ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ
Lok Sabha Elections 2024: ਪੰਜਾਬ ਵਿਚ ਲੋਕ ਸਭਾ ਚੋਣਾਂ 2024 ਦੌਰਾਨ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ 12,583 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 23 ਮਈ ਤੱਕ 9,616 ਅਰਜ਼ੀਆਂ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਵਲੋਂ ਪ੍ਰਵਾਨ ਕਰ ਲਈਆਂ ਗਈਆਂ ਹਨ। ਸਿਰਫ਼ 378 ਅਰਜ਼ੀਆਂ ਬਕਾਇਆ ਹਨ। ਇਸ ਤੋਂ ਇਲਾਵਾ 1,656 ਅਰਜ਼ੀਆਂ ਨੂੰ ਨਾਮਨਜ਼ੂਰ ਕੀਤਾ ਗਿਆ ਹੈ ਅਤੇ 318 ਅਰਜ਼ੀਆਂ ਸਮੀਖਿਆ ਅਧੀਨ ਹਨ ਜਦਕਿ 615 ਅਰਜ਼ੀਆਂ ਰੱਦ ਕਰ ਦਿਤੀਆਂ ਗਈਆਂ ਹਨ।
ਹੋਰ ਜਾਣਕਾਰੀ ਦਿੰਦੇ ਹੋਏ, ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦਸਿਆ ਕਿ ਹਵਾਈ ਗੁਬਾਰਿਆਂ ਲਈ 10 ਅਰਜ਼ੀਆਂ ਨੂੰ ਮਨਜ਼ੂਰੀ ਦਿਤੀ ਗਈ ਹੈ ਜਦਕਿ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਪ੍ਰਵਾਨਗੀ ਲਈ 144 ਅਰਜ਼ੀਆਂ ਨੂੰ ਮਨਜ਼ੂਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈਲੀਕਾਪਟਰ ਅਤੇ ਹੈਲੀਪੈਡ ਦੀ ਵਰਤੋਂ ਲਈ 25 ਅਰਜ਼ੀਆਂ, ਲਾਊਡਸਪੀਕਰ ਪਰਮਿਟ ਲਈ 9 ਅਰਜ਼ੀਆਂ ਅਤੇ ਆਰਜ਼ੀ ਪਾਰਟੀ ਦਫ਼ਤਰ ਖੋਲ੍ਹਣ ਲਈ 555 ਅਰਜ਼ੀਆਂ ਨੂੰ ਮਨਜ਼ੂਰੀ ਦਿਤੀ ਗਈ ਹੈ।
ਇਸੇ ਤਰ੍ਹਾਂ ਪੈਂਫਲੈਟ ਵੰਡਣ ਲਈ 59 ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਹਨ ਜਦਕਿ ਵੀਡੀਓ ਵੈਨ ਦੀ ਮਨਜ਼ੂਰੀ ਲਈ 54, ਲਾਊਡਸਪੀਕਰ ਸਮੇਤ ਮੀਟਿੰਗਾਂ ਕਰਨ ਲਈ 2083 ਅਰਜ਼ੀਆਂ ਨੂੰ ਪ੍ਰਵਾਨਗੀ ਦਿਤੀ ਗਈ ਹੈ। ਇਸ ਤੋਂ ਇਲਾਵਾ ਲਾਊਡਸਪੀਕਰ ਤੋਂ ਬਿਨਾਂ ਮੀਟਿੰਗਾਂ ਲਈ 279 ਅਰਜ਼ੀਆਂ ਨੂੰ ਮਨਜ਼ੂਰੀ ਦਿਤੀ ਗਈ ਹੈ, ਉੱਥੇ ਹੀ ਨੁੱਕੜ ਮੀਟਿੰਗਾਂ ਅਤੇ ਲਾਊਡ ਸਪੀਕਰਾਂ ਲਈ 2653 ਦਰਖਾਸਤਾਂ ਪ੍ਰਵਾਨ ਕੀਤੀਆਂ ਗਈਆਂ ਹਨ।
ਬੈਨਰ ਅਤੇ ਝੰਡੇ ਪ੍ਰਦਰਸ਼ਿਤ ਕਰਨ ਲਈ 542 ਅਰਜ਼ੀਆਂ ਨੂੰ ਮਨਜ਼ੂਰੀ ਦਿਤੀ ਗਈ ਹੈ। ਪੋਸਟਰ, ਹੋਰਡਿੰਗ ਅਤੇ ਯੂਨੀਪੋਲ ਪ੍ਰਦਰਸ਼ਿਤ ਕਰਨ ਲਈ 1228 ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਲਾਊਡਸਪੀਕਰ ਪਰਮਿਟ ਵਾਲੇ ਵਾਹਨਾਂ ਲਈ 759 ਅਰਜ਼ੀਆਂ ਨੂੰ ਮਨਜ਼ੂਰੀ ਦਿਤੀ ਗਈ, ਜਦਕਿ ਸੰਸਦੀ ਖੇਤਰ ਦੇ ਅੰਦਰ ਵਾਹਨ ਪਰਮਿਟਾਂ ਲਈ 174 ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦਸਿਆ ਕਿ ਸਭ ਤੋਂ ਵੱਧ 2078 ਅਰਜ਼ੀਆਂ ਲੁਧਿਆਣਾ ਤੋਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ 1258 ਪਟਿਆਲਾ ਤੋਂ ਅਤੇ 690 ਅਰਜ਼ੀਆਂ ਜਲੰਧਰ ਤੋਂ ਪ੍ਰਾਪਤ ਹੋਈਆਂ ਹਨ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿੱਚ ਪਾਰਟੀਆਂ ਅਤੇ ਉਮੀਦਵਾਰਾਂ ਲਈ ਬਰਾਬਰੀ ਦਾ ਮਾਹੌਲ ਯਕੀਨੀ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।