
ਦੋ ਮਹੀਨਿਆਂ ਵਿਚ ਜ਼ਮੀਨ ਖਿਸਕਣ ਦੀਆਂ 112 ਘਟਨਾਵਾਂ ਅਤੇ ਬੱਦਲ ਫਟਣ ਦੀਆਂ 4 ਤੋਂ 5 ਘਟਨਾਵਾਂ ਵਾਪਰੀਆਂ
ਚੰਡੀਗੜ੍ਹ: ਪਿਛਲੇ 4 ਦਿਨਾਂ ਤੋਂ ਪੈ ਰਹੇ ਮੀਂਹ ਨੇ ਹਿਮਾਚਲ ਦੇ ਕਈ ਹਿੱਸਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਪਿਛਲੇ ਇਕ ਹਫ਼ਤੇ ਵਿਚ ਮਾਨਸੂਨ ’ਚ ਆਮ ਕੋਟੇ ਨਾਲੋਂ 103 ਫ਼ੀ ਸਦੀ ਜ਼ਿਆਦਾ ਮੀਂਹ ਪਿਆ ਹੈ। ਦੋ ਮਹੀਨਿਆਂ ਵਿਚ ਜ਼ਮੀਨ ਖਿਸਕਣ ਦੀਆਂ 112 ਘਟਨਾਵਾਂ ਅਤੇ ਬੱਦਲ ਫਟਣ ਦੀਆਂ 4 ਤੋਂ 5 ਘਟਨਾਵਾਂ ਵਾਪਰੀਆਂ। ਇਸ ਕਾਰਨ 7200 ਕਰੋੜ ਰੁਪਏ ਦੀ ਅਚੱਲ ਜਾਇਦਾਦ ਨਸ਼ਟ ਹੋ ਗਈ। 327 ਲੋਕਾਂ ਦੀ ਜਾਨ ਚਲੀ ਗਈ, 1762 ਘਰ ਧਸ ਗਏ।
ਇੰਨੇ ਵੱਡੇ ਨੁਕਸਾਨ ਲਈ ਪਹਿਲੀ ਵਾਰ ਸੂਬਾ ਸਰਕਾਰ ਨੇ ਕੇਂਦਰ ਨੂੰ 6600 ਕਰੋੜ ਰੁਪਏ ਦੀ ਤਜਵੀਜ਼ ਭੇਜੀ ਹੈ। ਇਸ ਤੋਂ ਪਹਿਲਾਂ ਸੱਭ ਤੋਂ ਵੱਧ ਨੁਕਸਾਨ ਦਾ ਅੰਕੜਾ 2500 ਕਰੋੜ ਰੁਪਏ ਸੀ। ਸੂਬੇ 'ਚ 950 ਸੜਕਾਂ ਬੰਦ ਹਨ, ਜਿਸ ਕਾਰਨ ਸ਼ਿਮਲਾ, ਅੱਪਰ ਸ਼ਿਮਲਾ, ਕੁੱਲੂ, ਮਨਾਲੀ, ਲਾਹੌਲ ਸਪਿਤੀ, ਚੰਬਾ, ਕਿਨੌਰ ਦੇ ਕਈ ਹਿੱਸਿਆਂ 'ਚ ਦੁੱਧ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿਚ 5 ਭਾਰਤੀਆਂ ਸਣੇ 21 ਸ਼ੱਕੀ ਬਾਲ ਤਸਕਰ ਗ੍ਰਿਫ਼ਤਾਰ
ਪੰਜਾਬ ਦੇ 8 ਜ਼ਿਲ੍ਹੇ ਹੋਏ ਪ੍ਰਭਾਵਤ
ਇਸ ਦੇ ਨਾਲ ਹੀ ਕਰੀਬ 35 ਸਾਲਾਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿਤੇ ਗਏ ਹਨ ਅਤੇ ਡੈਮ ਵਿਚ ਜਮ੍ਹਾਂ ਵਾਧੂ ਪਾਣੀ ਪੰਜਾਬ ਵਿਚ ਛੱਡਿਆ ਜਾ ਰਿਹਾ ਹੈ। ਇਸ ਕਾਰਨ 8 ਜ਼ਿਲ੍ਹਿਆਂ ਹੁਸ਼ਿਆਰਪੁਰ, ਰੋਪੜ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ ਵਿਚ ਮੁੜ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਦੋ ਦਿਨਾਂ ਲਈ ਹਿਮਾਚਲ ਵਿਚ ਕਮਜ਼ੋਰ ਮਾਨਸੂਨ ਦੀ ਭਵਿੱਖਬਾਣੀ ਜਾਰੀ ਕੀਤੀ ਹੈ, ਪਰ ਕੁੱਝ ਮੱਧ-ਉਚਾਈ ਵਾਲੇ ਇਲਾਕਿਆਂ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕੁੱਲੂ, ਮੰਡੀ, ਚੰਬਾ, ਹਮੀਰਪੁਰ, ਬਿਲਾਸਪੁਰ, ਸੋਲਨ, ਊਨਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਫ਼ੋਨ ਉਤਪਾਦਕ ਬਣਿਆ ਭਾਰਤ, 200 ਕਰੋੜ ਯੂਨਿਟ ਨਿਰਮਾਣ ਦਾ ਅੰਕੜਾ ਪਾਰ
ਸੇਬ ਉਤਪਾਦਕਾਂ ਨੂੰ ਭਾਰੀ ਨੁਕਸਾਨ
ਹਿਮਾਚਲ ਵਿਚ ਦੋ ਮਹੀਨਿਆਂ ਦੌਰਾਨ ਹੋਈ ਬਾਰਸ਼ ਕਾਰਨ ਸੇਬ ਉਤਪਾਦਕਾਂ ਨੂੰ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। 1 ਜੂਨ ਤੋਂ 15 ਅਗੱਸਤ ਤਕ ਸੂਬੇ ਵਿਚ 732.1 ਮਿਲੀਮੀਟਰ ਵਰਖਾ ਹੋਈ, ਜੋ ਕਿ ਸੀਜ਼ਨ ਦੀ ਆਮ ਵਰਖਾ ਨਾਲੋਂ 45% ਵੱਧ ਹੈ। ਇਸ ਕਾਰਨ ਬਾਗਾਂ ਵਿਚ ਤਿਆਰ ਕੀਤੇ ਜਾ ਰਹੇ ਸੇਬ ਡਿੱਗ ਗਏ। ਹਿਮਾਚਲ ਹਰ ਸਾਲ ਸੇਬਾਂ ਦੇ 3 ਤੋਂ 4 ਕਰੋੜ ਡੱਬੇ ਪੈਦਾ ਕਰਦਾ ਹੈ। ਹਰੇਕ ਡੱਬੇ ਦਾ ਭਾਰ 24 ਤੋਂ 28 ਕਿਲੋਗ੍ਰਾਮ ਤਕ ਹੁੰਦਾ ਹੈ। ਇਸ ਵਾਰ ਇਕ ਤੋਂ 1.50 ਕਰੋੜ ਡੱਬੇ ਬਣਾਏ ਜਾਣ ਦਾ ਅਨੁਮਾਨ ਹੈ। ਅਰਥਵਿਵਸਥਾ ਵਿਚ ਸੇਬ ਦੀ ਸਾਲਾਨਾ ਹਿੱਸੇਦਾਰੀ 5 ਤੋਂ 6 ਹਜ਼ਾਰ ਕਰੋੜ ਰੁਪਏ ਹੈ। ਇਸ ਬਾਰਸ਼ ਕਾਰਨ ਲਗਭਗ 1000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਹੁਣ ਰਾਜਪਾਲ ਨੇ ਭਗਵੰਤ ਮਾਨ ਦੀ ਰਾਜ ਭਵਨ ਦੇ ਐਟ ਹੋਮ ’ਚ ਗ਼ੈਰ ਹਾਜ਼ਰੀ ’ਤੇ ਤਿੱਖਾ ਵਿਅੰਗ ਕਸਿਆ
ਭੂ-ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਮਾਧਵਨ ਰਾਜੀਵਨ ਨਾਇਰ ਅਨੁਸਾਰ ਜੁਲਾਈ ਅਤੇ ਅਗੱਸਤ ਸੱਭ ਤੋਂ ਵੱਧ ਮੀਂਹ ਵਾਲੇ ਮਹੀਨੇ ਹਨ। ਜਦੋਂ ਮਾਨਸੂਨ ਦੀ ਬਰੇਕ ਹੁੰਦੀ ਹੈ ਤਾਂ ਬੱਦਲ ਪਹਾੜਾਂ 'ਤੇ ਇਕੱਠੇ ਹੋ ਜਾਂਦੇ ਹਨ ਅਤੇ ਇਥੇ ਭਾਰੀ ਮੀਂਹ ਪੈਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਆਮ ਤੌਰ 'ਤੇ ਬਰੇਕ ਇਕ ਹਫ਼ਤੇ ਤਕ ਰਹਿੰਦੀ ਹੈ। ਇਸ ਦੌਰਾਨ ਮਾਨਸੂਨ ਦੀ ਬੱਦਲ ਰੇਖਾ ਹਿਮਾਲਿਆ ਨੂੰ ਛੂਹਦੀ ਹੋਈ ਲੰਘਦੀ ਹੈ। ਇਸ ਵਾਰ 6 ਅਗੱਸਤ ਤੋਂ ਹੁਣ ਤਕ 11 ਦਿਨ ਦੀ ਬਰੇਕ ਹੋ ਚੁੱਕੀ ਹੈ। ਇਸ ਕਾਰਨ ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਅਤੇ ਬੱਦਲ ਹਿਮਾਚਲ ਅਤੇ ਉਤਰਾਖੰਡ ਵਿਚ ਲਗਾਤਾਰ ਇਕੱਠੇ ਹੋ ਗਏ ਅਤੇ ਇਥੇ ਮੀਂਹ ਪਿਆ।