
ਮੁਲਜ਼ਮ ਦੀ ਪਛਾਣ ਰਿਤਿਕ ਵਜੋਂ ਹੋਈ ਹੈ ਜੋ ਕੰਪਿਊਟਰ ਆਪਰੇਟਰ ਹੈ।
ਮੁਹਾਲੀ- ਹਾਲ ਹੀ 'ਚ ਡੇਰਾਬੱਸੀ 'ਚ ਰਜਿਸਟ੍ਰੇਸ਼ਨ ਕਰਵਾਉਣ ਲਈ ਫਰਜ਼ੀ ਐਨਓਸੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਥੇ 169 ਫਰਜ਼ੀ ਐਨਓਸੀ ਫੜੇ ਗਏ ਹਨ। ਡੇਰਾਬੱਸੀ ਵਿੱਚ ਚਾਰ ਨਕਸ਼ੇ ਅਤੇ ਦੋ ਪਰਮਿਟ ਵੀ ਜਾਅਲੀ ਪਾਏ ਗਏ। ਇਸ ਦੇ ਨਾਲ ਹੀ ਜ਼ੀਰਕਪੁਰ ਵਿਚ 125, ਲਾਲੜੂ ਵਿਚ 29 ਅਤੇ ਨਵਾਂਗਾਓਂ ਵਿਚ ਤਿੰਨ ਜਾਅਲੀ ਐਨ.ਓ.ਸੀ. ਮਿਲ ਚੁੱਕੀਆਂ ਹਨ।
ਜਦੋਂ ਤੋਂ ਜਾਂਚ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਜਾਅਲੀ ਐਨਓਸੀ ਲੈਣ ਦੇ ਕੰਮ ਵਿਚ ਲੱਗੇ ਲੋਕ ਰੂਪੋਸ਼ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਜਲਦ ਹੀ ਮੁਹਾਲੀ ਅਤੇ ਖਰੜ 'ਚ ਵੀ ਜਾਅਲੀ NOC ਦੀ ਜਾਂਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਐਤਵਾਰ ਨੂੰ ਪੁਲਿਸ ਨੇ ਤਹਿਸੀਲ ਵਿਚ ਜਾਅਲੀ ਐਨਓਸੀ ਤਿਆਰ ਕਰਕੇ ਪਲਾਟ ਰਜਿਸਟਰਡ ਕਰਵਾਉਣ ਦੇ ਮਾਮਲੇ ਵਿਚ ਨਾਮਜ਼ਦ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਿਤਿਕ ਵਜੋਂ ਹੋਈ ਹੈ ਜੋ ਕੰਪਿਊਟਰ ਆਪਰੇਟਰ ਹੈ।
ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ। ਜਾਣਕਾਰੀ ਮੁਤਾਬਕ ਰਿਤਿਕ ਕੰਪਿਊਟਰ ’ਤੇ ਜੋ ਰਜਿਸਟਰੀਆਂ ਲਿਖਦਾ ਸੀ, ਉਹ ਇਸ ਕੇਸ ਦੀ ਅਹਿਮ ਕੜੀ ਸੀ ਕਿਉਂਕਿ ਉਹ ਸੁਰੇਸ਼ ਜੈਨ ਨਾਲ ਮਿਲ ਕੇ ਕੰਪਿਊਟਰ 'ਤੇ ਰਜਿਸਟਰੀਆਂ ਲਿਖਦਾ ਸੀ ਤੇ ਜਾਅਲੀ NOC ਤਿਆਰ ਕਰਦਾ ਸੀ।
ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ 'ਚ ਅਹਿਮ ਖੁਲਾਸੇ ਹੋ ਸਕਦੇ ਹਨ ਕਿਉਂਕਿ ਪੁਲਿਸ ਰਿਮਾਂਡ 'ਚ ਇਹ ਖੁਲਾਸਾ ਹੋ ਸਕਦਾ ਹੈ ਕਿ ਉਸ ਤੋਂ ਫਰਜ਼ੀ ਐਨਓਸੀ ਕੌਣ ਖਰੀਦਦਾ ਸੀ ਜਾਂ ਅੱਗੇ ਕਿਸ ਨੂੰ ਵੇਚਦਾ ਸੀ ਅਤੇ ਇਸ ਦੇ ਬਦਲੇ ਕਿੰਨੇ ਪੈਸੇ ਲੈਂਦਾ ਸੀ।