
ਸਰਕਾਰੀ ਸਮਾਗਮਾਂ 'ਚ ਬੁਕੇ ਨਹੀਂ ਲੈਣਗੇ ਸਿਹਤ ਮੰਤਰੀ
ਸਮਾਗਮਾਂ 'ਚ ਪਲਾਸਟਿਕ ਦੀਆਂ ਬੋਤਲਾਂ 'ਤੇ ਲਗਾਈ ਪਾਬੰਦੀ
ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੈ ਸਿੰਗਲਾ ਸਿਹਤ ਵਿਭਾਗ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਸਮਾਗਮ ਵਿਚ ਬੁਕੇ ਨਹੀਂ ਲੈਣਗੇ | ਮੰਤਰੀ ਹੀ ਨਹੀਂ ਸਗੋਂ ਕਿਸੇ ਹੋਰ ਮੁਅੱਜਿਜ਼ ਵਿਅਕਤੀ ਨੂੰ ਵੀ ਬੁਕੇ ਦੇਣ 'ਤੇ ਪਾਬੰਦੀ ਲਗਾ ਦਿਤੀ ਗਈ ਹੈ | ਸਿਹਤ ਤੇ ਪਰਵਾਰ ਭਲਾਈ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਜਾਰੀ ਹੁਕਮ ਵਿਚ ਸਾਫ਼ ਕਹਿ ਦਿਤਾ ਹੈ ਕਿ ਸਿਹਤ ਮੰਤਰੀ ਨੇ ਇੱਛਾ ਪ੍ਰਗਟਾਈ ਹੈ ਕਿ ਨਾ ਤਾਂ ਮੰਤਰੀ ਨੂੰ ਤੇ ਨਾ ਹੀ ਕਿਸੇ ਹੋਰ ਸ਼ਖ਼ਸੀਅਤ ਨੂੰ ਬੁਕੇ ਭੇਂਟ ਕੀਤੇ ਜਾਣ | ਇਸ ਤੋਂ ਇਲਾਵਾ ਪਾਣੀ ਪਿਲਾਉਣ ਲਈ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾ ਕੀਤੇ ਜਾਣ ਦੀ ਹਦਾਇਤ ਵੀ ਵਿਭਾਗ ਦੇ ਡਾਇਰੈਕਟਰ ਨੇ ਕੀਤੀ ਹੈ |
ਸਿਹਤ ਵਿਭਾਗ ਦਾ ਮੰਨਣਾ ਹੈ ਕਿ ਬੁਕੇ ਤੇ ਪਲਾਸਟਿਕ ਦੀਆਂ ਬੋਤਲਾਂ ਨਾਲ ਪ੍ਰਦੂਸ਼ਣ ਫੈਲਦਾ ਹੈ ਤੇ ਨਾਲ ਹੀ ਪਲਾਸਟਿਕ ਦੀ ਵੇਸਟੇਜ਼ ਹੁੰਦੀ ਹੈ | ਇਸ ਤੋਂ ਇਲਾਵਾ ਇਹ ਆਮ ਲੋਕਾਂ ਦੀ ਸਿਹਤ ਲਈ ਵੀ ਨੁਕਸਾਨਕੁਨ ਹੁੰਦਾ ਹੈ | ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਉਪਰੋਕਤ ਐਡਵਾਈਜ਼ਰੀ ਜਾਰੀ ਕੀਤੀ ਹੈ | ਆਮ ਆਦਮੀ ਪਾਰਟੀ ਨੇ ਇਸ ਨੂੰ ਇਕ ਚੰਗੀ ਸ਼ੁਰੂਆਤ ਦਸਿਆ ਹੈ | 'ਆਪ' ਆਗੂਆਂ ਦਾ ਮੰਨਣਾ ਹੈ ਕਿ ਪਲਾਸਟਿਕ ਨਾਲ ਜਿਥੇ ਖਿਲਾਰਾ ਪੈਂਦਾ ਹੈ, ਉਥੇ ਪਲਾਸਟਿਕ ਪੈਕ ਸਮਾਨ ਖਾਣ-ਪੀਣ ਨਾਲ ਬਿਮਾਰੀ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ |
ਡਾਇਰੈਕਟਰ ਸਿਹਤ ਪੰਜਾਬ ਵਲੋਂ ਜਾਰੀ ਕੀਤੇ ਹੁਕਮ ਅਨੁਸਾਰ ਸਿਹਤ ਅਤੇ ਪਰਵਾਰ ਕਲਿਆਣ ਨਿਰਦੇਸ਼ ਨੇ ਕਿਹਾ ਕਿ ਸਿਹਤ ਮੰਤਰੀ ਨੇ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਦੇ ਅਧਿਕਾਰਕ ਸਮਾਰੋਹ/ਪ੍ਰੋਗਰਾਮਾਂ 'ਚ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਪਾਣੀ ਦੇ ਇਸਤੇਮਾਲ ਨੂੰ ਰੋਕਿਆ ਦਾਵੇ | ਹੁਕਮਾਂ ਵਿਚ ਕਿਹਾ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਜਿਥੇ ਵੀ ਜਾਵੇ, ਕੋਈ ਉਸ ਨੂੰ ਫੁੱਲਾਂ ਦਾ ਗੁਲਦਸਤਾ ਨਾ ਦੇਵੇ | ਇਹ ਹੁਕਮ ਵਾਤਾਵਰਨ ਨੂੰ ਬਚਾਉਣ ਲਈ ਇਕ ਚੰਗੀ ਸ਼ੁਰੂਆਤ ਹੋਣ ਦਾ ਦਾਅਵਾ ਕੀਤਾ | ਇਸ ਤੋਂ ਇਲਾਵਾ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਲੋਕ ਆਪਣੇ ਬਚਾਅ ਲਈ ਘਰਾਂ ਤੋਂ ਘੱਟ ਹੀ ਨਿਕਲਣ |