
ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨਾਲ ਹੋ ਰਹੇ ਵਿਤਕਰੇ ਖਿਲਾਫ਼ ਲੰਬਾ ਸੰਘਰਸ਼ ਲੜ ਰਹੇ ਹਨ
ਚੰਡੀਗੜ੍ਹ : ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨਾਲ ਹੋ ਰਹੇ ਵਿਤਕਰੇ ਖਿਲਾਫ਼ ਲੰਬਾ ਸੰਘਰਸ਼ ਲੜ ਰਹੇ ਹਨ ਚੰਡੀਗੜ੍ਹ ਪੰਜਾਬੀ ਮੰਚ ਨੇ ਚੰਡੀਗੜ੍ਹ ਦੇ ਸਥਾਪਨਾ ਦਿਵਸ 1 ਨਵੰਬਰ 2018 ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ। ਸਮੂਹ ਸਹਿਯੋਗੀ ਸੰਸਥਾਵਾਂ ਨਾਲ ਸਾਂਝੇ ਤੌਰ 'ਤੇ ਕਾਲਾ ਦਿਵਸ ਮਨਾਉਣ ਦੇ ਇਸ ਫੈਸਲੇ ਨੂੰ ਬੂਰ ਪੈਂਦਾ ਉਸ ਵੇਲੇ ਨਜਰੀਂ ਆਇਆ ਜਦੋਂ ਪਿੰਡਾਂ ਅਤੇ ਚੰਡੀਗੜ੍ਹ ਵਾਸੀਆਂ ਨੇ ਇਸ ਲਈ ਕਮਰਕਸੇ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਪਿੰਡ ਹੱਲੋ ਮਾਜਰਾ ਅਤੇ ਪਿੰਡ ਬਹਿਲਾਣਾ ਵਾਸੀਆਂ ਨੇ ਆਪੋ-ਆਪਣੇ ਪਿੰਡਾਂ ਵਿਚ ਵੱਡਾ ਇਕੱਠ ਕਰਕੇ ਐਲਾਨ ਕੀਤਾ ਕਿ ਕਾਲਾ ਦਿਵਸ ਮਨਾਉਣ ਦੇ ਰੂਪ ਵਿਚ ਕੱਢੀ ਜਾਣ ਵਾਲੀ ਰੋਸ ਰੈਲੀ ਵਿਚ ਅਸੀਂ ਕਾਲੇ ਝੰਡੇ ਲੈ ਕੇ ਸਭ ਤੋਂ ਮੂਹਰੇ ਹੋਵਾਂਗੇ।
ਪਿੰਡ ਹੱਲੋ ਮਾਜਰਾ ਦੇ ਸਾਬਕਾ ਸਰਪੰਚ ਸੁਖਜੀਤ ਸਿੰਘ ਸੁੱਖਾ ਦੀ ਅਗਵਾਈ ਹੇਠ ਹੋਈ ਬੈਠਕ ਨੂੰ ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸੋਮਲ, ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਦੇ ਮੁੱਖ ਨੁਮਾਇੰਦੇ ਪਰਮਜੀਤ ਸਿੰਘ, ਮੇਜਰ ਸਿੰਘ ਤੇ ਦੀਪਕ ਸ਼ਰਮਾ ਚਨਾਰਥਲ ਨੇ ਸੰਬੋਧਨ ਕੀਤਾ ਤੇ ਕਾਲਾ ਦਿਵਸ ਮਨਾਉਣ ਨੂੰ ਲੈ ਕੇ ਰੂਪ ਰੇਖਾ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਹੱਲੋਮਾਜਰਾ ਵਾਸੀਆਂ ਨੇ ਐਲਾਨ ਕੀਤਾ ਕਿ ਅਸੀਂ 1 ਨਵੰਬਰ ਦੇ ਪੈਦਲ ਰੋਸ ਮਾਰਚ ਵਿਚ ਦੋ ਬੱਸਾਂ ਭਰ ਕੇ ਲਿਆਵਾਂਗੇ।
ਬੈਠਕ ਉਪਰੰਤ ਸਭਨਾਂ ਦਾ ਧੰਨਵਾਦ ਹੱਲੋਮਾਜਰਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕੀਤਾ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੇਵ ਕੁਮਾਰ ਦੀ ਦੇਖ-ਰੇਖ ਪਿੰਡ ਬਹਿਲਾਣਾ ਵਿਖੇ ਵੀ ਇਸ ਕਾਲੇ ਦਿਵਸ ਨੂੰ ਮਨਾਉਣ ਸਬੰਧੀ ਪਿੰਡ ਵਾਸੀਆਂ ਨੇ ਭਰਵੀਂ ਬੈਠਕ ਕੀਤੀ। ਪਿੰਡ ਦੀ ਸਰਪੰਚ ਬੀਬੀ ਮੋਹਿੰਦਰ ਕੌਰ ਅਤੇ ਨੰਬਰਦਾਰ ਬਚਨ ਸਿੰਘ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿਚ ਸਭ ਤੋਂ ਪਹਿਲਾਂ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਜਿੱਥੇ ਮੰਗ ਦੁਹਰਾਈ ਕਿ ਸਾਡੀ ਇਕੋ ਮੰਗ ਹੈ ਕਿ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ, ਉਥੇ ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਸਥਾਪਨਾ ਦਿਵਸ ਮਨਾਏਗਾ,
ਤਾਂ ਅਸੀਂ ਇਸ ਦਿਨ ਕਾਲਾ ਦਿਵਸ ਮਨਾਵਾਂਗੇ ਤੇ ਰੋਸ ਵਜੋਂ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30 ਤੋਂ ਸ਼ਾਮੀਂ 4 ਵਜੇ ਪੈਦਲ ਰੋਸ ਮਾਰਚ ਸ਼ੁਰੂ ਹੋਵੇਗਾ, ਜੋ ਕਿ ਸੈਕਟਰ 30, 20, 21 ਤੋਂ ਹੁੰਦਾ ਹੋਇਆ ਉਜਾੜੇ ਗਏ ਪਿੰਡ ਰੁੜਕੀ ਦੇ ਉਸ ਥਾਂ 'ਤੇ ਜਾ ਕੇ ਰੈਲੀ ਰੂਪ ਵਿਚ ਸੰਪਨ ਹੋਵੇਗਾ ਜਿਥੇ ਅੱਜ ਕੱਲ੍ਹ ਸੈਕਟਰ 21-17 ਵਾਲਾ ਚੌਕ ਹੈ। ਪਿੰਡ ਬਹਿਲਾਣਾ ਦੀ ਇਸ ਬੈਠਕ ਨੂੰ ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ ਨੇ ਵੀ ਜਿੱਥੇ ਸੰਬੋਧਨ ਕੀਤਾ, ਉਥੇ ਬੀਬੀ ਜਸਵਿੰਦਰ ਕੌਰ ਅਤੇ ਪਿੰਡ ਦੇ ਨੌਜਵਾਨ ਸਤਨਾਮ ਸਿੰਘ ਨੇ ਵੀ ਆਪਣੇ ਸੁਝਾਅ ਰੱਖੇ।
ਇਸ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਜ਼ਿੱਦ 'ਤੇ ਅੜਿਆ ਹੈ ਤਾਂ ਜ਼ਿੱਦੀ ਅਸੀਂ ਵੀ ਹਾਂ ਤੇ ਉਸ ਦਿਨ ਤੱਕ ਸੰਘਰਸ਼ ਕਰਦੇ ਰਹਾਂਗੇ ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਨਹੀਂ ਮਿਲ ਜਾਂਦਾ। ਜਦੋਂ ਦੀਪਕ ਸ਼ਰਮਾ ਚਨਾਰਥਲ ਨੇ ਪਿੰਡ ਬਹਿਲਾਣਾ ਵਾਸੀਆਂ ਨੂੰ 1 ਨਵੰਬਰ ਦੇ ਕਾਲੇ ਦਿਵਸ ਵਾਲੇ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਸਮੂਹ ਇਕੱਤਰਤਾ ਨੇ ਐਲਾਨ ਕੀਤਾ ਕਿ ਅਸੀਂ ਦੋ ਬੱਸਾਂ ਤੋਂ ਵੱਧ ਪਿੰਡ ਵਾਸੀ ਇਸ ਰੋਸ ਰੈਲੀ ਵਿਚ ਸ਼ਾਮਲ ਹੋਵਾਂਗੇ। ਮੀਟਿੰਗ ਦੀ ਕਾਰਵਾਈ ਜਿੱਥੇ ਦੇਵ ਕੁਮਾਰ ਨੇ ਚਲਾਈ,
ਉਥੇ ਸਭਨਾਂ ਦਾ ਧੰਨਵਾਦ ਸਰਪੰਚ ਬੀਬੀ ਮੋਹਿੰਦਰ ਕੌਰ ਨੇ ਕੀਤਾ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਧੰਨਜੀਤ ਸਿੰਘ, ਮਨਜੀਤ ਕੌਰ ਮੀਤ ਅਤੇ ਹੋਰ ਮੁੱਖ ਨੁਮਾਇੰਦੇ ਮੌਜੂਦ ਸਨ। ਧਿਆਨ ਰਹੇ ਕਿ ਚੰਡੀਗੜ੍ਹ ਪੰਜਾਬੀ ਮੰਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਦਾ ਸੰਘਰਸ਼ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਪੇਂਡੂ ਸੰਘਰਸ਼ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਟਰੇਡ ਯੂਨੀਅਨਾਂ ਅਤੇ ਨੌਜਵਾਨਾਂ ਸਭਾਵਾਂ ਦੇ ਸਹਿਯੋਗ ਨਾਲ ਲੜ ਰਿਹਾ ਹੈ। ਫੋਟੋ ਕੈਪਸ਼ਨ ਤਸਵੀਰ 1 ਅਤੇ 2 : ਪਿੰਡ ਬਹਿਲਾਣਾ ਵਿਚ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੱਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਦੇਵੀ ਦਿਆਲ ਸ਼ਰਮਾ, ਮੌਜੂਦ ਵੱਖੋ-ਵੱਖ ਨੁਮਾਇੰਦੇ ਅਤੇ ਪਿੰਡ ਵਾਸੀ।