
ਸਿਰਫ 1130 ਰੁਪਏ ਨਾਲ ਨੰਗਲ ਤੋਂ ਏਅਰਪੋਰਟ ਟਰਮੀਨਲ ਤਕ ਦੇ ਕਿਰਾਏ ਨਾਲ਼ ਹੋਵੇਗਾ ਸਫ਼ਰ
ਨੰਗਲ: ਏਅਰਪੋਰਟ ਦਿੱਲੀ ਲਈ ਸਰਕਾਰੀ ਵੋਲਵੋ ਬੱਸ ਸਰਵਿਸ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਖਤਮ ਹੋਇਆ ਹੈ ਜਦਕਿ ਪਹਿਲਾਂ ਇਹ ਕੰਪਨੀਆਂ ਆਪਣੀ ਮਨਮਰਜੀ ਨਾਲ 3000 ਰੁਪਏ ਤੋਂ 3500 ਰੁਪਏ ਤੱਕ ਕਿਰਾਇਆ ਵਸੂਲ ਕਰਦਿਆਂ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨੰਗਲ ਤੋਂ ਨਵੀਂ ਵੋਲਵੋ ਬੱਸ ਨੂੰ ਹਰੀ ਝੰਡੀ ਦਿੰਦਿਆਂ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਸਨ।
ਟਰਾਂਸਪੋਰਟ ਮੰਤਰੀ ਨੇ ਇੱਥੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੂਨ 2022 ਨੂੰ ਜਲੰਧਰ ਤੋਂ ਵਿਦੇਸ਼ੀ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਜਦਕਿ ਸੂਬੇ ਦੇ ਵੱਖ ਵੱਖ ਸ਼ਹਿਰਾਂ ਤੋਂ ਮਹਿਜ਼ ਕੁਝ ਸਮੇਂ ਦੌਰਾਨ ਹੀ ਲਗਭਗ 80,000 ਯਾਤਰੀਆਂ ਨੇ ਇਸ ਸੇਵਾ ਦਾ ਲਾਭ ਲਿਆ। ਯਾਤਰੀਆਂ ਦੇ ਅੰਕੜੇ ਇਸ ਸੇਵਾ ਦੀ ਸਫਲਤਾ ਨੂੰ ਸਾਬਿਤ ਕਰਦੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਇਸ ਸੇਵਾ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਨੰਗਲ ਸ਼ਹਿਰ ਤੋਂ ਆਈ ਜੀ ਆਈ ਏਅਰਪੋਰਟ ਦਿੱਲੀ (ਟਰਮੀਨਲ-3) ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੇ ਪੱਧਰ ਉੱਤੇ ਲਾਭ ਮਿਲੇਗਾ ਜਿਸ ਨਾਲ ਉਹ ਰੋਜ਼ਾਨਾ ਦੁਪਹਿਰ 1:30 ਵਜੇ ਤੋਂ ਸਿਰਫ 1130 ਰੁਪਏ ਦੇ ਕਿਰਾਏ ਨਾਲ਼ ਇਹ ਸਫ਼ਰ ਤੈਅ ਕਰ ਸਕਣਗੇ। ਇਹ ਬੱਸ ਰਾਤ 11:40 ਤੋਂ ਏਅਰਪੋਰਟ ਦੇ ਪਬਲਿਕ ਟਰਾਂਸਪੋਰਟ ਸੈਂਟਰ ਤੋਂ ਅਤੇ ਆਈ ਐਸ ਬੀ ਟੀ ਦਿੱਲੀ ਤੋਂ ਰਾਤ 12:50 ਵਜੇ ਚੱਲੇਗੀ।
ਲਾਲਜੀਤ ਭੁੱਲਰ ਨੇ ਅੱਗੇ ਦੱਸਿਆ ਕਿ ਘੱਟ ਕਿਰਾਏ ਵਾਲੀ ਸਰਕਾਰੀ ਵੋਲਵੋ ਬੱਸ ਸਰਵਿਸ ਦੇ ਵੱਡੀ ਗਿਣਤੀ ਵਿਚ ਚੱਲਣ ਕਾਰਨ ਹੁਣ ਨਿੱਜੀ ਬੱਸਾਂ ਨੇ ਵੀ ਆਪਣੇ ਕਿਰਾਏ ਵਿਚ ਕਾਫੀ ਕਟੌਤੀ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਆਮ ਲੋਕ ਸਰਕਾਰੀ ਸੇਵਾ ਨੂੰ ਤਵੱਜੋਂ ਦੇ ਰਹੇ ਹਨ।
ਟਰਾਂਸਪੋਰਟ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਨੰਗਲ ਬੱਸ ਸਟੈਂਡ ਵਿਖੇ ਜਲਦ ਸ਼ੌਪਿੰਗ ਕੰਪਲੈਕਸ ਬਣਾਇਆ ਜਾਵੇਗਾ। ਜਿਸ ਲਈ ਉਨ੍ਹਾਂ ਵੱਲੋਂ ਬੱਸ ਸਟੈਂਡ ਦਾ ਨਿਰੀਖਣ ਵੀ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੰਗਲ ਸ਼ਹਿਰ ਨੂੰ ਦਿੱਤੇ ਇਸ ਤੋਹਫ਼ੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਬਹੁਤੇ ਲੋਕ ਅਰਬ ਦੇਸ਼ਾਂ ਵਿੱਚ ਹੋਣ ਕਾਰਨ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਕਿਰਾਏ ਉਤੇ ਕਰਕੇ ਏਅਰਪੋਰਟ ਜਾਣਾ ਪੈਂਦਾ ਹੈ। ਇਸ ਬੱਸ ਸੇਵਾ ਇਲਾਕੇ ਦੇ ਲੋਕਾਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗੀ।
ਉਨ੍ਹਾਂ ਅੱਗੇ ਭਰੋਸਾ ਦਿੰਦਿਆਂ ਕਿਹਾ ਕਿ 6 ਮਹੀਨੇ ਦੇ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਸਾਰੇ ਸਕੂਲ ਅਪਗ੍ਰੇਡ ਕੀਤੇ ਜਾਣਗੇ। ਨੰਗਲ ਵਿਖੇ ਸਕੂਲ ਆਫ ਐਮਿਨੇਂਸ ਦਾ ਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਨਾਂ ਉੱਤੇ ਰੱਖਿਆ ਜਾਵੇਗਾ ਅਤੇ ਇਸੇ ਤਰਾਂ ਹੀ ਕੀਰਤਪੁਰ ਸਾਹਿਬ ਵਿਖੇ ਸਕੂਲ ਦਾ ਨਾਂ ਗੁਰੂ ਹਰਕ੍ਰਿਸ਼ਨ ਜੀ ਦੇ ਨਾਂ ਉੱਤੇ ਰੱਖਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ: ਦਿੱਲੀ ਮੇਅਰ, ਡਿਪਟੀ ਮੇਅਰ ਦੀ ਟਲੀ ਚੋਣ, ਹੰਗਾਮੇ ਕਾਰਨ MCD ਸਦਨ ਦੀ ਕਾਰਵਾਈ ਮੁਲਤਵੀ
ਇਸ ਮੌਕੇ ਡਾਇਰੈਟਰ ਟਰਾਂਸਪੋਰਟ ਅਮਨਦੀਪ ਕੌਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ ਡੀ ਐੱਮ ਮਨੀਸ਼ਾ ਰਾਣਾ, ਐਸ ਐਸ ਪੀ ਵਿਵੇਕ ਸ਼ੀਲ ਸੋਨੀ, ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ, ਜਰਨਲ ਮੈਨੇਜਰ ਪਰਮਵੀਰ ਸਿੰਘ ਤੇ ਗੁਰਸੇਵਕ ਸਿੰਘ ਰਾਜਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।