ਮੋਟਰ ਸਾਈਕਲ ’ਤੇ ਸਕੂਲ ਜਾਂਦੇ ਸਮੇਂ ਡੋਰ ਨਾਲ ਵੱਢਿਆ ਗਿਆ ਗਲ਼ਾ
ਸਮਰਾਲਾ : ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਰੋਹਲੇ ਦੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ 15 ਸਾਲ ਦੇ ਤਰਨਜੋਤ ਸਿੰਘ ਵਜੋਂ ਹੋਈ ਹੈ। ਤਰਨਜੋਤ ਸਿੰਘ 10ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਉਸ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਅੱਜ ਮੋਟਰ ਸਾਈਕਲ ’ਤੇ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਅਤੇ ਚਾਈਨਾ ਡੋਰ ਨਾਲ ਗਲ਼ਾ ਵੱਢੇ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਹਰਚੰਦ ਸਿੰਘ ਸਰਪੰਚ ਪਿੰਡ ਰੋਹਲੇ ਨੇ ਦੱਸਿਆ ਕਿ ਮੇਰੇ ਪੁੱਤਰ ਦੀ ਮੌਤ ਦਾ ਕਾਰਨ ਚਾਈਨਾ ਡੋਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿਚ ਚਾਈਨਾ ਡੋਰ ਉਸ ਦੇ ਗਲ਼ 'ਚ ਫਸ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
