
ਜਥੇਦਾਰ ਵੱਲੋਂ ਦਿੱਤਾ ਬਿਆਨ ਵਾਜਬ ਹੈ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਹੈ। -SGPC ਪ੍ਰਧਾਨ
ਅੰਮ੍ਰਿਤਸਰ: ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਹਨ। ਜਿਸ ਤੋਂ ਕਾਫ਼ੀ ਵਿਵਾਦ ਛਿੜ ਗਿਆ। ਕਈਆਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ। ਇਸ ਦੇ ਨਾਲ ਹੀ ਅੱਜ ਜਥੇਦਾਰ ਦੇ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੇ ਪ੍ਰਧਾਨ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਵੀ ਬਿਆਨ ਦਿੱਤਾ ਹੈ ਸੋਚ ਸਮਝ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਦਿ ਕਾਲ ਗੁਰੂ ਕਾਲ ਤੋਂ ਹੀ ਸਿੱਖ ਪ੍ਰੰਪਰਾਵਾਂ ਅਨੁਸਾਰ ਸਿੱਖ ਸਮੇਂ ਦੇ ਹਾਣੀ ਹੁੰਦੇ ਹੋਏ ਹਥਿਆਰ ਆਪਣੇ ਨਾਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਜਥੇਦਾਰ ਦੇ ਬਿਆਨ 'ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ। ਸਿੱਖ ਕੌਮ ਜਥੇਦਾਰ ਵੱਲੋਂ ਦਿੱਤੇ ਬਿਆਨ ਨੂੰ ਹੁਕਮ ਮੰਨਦੀ ਹੈ। ਧਾਮੀ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਥੇਦਾਰ ਨੂੰ ਹਟਾਉਣ ਦੀ ਗੱਲ ਕਰਦੇ ਹਨ।
Giani Harpreet Singh
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਜਥੇਦਾਰ ਦੇ ਅਹੁਦੇ ਦਾ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਤਿਕਾਰਤ ਅਹੁਦਾ ਹੈ ਅਤੇ ਜਥੇਦਾਰ ਸਿੱਖ ਕੌਮ ਦਾ ਸੁਪਰੀਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਦਿੱਤਾ ਬਿਆਨ ਵਾਜਬ ਹੈ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਹੈ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੋਈ ਹੁਕਮਨਾਮਾ ਤਾਂ ਨਹੀਂ ਜਾਰੀ ਕੀਤਾ। ਉਹਨਾਂ ਨੇ ਸਿਰਫ਼ ਅਪਣਾ ਇਕ ਸੁਝਾਅ ਦਿੱਤਾ ਹੈ। ਬਾਕੀ ਸਰਕਾਰ ਨੂੰ ਅਧਿਕਾਰ ਹੈ ਕਿ ਕਿਸ ਨੂੰ ਹਥਿਆਰਾਂ ਦਾ ਲਾਇਸੈਂਸ ਦੇਣਾ ਹੈ ਤੇ ਕਿਸ ਨੂੰ ਨਹੀਂ।