
MP ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਜੁਰਮਾਨੇ ਅਤੇ ਹਰਜਾਨੇ ਦੀ ਰਕਮ ਦਾ ਭੁਗਤਾਨ
35 ਹੋਰ ਪੰਜਾਬਣਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ
ਅੰਮ੍ਰਿਤਸਰ : ਰੋਜ਼ੀ-ਰੋਟੀ ਕਮਾਉਣ ਦਾ ਝਾਂਸਾ ਦੇ ਕੇ ਓਮਾਨ ਭੇਜੀਆਂ ਜਾਂਦੀਆਂ ਔਰਤਾਂ ਨੂੰ ਉਥੇ ਜਾ ਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਔਰਤਾਂ ਵਿਚ ਪੰਜਾਬ ਤੋਂ ਵੀ ਕਈ ਔਰਤਾਂ ਸ਼ਾਮਲ ਹਨ। ਪੀੜਤ ਔਰਤਾਂ ਵਲੋਂ ਵੀਡਿਉ ਜ਼ਰੀਏ ਆਪਣਾ ਦੁਖੜਾ ਸੁਣਾਇਆ ਗਿਆ ਜਿਸ ਤੋਂ ਬਾਅਦ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਉਪਰਾਲਾ ਕੀਤਾ ਅਤੇ ਭਾਰਤੀ ਸਫ਼ਾਰਤਖ਼ਾਨੇ ਤਕ ਪਹੁੰਚ ਕਰ ਕੇ ਇਨ੍ਹਾਂ ਔਰਤਾਂ ਦੀ ਵਤਨ ਵਾਪਸੀ ਦਾ ਸਬੱਬ ਬਣੇ।
ਦੱਸ ਦੇਈਏ ਕਿ ਓਮਾਨ ਵਿਚ ਫਸੀਆਂ ਔਰਤਾਂ ਵਿਚੋਂ ਪੰਜ ਪੰਜਾਬਣਾ ਆਪਣੇ ਘਰ ਪਹੁੰਚ ਗਈਆਂ ਹਨ। ਸਾਂਸਦ ਸਾਹਨੀ ਵਲੋਂ ਉਨ੍ਹਾਂ ਦੇ ਜੁਰਮਾਨੇ ਅਤੇ ਹਰਜਾਨੇ ਦੀ ਰਕਮ ਦੀ ਅਦਾਇਗੀ ਕੀਤੀ ਗਈ। ਇਸੇ ਤਰ੍ਹਾਂ ਹੀ ਓਮਾਨ ਵਿਚ ਫਸੀਆਂ 35 ਹੋਰ ਪੰਜਾਬਣਾ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਜਾਣਕਾਰੀ ਦਿੰਦਿਆਂ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਦਸਿਆ ਕਿ 7 ਹੋਰ ਔਰਤਾਂ ਸੁਰੱਖਿਅਤ ਭਾਰਤ ਵਾਪਸ ਆ ਰਹੀਆਂ ਹਨ। ਵਤਨ ਵਾਪਸ ਪਹੁੰਚੀਆਂ ਪੰਜਾਬਣਾ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਇਨ੍ਹਾਂ ਦੀ ਵਾਪਸੀ ਸਬੰਧੀ ਮੁਆਵਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਭਾਰਤੀ ਦੂਤਾਵਾਸ ਵਲੋਂ ਵੀ ਹਰ ਸੰਭਵ ਸਹਿਯੋਗ ਕੀਤਾ ਗਿਆ ਹੈ।
ਉਧਰ ਪੰਜਾਬ ਪਹੁੰਚੀਆਂ ਔਰਤਾਂ ਨੇ ਦਸਿਆ ਕਿ ਉਨ੍ਹਾਂ ਨੂੰ ਚੰਗੇ ਭਵਿੱਖ ਦਾ ਸੁਪਨਾ ਦਿਖਾ ਕੇ ਗੁਮਰਾਹ ਕੀਤਾ ਗਿਆ ਸੀ। ਅਪਣੇ ਬੱਚਿਆਂ ਅਤੇ ਪ੍ਰਵਾਰ ਦੀ ਭਲਾਈ ਲਈ ਉਹ ਖਾਦੀ ਮੁਲਕ ਜਾਣ ਲਈ ਰਾਜ਼ੀ ਹੋਏ ਸਨ ਪਰ ਵਿਦੇਸ਼ ਜਾ ਕੇ ਉਨ੍ਹਾਂ ਨਾਲ ਧੋਖਾ ਹੋਇਆ। ਇਕ ਔਰਤ ਨੇ ਦਸਿਆ ਕਿ ਉਸ ਦਾ ਪਤੀ ਆਟੋ ਚਾਲਕ ਹੈ। ਚੰਗੀ ਜ਼ਿੰਦਗੀ ਦਾ ਖ਼ੁਆਬ ਦੇਖ ਕੇ ਉਸ ਨੇ ਵੀਜ਼ੇ ਦੀਆਂ ਸ਼ਰਤਾਂ ਅਤੇ ਹਵਾਈ ਯਾਤਰਾ ਦਾ ਕਿਰਾਇਆ ਦੇਣ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕੀਤਾ ਤੇ 25 ਨਵੰਬਰ 2022 ਨੂੰ ਮਸਕਟ ਪਹੁੰਚੀ ਜਿਥੇ ਉਸ ਨੂੰ 130 ਰਿਆਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਘਰੇਲੂ ਸਹਾਇਕ ਵਜੋਂ ਇਕ ਘਰ ਵਿਚ ਨੌਕਰੀ ਦਿਤੀ ਗਈ।
ਔਰਤ ਅਨੁਸਾਰ ਅਜਿਹਾ ਮਹਿਜ਼ ਕੁੱਝ ਦਿਨ ਹੀ ਚਲਿਆ ਅਤੇ ਬਾਅਦ ਵਿਚ ਉਸ ਨੂੰ ਕੰਮ ਦੇ ਬਦਲੇ ਤਨਖ਼ਾਹ ਤਾਂ ਘੱਟ ਮਿਲੀ ਹੀ ਸਗੋਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿਤੀ ਗਈ। ਉਹ ਰੋਜ਼ ਸਵੇਰੇ 5 ਵਜੇ ਤੋਂ ਲੈ ਕੇ ਅੱਧੀ ਰਾਤ ਤਕ ਕੰਮ ਕਰਦੀ ਪਰ ਤੈਅ ਕੀਤੀ ਤਨਖ਼ਾਹ ਮੰਗਣ 'ਤੇ ਉਸ ਨਾਲ ਦੁਰਵਿਹਾਰ ਅਤੇ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਸਗੋਂ ਇਸ ਹਾਲਾਤ ਵਿਚੋਂ ਬਾਹਰ ਨਿਕਲਣ ਲਈ ਔਰਤ ਤੋਂ ਢਾਈ ਲੱਖ ਰੁਪਏ ਭਾਰਤੀ ਕਰੰਸੀ ਦੀ ਮੰਗ ਕੀਤੀ ਗਈ।
ਔਰਤ ਦਾ ਕਹਿਣਾ ਹੈ ਕਿ ਉਹ ਇਸ ਨਰਕ ਭਰੀ ਜ਼ਿੰਦਗੀ 'ਚੋਂ ਲਗਾਤਾਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸ ਦੇ ਚਲਦੇ ਉਥੋਂ ਭੱਜਣ ਵਿਚ ਕਾਮਯਾਬ ਹੋ ਗਈ। ਔਰਤ ਨੇ ਕੁੱਝ ਭਾਰਤੀ ਲੋਕਾਂ ਵਲੋਂ ਚਲਾਏ ਜਾ ਰਹੇ ਸ਼ਰਨਾਰਥੀ ਕੈਂਪ ਵਿਚ ਸ਼ਰਨ ਲਈ।
ਅਪਣਾ ਹਾਲ ਬਿਆਨ ਕਰਦਿਆਂ ਔਰਤਾਂ ਨੇ ਦਸਿਆ ਕਿ ਉਹ ਐਜਨਤਾਂ ਦੀ ਮਿਲੀਭੁਗਤ ਦਾ ਸ਼ਿਕਾਰ ਉਸ ਕੋਲ ਨਾ ਤਾਂ ਕੋਈ ਰੁਜ਼ਗਾਰ ਸੀ ਅਤੇ ਨਾ ਹੀ ਜੁਰਮਾਨੇ ਦੀ ਰਕਮ ਦਾ ਭੁਗਤਾਨ ਕਰਨ ਦਾ ਕੋਈ ਸਾਧਨ। ਇਸੇ ਤਰ੍ਹਾਂ ਮੋਗਾ ਦੀ ਰਹਿਣ ਵਾਲੀ ਇਕ ਹੋਰ ਔਰਤ ਨੇ ਵੀ ਆਪਬੀਤੀ ਬਿਆਨ ਕੀਤੀ ਹੈ। ਉਹ ਵੀ ਇੱਕ ਸਥਾਨਕ ਔਰਤ ਅਤੇ ਏਜੰਟਾਂ ਦੀ ਮਿਲੀਭੁਗਤ ਦਾ ਸ਼ਿਕਾਰ ਬਣੀ।
ਉਨ੍ਹਾਂ ਦਸਿਆ ਕਿ ਸ਼ਰਨਾਰਥੀ ਕੈਂਪ ਵਿਚ ਉਨ੍ਹਾਂ ਨੇ ਇਕ ਵੀਡੀਉ ਤਿਆਰ ਕੀਤੀ ਅਤੇ ਅਪਣੇ ਹਾਲਾਤ ਬਾਰੇ ਦਸਿਆ। ਔਰਤ ਦਾ ਕਹਿਣਾ ਹੈ ਉਸ ਨੇ ਕਰੀਬ ਡੇਢ ਸਾਲ ਇਸ ਹਾਲਾਤ ਦਾ ਸਾਹਮਣਾ ਕੀਤਾ ਹੈ। ਔਰਤਾਂ ਮੁਤਾਬਕ ਉਨ੍ਹਾਂ ਨੂੰ ਇਕ ਕਮਰੇ ਵਿਚ ਕੈਦ ਰਖਿਆ ਜਾਂਦਾ ਸੀ ਅਤੇ ਕੁੱਟਮਾਰ ਕੀਤੀ ਜਾਂਦੀ ਸੀ। ਇਹ ਵੀਡੀਉ ਸਾਂਸਦ ਮੈਂਬਰ ਦੇ ਧਿਆਨ ਵਿਚ ਆਉਣ ਮਗਰੋਂ ਉਨ੍ਹਾਂ ਨੇ ਔਰਤਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਭਾਰਤੀ ਸਫ਼ਾਰਤਖ਼ਾਨੇ ਤਕ ਪਹੁੰਚ ਕੀਤੀ ਅਤੇ ਉਨ੍ਹਾਂ ਦੇ ਜੁਰਮਾਨੇ ਆਦਿ ਦਾ ਵੀ ਭੁਗਤਾਨ ਕੀਤਾ ਹੈ। ਇਸ ਤੋਂ ਇਲਾਵਾ ਸਾਂਸਦ ਸਾਹਨੀ ਨੇ ਇਹ ਪੂਰਾ ਮਾਮਲਾ ਪੰਜਾਬ ਡੀ.ਜੀ.ਪੀ. ਦੇ ਧਿਆਨ ਵਿਚ ਲਿਆਉਂਦਿਆਂ ਧੋਖਾਧੜੀ ਕਰਨ ਵਾਲੇ ਏਜੰਟਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।