
ਪ੍ਰਧਾਨਾਂ 'ਚੋਂ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਹੀ ਚੋਣ ਜਿੱਤਣ 'ਚ ਕਾਮਯਾਬ ਰਹੇ
ਚੰਡੀਗੜ੍ਹ : ਪੰਜਾਬ ਦੇ ਲੋਕਾਂ ਦਾ ਫ਼ਤਵਾ ਪਹਿਲਾਂ ਵਾਂਗ ਹੀ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸਬੰਧਤ ਵੋਟਰਾਂ ਨਾਲੋਂ ਵੱਖਰਾ ਹੈ। ਕੇਰਲ ਵਰਗੇ ਇੱਕ-ਅੱਧ ਸੂਬੇ ਨੂੰ ਛੱਡ ਕੇ ਸਮੁੱਚੇ ਦੇਸ਼ ਵਿਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਵਾ ਵਿਖਾਈ ਦਿਤਾ ਹੈ, ਉਥੇ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਨੂੰ 8 ਸੀਟਾਂ 'ਤੇ ਜਿੱਤ ਦਿਵਾਈ। ਸੂਬੇ 'ਚ ਇਸ ਵਾਰ ਪਾਰਟੀ ਪ੍ਰਧਾਨਾਂ ਦਾ ਜਾਦੂ ਨਾ ਚੱਲਿਆ ਅਤੇ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੀਆਂ 7 ਪਾਰਟੀਆਂ ਦੇ ਪ੍ਰਧਾਨਾਂ 'ਚੋਂ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਹੀ ਚੋਣ ਜਿੱਤਣ 'ਚ ਕਾਮਯਾਬ ਰਹੇ, ਜਦਕਿ ਬਾਕੀ 5 ਪ੍ਰਧਾਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਪ੍ਰਧਾਨ ਨੂੰ ਕਿੱਥੋਂ-ਕਿੱਥੋਂ ਹਾਰ ਮਿਲੀ।
Sunil Jakhar
ਸੁਨੀਲ ਜਾਖੜ :
ਅਕਾਲੀ- ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਅਤੇ ਬਾਲੀਵੁਡ ਅਦਾਕਾਰ ਸਨੀ ਦਿਓਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਰਾਜਨੀਤਿਕ ਕਿਲ੍ਹਾ ਢਹਿ ਢੇਰੀ ਕਰ ਦਿੱਤਾ। ਗੁਰਦਾਸਪੁਰ ਤੋਂ ਸਨੀ ਦਿਓਲ ਨੂੰ 5,58,719 ਅਤੇ ਸੁਨੀਲ ਕੁਮਾਰ ਜਾਖੜ ਨੂੰ 4,76,260 ਵੋਟਾਂ ਪਈਆਂ। ਜਾਖੜ ਨੂੰ 82,459 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਖੜ ਦੀ ਹਾਰ ਦਾ ਮੁੱਖ ਕਾਰਨ ਸਨੀ ਦਿਓਲ ਨੂੰ ਗੰਭੀਰਤਾ ਨਾਲ ਨਾ ਲੈਣਾ ਹੈ। ਜਾਖੜ ਲੋਕਾਂ ਨੂੰ ਇਹੀ ਕਹਿੰਦੇ ਰਹਿੰਦੇ ਸਨ ਕਿ ਸਨੀ ਦਿਓਲ ਵੋਟਾਂ ਤੋਂ ਬਾਅਦ ਮੁੰਬਈ ਚਲਾ ਜਾਵੇਗਾ। ਕੈਪਟਨ ਵੱਲੋਂ ਸੁਨੀਲ ਜਾੜਖ ਨੂੰ ਭਵਿੱਖ 'ਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਵੀ ਲੋਕਾਂ ਅਤੇ ਕਈ ਕਾਂਗਰਸੀ ਆਗੂਆਂ ਨੂੰ ਚੰਗੀ ਨਹੀਂ ਲੱਗੀ।
Sukhpal Singh Khaira
ਸੁਖਪਾਲ ਸਿੰਘ ਖਹਿਰਾ :
ਲੋਕ ਸਭਾ ਹਲਕਾ ਬਠਿੰਡਾ ਤੋਂ ਜਿੱਤ ਦੇ ਵੱਡੇ ਦਮਗਜੇ ਮਾਰਨ ਵਾਲੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਲੋਕਾਂ ਨੇ ਮੁੱਢੋਂ ਹੀ ਨਕਾਰ ਦਿੱਤਾ। ਉਨ੍ਹਾਂ ਨੂੰ ਸਿਰਫ਼ 38199 ਵੋਟਾਂ ਹੀ ਮਿਲੀਆਂ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਜਿੱਤ ਦੀ ਹੈਟ੍ਰਿਕ ਲਗਾਈ। ਉਨ੍ਹਾਂ ਨੂੰ ਕੁਲ 4,92,824 ਵੋਟਾਂ ਮਿਲੀਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ। ਇਨ੍ਹਾਂ ਤੋਂ ਇਲਾਵਾ ਹਲਕੇ 'ਚ ਕੁੱਲ 28 ਉਮੀਦਵਾਰ ਮੈਦਾਨ ਵਿਚ ਨਿੱਤਰੇ ਸਨ ਪਰ ਉਹ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕੇ। ਇਨ੍ਹਾਂ 'ਚ ਸੁਖਪਾਲ ਸਿੰਘ ਖਹਿਰਾ ਅਤੇ ਬਲਜਿੰਦਰ ਕੌਰ ਵੀ ਸ਼ਾਮਲ ਹਨ।
Simarjit Singh Bains
ਸਿਮਰਜੀਤ ਸਿੰਘ ਬੈਂਸ :
ਲੁਧਿਆਣਾ ਲੋਕ ਸਭਾ ਚੋਣਾਂ ਜਿੱਤ ਕੇ ਰਵਨੀਤ ਸਿੰਘ ਬਿੱਟੂ ਨੇ ਹੈਟ੍ਰਿਕ ਬਣਾਈ। ਕਾਂਗਰਸ ਨੇ ਲੁਧਿਆਣਾ 'ਚ ਸਾਲ 2009, 2014 ਅਤੇ ਹੁਣ 2019 'ਚ ਜਿੱਤ ਦਰਜ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੂੰ 3,83,795 ਵੋਟਾਂ ਪਈਆਂ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ 3,07,423 ਅਤੇ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਨੂੰ 2,99,435 ਵੋਟਾਂ ਪਈਆਂ। ਜਿੱਤ ਤੋਂ ਬਾਅਦ ਬਿੱਟੂ ਨੇ ਬੈਂਸ ਬਾਰੇ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਅਤੇ ਜਾਅਲੀ ਸੀਡੀਆਂ ਬਣਾਉਣ ਨਾਲ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ।
Dharamvir Gandhi
ਡਾ. ਧਰਮਵੀਰ ਗਾਂਧੀ :
ਲੋਕ ਸਭਾ ਹਲਕਾ ਪਟਿਆਲਾ ਸੀਟ 'ਤੇ ਕਾਂਗਰਸ ਨੇ 11ਵੀਂ ਵਾਰ ਆਪਣਾ ਕਬਜ਼ਾ ਕੀਤਾ ਹੈ। 67 ਸਾਲਾਂ 'ਚ ਪਟਿਆਲਾ ਸੀਟ 'ਤੇ 17 ਵਾਰ ਚੋਣਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਕਾਂਗਰਸ ਨੇ 11ਵੀਂ ਜਿੱਤ ਹਾਸਲ ਕੀਤੀ। ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੂੰ 5,32,027, ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 3,69,309 ਅਤੇ ਪਿਛਲੀ ਵਾਰ ਦੇ ਜੇਤੂ ਅਤੇ ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ ਨੂੰ 1,61,645 ਵੋਟਾਂ ਮਿਲੀਆਂ। ਆਪਣੀ ਹਾਰ ਤੋਂ ਬਾਅਦ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਮੋਦੀ ਫੈਕਟਰ ਨੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇੰਨੇ ਸਮੇਂ ਵਿਚ ਪੰਜਾਬ ਲਈ ਕੁਝ ਵੀ ਨਹੀਂ ਕੀਤਾ।
Simranjit Singh Mann
ਸਿਮਰਨਜੀਤ ਸਿੰਘ ਮਾਨ :
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਇਤਿਹਾਸ ਰਚ ਦਿੱਤਾ। ਭਗਵੰਤ ਮਾਨ ਨੇ 1,07,679 ਵੋਟਾਂ ਦੇ ਵੱਡੇ ਫ਼ਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਭਗਵੰਤ ਮਾਨ ਨੂੰ 4,01,701 ਵੋਟਾਂ, ਕੇਵਲ ਸਿੰਘ ਢਿੱਲੋਂ ਨੂੰ 2,94,022 ਵੋਟਾਂ, ਪਰਮਿੰਦਰ ਸਿੰਘ ਢੀਂਡਸਾ ਨੂੰ 2,56,366 ਵੋਟਾਂ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ 49,897 ਵੋਟਾਂ ਪ੍ਰਪਾਤ ਹੋਈਆਂ।