੱਗਾਂ ਡਿੱਗਣ ਕਾਰਨ ਬਦਲਵੀਂ ਸੜਕ ਵੀ ਬੰਦ ਹੋ ਗਈ ਹੈ। ਸੜਕ ਤੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਨੌਜਵਾਨ ਨਾਲ ਵਾਪਰਿਆ ਹਾਦਸਾ; ਮੌਤ
ਮੌਸਮ ਵਿਭਾਗ ਨੇ 23-24 ਅਗਸਤ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਅਗਲੇ ਕੁੱਝ ਘੰਟਿਆਂ ਦੌਰਾਨ ਸੋਲਨ, ਸ਼ਿਮਲਾ, ਸਿਰਮੌਰ, ਹਮੀਰਪੁਰ, ਊਨਾ ਮੰਡੀ, ਕਾਂਗੜਾ, ਚੰਬਾ, ਕੁੱਲੂ, ਕਿਨੌਰ ਅਤੇ ਲਾਹੌਲ ਸਪਿਤੀ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਸਰਕਾਰ ਨੇ ਲੋਕਾਂ ਨੂੰ ਨਦੀਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿਚ ਯਾਤਰਾ ਨਾ ਕਰਨ ਦੀ ਸਲਾਹ ਦਿਤੀ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਵਲੋਂ ਪ੍ਰਸ਼ਾਸਕੀ ਸੇਵਾਵਾਂ ਲਈ ਸਿੱਖ ਨੌਜੁਆਨਾਂ ਨੂੰ ਦਿਤੀ ਜਾਵੇਗੀ ਮੁਫ਼ਤ ਕੋਚਿੰਗ
ਇਸ ਦੌਰਾਨ ਕੁੱਝ ਇਲਾਕਿਆਂ 'ਚ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਸੂਬੇ 'ਚ 25 ਤਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ 26 ਅਗਸਤ ਤੋਂ ਮਾਨਸੂਨ ਦੇ ਕਮਜ਼ੋਰ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਸ਼ਿਮਲਾ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲਜ ਅੱਜ ਅਤੇ ਕੱਲ੍ਹ ਲਈ ਬੰਦ ਕਰ ਦਿਤੇ ਗਏ ਹਨ, ਜਦਕਿ ਸੋਲਨ, ਸਿਰਮੌਰ ਅਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਵਿਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁੱਝ ਸਬ-ਡਵੀਜ਼ਨਾਂ ਵਿਚ ਵੀ ਐਸਡੀਐਮ ਵਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ।