
ਉਮੇਸ਼ ਜਾਧਵ ਅਤੇ ਮਲਿਕਾਰਜੁਨ ਵਿਚ ਸੀ ਟੱਕਰ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਦੇ ਉਮੀਦਵਾਰ ਮਲਿਕਾਰਜੁਨ ਖੜਗੇ ਪਹਿਲੀ ਵਾਰ ਚੋਣਾਂ ਹਾਰ ਗਏ ਹਨ। ਉਹ ਇਸ ਵਾਰ ਕਰਨਾਟਕ ਦੀ ਗੁਲਬਰਗ ਸੀਟ ਤੋਂ ਚੋਣ ਮੈਦਾਨ ਵਿਚ ਉਤਰੇ ਸਨ। ਹੁਣ ਤਕ ਦੀਆਂ 11 ਚੋਣਾਂ ਵਿਚ ਉਹਨਾਂ ਨੂੰ ਜਿੱਤ ਮਿਲੀ ਸੀ। ਖੜਗੇ ਨੂੰ ਗੁਲਬਰਗ ਸੀਟ ਤੋਂ ਭਾਜਪਾ ਦੇ ਉਮੇਸ਼ ਜਾਧਵ ਨੇ 95,452 ਵੋਟਾਂ ਨਾਲ ਹਰਾਇਆ ਹੈ। ਖੜਗੇ ਨੂੰ 524740 ਵੋਟਾਂ ਮਿਲੀਆਂ ਸਨ ਜਦਕਿ ਭਾਜਪਾ ਦੇ ਉਮੇਸ਼ ਜਾਧਵ ਨੂੰ 620192 ਵੋਟਾਂ ਮਿਲੀਆਂ।
Congress
ਇਕ ਰਿਪੋਰਟ ਮੁਤਾਬਕ ਉਮੇਸ਼ ਜਾਧਵ ਕਾਂਗਰਸ ਦੇ ਹੀ ਵਿਧਾਇਕ ਸਨ ਅਤੇ ਕੁਝ ਮਹੀਨੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਹਨਾਂ ਨੇ ਕਰਨਾਟਕ ਵਿਧਾਨ ਸਭਾ ਦੀ ਮੈਂਬਰੀ ਵੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਹੀ ਭਾਜਪਾ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਵਿਚ ਮਲਿਕਾਰਜੁਨ ਖੜਗੇ ਦੇ ਵਿਰੁਧ ਉਮੀਦਵਾਰ ਬਣਾਇਆ ਸੀ। ਖੜਗੇ ਕਾਂਗਰਸ ਨੇ ਅਜਿਹੇ ਆਗੂ ਹਨ ਜਿਹਨਾਂ ਨੇ 2014 ਵਿਚ ਪਾਰਟੀ ਵਿਰੁਧ ਚਲ ਰਹੀ ਲਹਿਰ ਦੌਰਾਨ ਵੀ ਅਪਣੀ ਸੀਟ ਬਚਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ।
Voting
ਇਸ ਤੋਂ ਬਾਅਦ ਉਹ ਸੰਸਦੀ ਦਲ ਦੇ ਆਗੂ ਬਣੇ ਸਨ। ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਰੇਲ, ਲੇਬਰ ਅਤੇ ਰੁਜ਼ਗਾਰ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਕਰਨਾਟਕ ਦੀ ਰਾਜਨੀਤੀ ਵਿਚ ਖੜਗੇ ਨੂੰ ਦਲਿਤ ਆਗੂ ਦੇ ਤੌਰ ’ਤੇ ਮੰਨਿਆ ਜਾਂਦਾ ਹੈ। 2013 ਵਿਚ ਕਰਨਾਟਕ ਵਿਚ ਹੋਈਆਂ ਚੋਣਾਂ ਦੌਰਾਨ ਉਹ ਮੁੱਖ ਮੰਤਰੀ ਦੀ ਰੇਸ ਵਿਚ ਸ਼ਾਮਲ ਹੋ ਗਏ ਸਨ ਪਰ ਪਾਰਟੀ ਨੇ ਉਹਨਾਂ ਨੂੰ ਰਾਸ਼ਟਰੀ ਰਾਜਨੀਤੀ ਦੀ ਕਮਾਨ ਸੌਂਪੀ ਸੀ।
ਕਾਂਗਰਸ ਦੇ ਖੜਗੇ ਨੂੰ 1969 ਵਿਚ ਗੁਲਬਰਗ ਦੇ ਸ਼ਹਿਰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ। 1972 ਵਿਚ ਉਹ ਪਹਿਲੀ ਵਾਰ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2008 ਤਕ ਲਗਾਤਾਰ ਵਿਧਾਇਕ ਚੁਣੇ ਜਾਂਦੇ ਰਹੇ। ਸਾਲ 2009 ਵਿਚ ਉਹਨਾਂ ਨੇ ਗੁਲਬਰਗ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਅਤੇ ਜਿੱਤ ਦਰਜ ਕਰਕੇ ਉਹ ਸੰਸਦ ਭਵਨ ਪਹੁੰਚੇ।
ਉਹ ਲਗਾਤਾਰ ਦੋ ਵਾਰ 2009 ਅਤੇ 2014 ਵਿਚ ਸੰਸਦ ਮੈਂਬਰ ਬਣੇ। ਖੜਗੇ ਅਪਣੇ ਰਾਜਨੀਤਿਕ ਕਰੀਅਰ ਵਿਚ ਨੌ ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।