
ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਤ ਬਿਆਨ ਦਾ ਵਿਆਪਕ ਵਿਰੋਧ
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਰਤਾਰਪੁਰ ਸਾਹਿਬ ਕਾਰੀਡੋਰ ਬਾਰੇ ਆਇਆ ਵਿਵਾਦਤ ਬਿਆਨ ਨਾ ਸਿਰਫ਼ ਇਸ ਅਧਿਕਾਰੀ ਬਲਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਪੰਜਾਬ ਸਰਕਾਰ ਲਈ ਵੀ ਵੱਡੀ ਸਿਰਦਰਦੀ ਬਣ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਤੋਂ ਹੀ ਇਹ ਮੁੱਦਾ ਮਘਣ ਦਾ ਅੰਦੇਸ਼ਾ ਹੈ।
Photo
ਖਦਸ਼ਾ ਇਹ ਵੀ ਹੈ ਕਿ ਕਿਧਰੇ ਬਜਟ ਸੈਸ਼ਨ ਇਸ ਮੁੱਦੇ ਦੀ ਭੇਟ ਹੀ ਨਾ ਚੜ ਜਾਵੇ। ਉਧਰ ਜਿਥੇ ਸਿਆਸੀ ਵਿਰੋਧੀਆਂ ਨੇ ਸਰਕਾਰ ਅਤੇ ਪੁਲਿਸ ਮੁਖੀ ਨੂੰ ਘੇਰਾ ਪਾਇਆ ਹੋਇਆ ਹੈ। ਉੱਥੇ ਹੀ ਆਮ ਲੋਕਾਂ ਵਿਚ ਵੀ ਵਿਆਪਕ ਪੱਧਰ ਤੇ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਲੋਕ ਤਾਂ ਇਥੋਂ ਤਕ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਉੱਤੇ ਕਰਤਾਰਪੁਰ ਸਾਹਿਬ ਵਿਖੇ ਅਪਣੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਡੀਜੀਪੀ ਨੂੰ ਪੁੱਛ ਰਹੇ ਹਨ ਕਿ ਕੀ ਹੁਣ ਉਹ ਅਤਿਵਾਦੀ ਹੋ ਗਏ ਹਨ? ਕਿਉਂਕਿ ਉਹ ਕਰਤਾਰਪੁਰ ਸਾਹਿਬ ਵਿਖੇ ਛੇ ਤੋਂ ਵੱਧ ਘੰਟੇ ਬਿਤਾ ਕੇ ਭਾਰਤ ਪਰਤੇ ਸਨ।
Photo
ਦਸਣਯੋਗ ਹੈ ਕਿ ਪੁਲਿਸ ਮੁਖੀ ਨੇ ਇਕ ਅੰਗਰੇਜ਼ੀ ਅਖ਼ਬਾਰ ਦੇ ਸੰਮੇਲਨ ਦੌਰਾਨ ਬੋਲਦਿਆਂ ਕਿਹਾ ਸੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਪਾਕਿਸਤਾਨ ਭਾਰਤ ਦੇ ਵਿਰੁਧ ਅਤਿਵਾਦ ਦੇ ਸਿਖਲਾਈ ਕੇਂਦਰ ਵਜੋਂ ਵਰਤ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਤੋਂ ਗਿਆ ਕੋਈ ਵੀ ਵਿਅਕਤੀ ਉੱਥੇ ਛੇ ਘੰਟੇ ਵਿਚ ਅਤਿਵਾਦੀ ਬਣਨ ਦੀ ਮੁਕੰਮਲ ਟ੍ਰੇਨਿੰਗ ਹਾਸਲ ਕਰ ਕੇ ਵਾਪਸ ਆ ਸਕਦਾ ਹੈ ਤੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।
Photo
ਪੰਜਾਬ ਪੁਲਿਸ ਮੁਖੀ ਜੋ ਕਿ ਡੈਪੂਟੇਸ਼ਨ ਉੱਤੇ ਕੇਂਦਰ ਵਿਚ ਆਈਬੀ 'ਚ ਵੀ ਰਹਿ ਕੇ ਆਏ ਹਨ ਉਨ੍ਹਾਂ ਨੂੰ ਇਕ ਬੜਾ ਹੀ ਜ਼ਿੰਮੇਵਾਰ ਅਫ਼ਸਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਮੂੰਹ ਤੋਂ ਕਿੰਨੀ ਵੱਡੀ ਗੱਲ ਨਿਕਲੀ ਕੋਈ ਆਮ ਗੱਲ ਨਹੀਂ ਮੰਨਿਆ ਜਾ ਰਿਹਾ। ਇਕ ਥਿਊਰੀ ਅਨੁਸਾਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਖੁਫ਼ੀਆ ਏਜੰਸੀਆਂ ਕੋਲ ਇਸ ਸਬੰਧ ਵਿਚ ਕੁਝ ਇਨਪੁੱਟਸ ਆਈਆਂ ਹਨ ਜਿਨ੍ਹਾਂ ਦੇ ਆਧਾਰ ਤੇ ਹੀ ਡੀਜੀਪੀ ਨੇ ਉਕਤ ਟਿੱਪਣੀ ਕੀਤੀ ਹੈ ਪਰ ਦੂਜੇ ਪਾਸੇ ਇਸ ਨੂੰ ਭਾਰਤ ਦੀ ਕੇਂਦਰ ਸਰਕਾਰ ਦਾ ਪਾਕਿਸਤਾਨ ਪ੍ਰਤੀ ਰਵੱਈਏ ਦਾ ਸਿੱਟਾ ਵੀ ਮੰਨਿਆ ਜਾ ਰਿਹਾ ਹੈ।
Photo
ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਹਿਲਾਂ ਪਹਿਲ ਕਰਤਾਰਪੁਰ ਲਾਂਘੇ ਦੇ ਕਾਫੀ ਵਿਰੁੱਧ ਸੀ ਤੇ ਕੰਮ ਵੀ ਕਾਫ਼ੀ ਸੁਸਤ ਰਫ਼ਤਾਰ ਨੇਪਰੇ ਚਾੜ੍ਹਿਆ ਗਿਆ ਸੀ। ਸੋਸ਼ਲ ਮੀਡੀਆ ਉੱਤੇ ਲੋਕ ਇਹ ਵੀ ਸਵਾਲ ਚੁੱਕ ਰਹੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਈ ਵਿਧਾਇਕ ਤੇ ਉੱਚ ਅਧਿਕਾਰੀ ਵੀ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਆਏ ਹਨ, ਤਾਂ ਕੀ ਫਿਰ ਉਹ ਸਾਰੇ ਅਤਿਵਾਦੀ ਹੋ ਗਏ? ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ('ਆਪ'), ਅਕਾਲੀ ਦਲ ਟਕਸਾਲੀ ਤੇ ਲੋਕ ਇਨਸਾਫ ਪਾਰਟੀ ਨੇ ਡੀਜਪੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।