
Punjab News: ਕਪੂਰਥਲਾ ਦੇ ਪਿੰਡ ਨੱਥੂ ਚਾਹਲ ਦਾ ਰਹਿਣ ਵਾਲਾ ਏਕਮ ਹੁਣ ਮਾਪਿਆਂ ਨਾਲ ਰਹਿ ਰਿਹਾ ਅਮਰੀਕਾ
12-year-old Ekam wrote a 154-page book in 30 days: ਇਨਸਾਨ ਦੀ ਜ਼ਿੰਦਗੀ ਵਿਚ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜੋ ਉਸ ਦੀ ਸੋਚ ਅਤੇ ਉਸ ਦੇ ਅਨੁਮਾਨਾਂ ਨੂੰ ਬਦਲ ਕੇ ਰੱਖ ਦਿੰਦਾ ਹੈ ਅਤੇ ਅਜਿਹਾ ਸਮਾਂ ਕਈ ਵਾਰ ਇਨਸਾਨ ਦੇ ਮਨ ਵਿਚ ਇੰਨਾ ਗਹਿਰਾ ਪ੍ਰਭਾਵ ਛੱਡ ਜਾਂਦਾ ਹੈ ਕਿ ਇਨਸਾਨ ਉਸ ਨੂੰ ਕਿਤਾਬੀ ਰੂਪ ਦੇ ਦਿੰਦਾ ਹੈ। ਇਸ ਤਰ੍ਹਾਂ ਦਾ ਹੀ ਸਮਾਂ ਇਕ ਬੱਚੇ ਦੀ ਜ਼ਿੰਦਗੀ ਵਿਚ ਆਉਂਦਾ ਹੈ ਅਤੇ ਉਹ ਸਮਾਂ ਉਸ ਦੇ ਦਿਮਾਗ ’ਤੇ ਇੰਨਾ ਗਹਿਰਾ ਅਸਰ ਪਾਉਂਦਾ ਹੈ ਕਿ ਬੱਚਾ ਉਸ ਪੂਰੇ ਘਟਨਾਕ੍ਰਮ ਨੂੰ ਕਿਤਾਬ ਦਾ ਰੂਪ ਦੇ ਦਿੰਦਾ ਹੈ।
ਕਪੂਰਥਲਾ ਦੇ ਪਿੰਡ ਨੱਥੂ ਚਾਹਲ ਦੇ ਅਮਰੀਕਾ ਦੀ ਧਰਤੀ ’ਤੇ ਰਹਿ ਰਹੇ ਕਮਲਜੀਤ ਸਿੰਘ ਦੇ ਪੁੱਤਰ ਏਕਮ ਚਾਹਲ ਨੇ 12 ਸਾਲ ਉਮਰ ਵਿਚ ਹੀ ਇਕ ਮਹੀਨੇ ਦੀ ਮਿਹਨਤ ਤੋਂ ਬਾਅਦ 154 ਪੰਨਿਆਂ ਦੀ ਕਿਤਾਬ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਹੈ।
ਏਕਮ ਚਾਹਲ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਵੈਲਟਰ ਵੂਡਵਾਰਡ ਐਲੀਮੈਂਟਰੀ ਸਕੂਲ ਵਿਚ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ। ਏਕਮ ਦੀ ਲਿਖੀ ਕਿਤਾਬ (ਫ਼ਲਾਈਟ ਆਫ਼ ਹਾਉਂਟਡ ਹਾਰਵੈਸਟ) ਐਮਾਜ਼ੋਨ ’ਤੇ ਉਪਲਬੱਧ ਹੈ ਅਤੇ ਉਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕਿਤਾਬ ਵਿਚ ਲਿਖੀ ਕਹਾਣੀ ਇਕ ਅਜਿਹੇ ਬੱਚੇ ’ਤੇ ਆਧਾਰਤ ਹੈ ਜੋ ਵਿਦੇਸ਼ੀ ਧਰਤੀ ’ਤੇ ਰਹਿ ਰਿਹਾ ਹੁੰਦਾ ਹੈ ਅਤੇ ਉਸ ਦੇ ਅਪਣੇ ਜੱਦੀ ਮੁਲਕ ਬਾਰੇ ਖ਼ਿਆਲ ਬਹੁਤੇ ਚੰਗੇ ਨਹੀਂ ਹੁੰਦੇ, ਵਿਦੇਸ਼ ਵਿਚ ਰਹਿੰਦੇ ਹੋਏ ਉਸ ਦੇ ਅਪਣੇ ਜੱਦੀ ਮੁਲਕ ਤੋਂ ਆਉਂਦੀਆਂ ਲੁੱਟ-ਖੋਹ ਦੀਆਂ ਘਟਨਾਵਾਂ ਤੇ ਹੋਰ ਮਾੜੀਆਂ ਖ਼ਬਰਾਂ ਉਸ ਦੇ ਦਿਮਾਗ ’ਤੇ ਮਾੜਾ ਅਸਰ ਕਰਦੀਆਂ ਹਨ ਅਤੇ ਉਹ ਅਪਣੇ ਜੱਦੀ ਵਤਨ ਜਾਣ ਤੋਂ ਡਰਦਾ ਹੈ।
ਇਸ ਦੌਰਾਨ ਜਦੋਂ ਉਹ ਅਪਣੇ ਮਾਤਾ-ਪਿਤਾ ਨਾਲ ਅਪਣੇ ਜੱਦੀ ਮੁਲਕ ਜਾਂਦਾ ਹੈ ਅਤੇ ਜਹਾਜ਼ ਵਿਚ ਸਫ਼ਰ ਦੌਰਾਨ ਉਸ ਨੂੰ ਇਕ ਸੁਪਨਾ ਆਉਂਦਾ ਹੈ ਅਤੇ ਸੁਪਨੇ ਵਿਚ ਉਸ ਦੇ ਮਾਤਾ ਪਿਤਾ ਉਸ ਨਾਲੋਂ ਵਿਛੜ ਜਾਂਦੇ ਹਨ। ਇਹ ਕਿਤਾਬ ਏਕਮ ਚਾਹਲ ਵਲੋਂ ਬੀਤੇ ਸਮੇਂ ਵਿਚ ਅਪਣੇ ਮਾਤਾ ਪਿਤਾ ਨਾਲ ਪੰਜਾਬ ਆ ਕੇ ਅਪਣੇ ਦਾਦਾ-ਦਾਦੀ ਨੂੰ ਮਿਲਣ ਤੋਂ ਬਾਅਦ ਵਾਪਸ ਅਮਰੀਕਾ ਜਾ ਕੇ ਲਿਖੀ ਗਈ।