
ਸਿੱਖ ਨੌਜਵਾਨਾਂ ਦੀ ਬੁਰੀ ਤਰ੍ਹਾਂ ਹੋ ਰਹੀ ਕੁੱਟਮਾਰ ਦੀਆਂ ਇਹ ਤਸਵੀਰਾਂ ਜਮਸ਼ੇਦਪੁਰ ਦੇ ਅੰਬਗਾਨ ਇਲਾਕੇ ਦੀਆਂ ਹਨ ਜਿੱਥੇ ਇਕ...
ਜਮਸ਼ੇਦਪੁਰ (ਭਾਸ਼ਾ ) : ਸਿੱਖ ਨੌਜਵਾਨਾਂ ਦੀ ਬੁਰੀ ਤਰ੍ਹਾਂ ਹੋ ਰਹੀ ਕੁੱਟਮਾਰ ਦੀਆਂ ਇਹ ਤਸਵੀਰਾਂ ਜਮਸ਼ੇਦਪੁਰ ਦੇ ਅੰਬਗਾਨ ਇਲਾਕੇ ਦੀਆਂ ਹਨ ਜਿੱਥੇ ਇਕ ਲੜਕੇ ਅਭਿਸ਼ੇਕ ਅਤੇ ਜਸਪ੍ਰੀਤ ਸਿੰਘ ਉਰਫ਼ ਸ਼ੱਬੀ ਦੇ ਵਿਚਕਾਰ ਇਕ ਲੜਕੀ ਨੂੰ ਲੈ ਕੇ ਝਗੜਾ ਹੋ ਗਿਆ। ਅਭਿਸ਼ੇਕ ਨੇ ਸ਼ੱਬੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ, ਜਿਸ ਤੋਂ ਬਾਅਦ ਸ਼ੱਬੀ ਨੇ ਅਪਣੇ ਤਿੰਨ ਦੋਸਤਾਂ ਨੂੰ ਬੁਲਾ ਲਿਆ, ਪਰ ਉਸ ਸਮੇਂ ਇਸ ਝਗੜੇ ਨੇ ਵਿਰਾਟ ਰੂਪ ਧਾਰਨ ਕਰ ਲਿਆ ਜਦੋਂ 20 ਦੇ ਕਰੀਬ ਮੁੰਡਿਆਂ ਨੇ ਇਕੱਠੇ ਹੋ ਕੇ ਸਿੱਖ ਨੌਜਵਾਨਾਂ 'ਤੇ ਹਮਲਾ ਕਰ ਦਿਤਾ।
ਜਿਸ ਵਿਚ ਸ਼ੱਬੀ ਦੀ ਮਦਦ 'ਚ ਆਏ ਨਰਿੰਦਰ ਸਿੰਘ ਉਰਫ਼ ਲੱਖੀ, ਚਰਨਜੀਤ ਸਿੰਘ ਉਰਫ਼ ਸੰਨੀ ਅਤੇ ਕੁਲਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਟਾਟਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਸੰਨੀ ਅਤੇ ਲੱਖੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਕਿਉਂਕਿ ਅਭਿਸ਼ੇਕ ਅਤੇ ਉਸ ਦੇ ਦੋਸਤਾਂ ਨੇ ਇਨ੍ਹਾਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਜਿਸ ਨਾਲ ਸੰਨੀ ਦੇ ਪੇਟ ਦੀ ਆਂਤ ਬਾਹਰ ਨਿਕਲ ਗਈ ਹੈ। ਇਸ ਤੋਂ ਬਾਅਦ ਸਿੱਖ ਸਮਾਜ ਦੇ ਭੜਕੇ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ।
ਪਰ ਸਥਾਨਕ ਗੁਰਦੁਆਰਾ ਪ੍ਰਧਾਨ ਗੁਰਮੁਖ ਸਿੰਘ ਮੁੱਖਾ ਨੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ। ਇਸੇ ਦੌਰਾਨ ਸਿੱਖ ਸਮਾਜ ਦਾ ਇਕ ਵਫ਼ਦ ਸੁਬੇ ਦੇ ਮੁੱਖ ਮੰਤਰੀ ਰਘੂਬਰ ਦਾਸ ਨੂੰ ਵੀ ਮਿਲਿਆ, ਜਿਨ੍ਹਾਂ ਨੇ ਜ਼ਖ਼ਮੀਆਂ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ ਹੈ, ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਹਥਿਆਰ ਵੀ ਬਰਾਮਦ ਕਰ ਲਏ ਹਨ।