
12 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮਿਲੇਗੀ ਵਰਦੀ
ਲੁਧਿਆਣਾ: ਸਿੱਖਿਆ ਵਿਭਾਗ ਨੇ ਪੰਜਾਬ ਦੇ 12 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੁਆਰਾ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਅਤੇ ਕਿਤਾਬਾਂ ਵਿਚ ਅਕਸਰ ਹਰ ਸਾਲ ਦੇਰੀ ਹੁੰਦੀ ਹੈ ਜਿਸ ਦੇ ਚਲਦੇ ਵਿਭਾਗ ਨੇ ਇਸ ਵਾਰ ਵਰਦੀਆਂ ਦੇਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।
Students
ਇਸ ਦੇ ਤਹਿਤ ਜ਼ਿਲ੍ਹੇ ਦੇ 82 ਹਜ਼ਾਰ 663 ਵਿਦਿਆਰਥੀਆਂ ਨੂੰ ਵਰਦੀਆਂ ਮਿਲਣਗੀਆਂ। ਇਸ ਵਿਚ 32 ਹਜ਼ਾਰ 46 ਲੜਕੇ ਅਤੇ 50,617 ਲੜਕੀਆਂ ਸ਼ਾਮਲ ਹਨ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਰੀਬ ਚਾਰ ਕਰੋੜ 95 ਲੱਖ ਫੰਡ ਵੀ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਨੂੰ ਪਾਲਣ ਕਰਦੇ ਹੋਏ ਵਰਦੀਆਂ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
Students
ਕੰਪੋਜਿਟ ਐਜੂਕੇਸ਼ਨ ਮੁਹਿੰਮ ਦੇ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਵਿਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਵਿਦਿਆਰਥੀਆਂ ਨੂੰ ਵਰਦੀਆਂ ਦਾ ਸਾਈਜ਼ ਦੇਣ ਲਈ ਸਕੂਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਬਲਕਿ ਵਿਦਿਆਰਥੀਆਂ ਦੇ ਮਾਪੇ ਉਹਨਾਂ ਦਾ ਸਾਈਜ਼ ਸਕੂਲ ਨੂੰ ਮੁਹੱਈਆ ਕਰਵਾਉਣਗੇ।
Students
ਇਸ ਦੇ ਨਾਲ ਹੀ ਜੇ ਸੰਭਵ ਹੋਇਆ ਤਾਂ ਵਿਦਿਆਰਥੀਆਂ ਨੂੰ 2-2 ਮਾਸਕ ਵੀ ਮੁਹੱਈਆ ਕਰਵਾਏ ਜਾਣਗੇ। ਵਿਭਾਗ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਰਾਜ ਦੇ ਸਾਰੇ ਜ਼ਿਲ੍ਹਾ ਸਿਖਿਆ ਅਫ਼ਸਰ ਅਤੇ ਸਮੂਹ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜਿਆ ਹੈ। ਵਰਦੀਆਂ ਦਾ ਰੰਗ ਸਕੂਲ ਮੈਨੇਜਮੈਂਟ ਕਮੇਟੀ ਤੈਅ ਕਰੇਗੀ। ਵਰਦੀਆਂ ਦਾ ਰੰਗ ਅਤੇ ਪੈਰਾਮੀਟਰ ਸਬੰਧਿਤ ਸਕੂਲ ਦੀ ਮੈਨੇਜਮੈਂਟ ਕਮੇਟੀ ਤੈਅ ਕਰੇਗੀ।
Students
ਸਾਰੇ ਵਿਦਿਆਰਥੀਆਂ ਦੀ ਵਰਦੀ ਇਕ ਹੀ ਰੰਗ ਦੀ ਹੋਵੇਗੀ ਅਤੇ ਲੜਕੀਆਂ ਦੀ ਵਰਦੀ ਵਿਚ ਪੈਂਟ ਸ਼ਰਟ ਦੇਣੀ ਹੈ ਜਾਂ ਸਲਵਾਰ ਸੂਟ ਇਹ ਵੀ ਸਕੂਲ ਮੈਨੇਜਮੈਂਟ ਕਮੇਟੀ ਤੈਅ ਕਰੇਗੀ। ਇਸ ਦੇ ਨਾਲ ਹੀ ਹਰ ਇਕ ਵਿਦਿਆਰਥੀ ਲਈ ਗਰਮ ਸਵੈਟਰ, ਬੂਟ ਅਤੇ ਜਰਾਬਾਂ ਦਾ ਜੋੜਾ ਵੀ ਦਿੱਤਾ ਜਾਵੇਗਾ।
Students
ਡਾਇਰੈਕਟਰ ਦੁਆਰਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਬੀਪੀਈਓ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਕੂਲ ਨੂੰ ਕਿਸੇ ਖਾਸ ਦੁਕਾਨ ਤੋਂ ਵਰਦੀ ਖਰੀਦਣ ਲਈ ਨਹੀਂ ਕਹਿਣਗੇ। ਸਕੂਲ ਅਪਣੇ ਪੱਧਰ ਤੇ ਵਰਦੀਆਂ ਦੀ ਖਰੀਦ ਕਿਸੇ ਵੀ ਦੁਕਾਨ ਤੋਂ ਕਰ ਸਕਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੇਕੈਂਡਰੀ ਹਰਿੰਦਰ ਕੌਰ ਨੇ ਦਸਿਆ ਕਿ ਵਿਭਾਗ ਦੇ ਹੁਕਮਾਂ ਮੁਤਾਬਕ ਸਾਰੇ ਵਿਦਿਆਰਥੀਆਂ ਨੂੰ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਵਰਦੀਆਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।