ਮਾਂ ਬੋਲੀ ਪੰਜਾਬੀ, ਸਾਰੇ ਪਿੰਡ ਦੀ ਭਾਬੀ(ਭਾਗ 3)
Published : May 26, 2018, 11:46 pm IST
Updated : May 29, 2018, 8:09 pm IST
SHARE ARTICLE
Amin Malik
Amin Malik

ਪਤਾ ਨਹੀਂ ਇਹ ਪੰਜਾਬੀ ਡਾਕਟਰ ਵੀਰ ਕਿਸ ਦੇ ਢਹੇ ਚੜ੍ਹ ਗਏ ਨੇ। ਸਿੱਧੇ-ਸਾਦੇ ਸ਼ਬਦਾਂ ਨੂੰ ਇੰਜ ਵਿਗਾੜਿਆ ਹੈ ਕਿ ਬੋਲਣ ਲਗਿਆਂ ਬਾਚੀਆਂ ਵਿੰਗੀਆਂ ਹੋ ਜਾਂਦੀਆਂ ਨੇ। ਕੀ ...

ਪਤਾ ਨਹੀਂ ਇਹ ਪੰਜਾਬੀ ਡਾਕਟਰ ਵੀਰ ਕਿਸ ਦੇ ਢਹੇ ਚੜ੍ਹ ਗਏ ਨੇ। ਸਿੱਧੇ-ਸਾਦੇ ਸ਼ਬਦਾਂ ਨੂੰ ਇੰਜ ਵਿਗਾੜਿਆ ਹੈ ਕਿ ਬੋਲਣ ਲਗਿਆਂ ਬਾਚੀਆਂ ਵਿੰਗੀਆਂ ਹੋ ਜਾਂਦੀਆਂ ਨੇ। ਕੀ ਲੋੜ ਪਈ ਸੀ ਮੰਗਵੇਂ ਗਹਿਣੇ ਨੂੰ ਪਾ ਕੇ ਰੂਪ ਵਿਗਾੜਨ ਦੀ? ਜੇ ਕਦ ਵਧਾਉਣ ਲਈ ਉਚੀ ਅੱਡੀ ਵਾਲੀ ਲਿਫ਼ਟੀ ਪਾ ਕੇ ਇੰਜ ਹੀ ਤੁਰਨਾ ਹੈ ਜਿਵੇਂ ਬਲਦ ਨੂੰ ਫਾਲਾ ਵੱਜਾ ਹੁੰਦਾ ਹੈ ਜਾਂ ਭੇਡ ਨੂੰ ਪੇਵਾ ਹੋਇਆ ਹੁੰਦਾ ਹੈ ਤਾਂ ਕੀ ਲੋੜ ਹੈ ਵਖ਼ਤਾਂ ਵਿਚ ਪੈਣ ਦੀ?

ਸੋਚਦਾ ਹਾਂ ਕਿ ਲਹਿੰਦੇ ਪੰਜਾਬ ਵਾਲੇ ਗੁਰਮੁਖੀ ਲਿੱਪੀ ਧੜਾਧੜ ਸਿਖ ਰਹੇ ਨੇ। ਕੀ ਉਹ ਸਿਖ ਕੇ ਵੀ ਚੜ੍ਹਦੇ ਪੰਜਾਬ ਨਾਲ ਸਾਹਿਤਕ ਗੱਲਬਾਤ ਕਰਨ ਨੂੰ ਇਕ ਦਿਨ ਤਰਸਦੇ ਮਰ ਜਾਣਗੇ?ਵਾਰ ਵਾਰ ਪ੍ਰੋਫ਼ੈਸਰ ਮੋਹਨ ਸਿੰਘ ਯਾਦ ਆਉਂਦਾ ਹੈ ਜੋ ਅਪਣੀ ਆਖ਼ਰੀ ਸਵਾਹ ਦੇ ਸਾੜ ਨੂੰ ਵੀ ਚਨਾਬ ਦੇ ਪਾਣੀ ਵਿਚ ਪੰਜਾਬੀਅਤ ਨਾਲ ਠੰਢ ਪਾਉਣਾ ਚਾਹੁੰਦਾ ਸੀ। ਇਕ ਗੱਲ ਮੈਨੂੰ ਵਾਰ ਵਾਰ ਆਖਣੀ ਪੈਂਦੀ ਹੈ ਕਿ ਮੈਂ ਕਿਸੇ ਦੂਜੀ ਜ਼ੁਬਾਨ ਦਾ ਦੋਖੀ ਨਹੀਂ ਤੇ ਨਾ ਹੀ ਕਿਸੇ ਦੀ ਮਾਂ ਬੋਲੀ ਉਤੇ ਛਿੱਟਾਂ ਪਾਉਣ ਦਾ ਪਾਪ ਕਰਾਂਗਾ। ਮੈਂ ਕਿਸੇ ਦੇ ਚੁਬਾਰੇ ਦਾ ਵੈਰੀ ਨਹੀਂ ਪਰ ਅਪਣੀ ਕੱਖਾਂ ਦੀ ਕੁੱਲੀ ਨੂੰ ਅੱਗ ਲੱਗੀ ਵੇਖ ਕੇ ਤਾਂ ਕਲੇਜਾ ਸੜਦਾ ਹੀ ਹੈ।

ਮੈਂ ਇੰਜ ਦੀਆਂ ਲਿਖਤਾਂ ਵਾਰ ਵਾਰ ਲਿਖ ਕੇ ਅਪਣੀ ਮਾਂ ਬੋਲੀ ਦੀ ਸੜਦੀ ਕੁੱਲੀ ਨੂੰ ਛੱਟੇ ਮਾਰਦਾ ਰਹਿੰਦਾ ਹਾਂ। ਇਸ ਤੋਂ ਵੱਡੀ ਇੱਛਾ ਜੋ ਮੈਨੂੰ ਵੱਢ-ਵੱਢ ਖਾਂਦੀ ਹੈ ਉਹ ਇਹ ਹੈ ਕਿ ਮੇਰੇ ਪੇਕੇ ਅੰਮ੍ਰਿਤਸਰ ਅਤੇ ਸਹੁਰੇ ਤਾਂ ਲਾਹੌਰ ਦੀ ਸਾਂਝ ਨਾ ਟੁੱਟੇ। ਇਕੋ ਵਿਹੜੇ ਵਿਚ ਵਸਦੇ ਵਸਦੇ ਵਖਰੇ ਹੋ ਗਏ ਗਵਾਂਢੀ ਬਣ ਗਏ ਹਾਂ ਤੇ ਘੱਟੋ-ਘੱਟ ਕੰਧ ਉਤੋਂ ਮੂੰਹ ਕੱਢ ਕੇ ਹਾਲ-ਚਾਲ ਤਾਂ ਪੁੱਛਣ ਜੋਗੇ ਰਹਿ ਜਾਈਏ। ਮੇਰੀਆਂ ਕੌੜੀਆਂ ਕੁਸੈਲੀਆਂ ਗੱਲਾਂ ਸੁਣ ਕੇ ਮਾਫ਼ ਕਰ ਦੇਣ ਵਾਲਿਉ, ਜੀਅ ਮੇਰਾ ਵੀ ਕਰਦਾ ਹੈ ਕਿ ਅਪਣੀਆਂ ਲਿਖਤਾਂ ਵਿਚ ਉਰਦੂ ਦੇ ਉੱਚੇ-ਉੱਚੇ ਅਤੇ ਔਖੇ ਔਖੇ ਸ਼ਬਦ ਵਰਤ ਕੇ ਪਰਾਏ ਗਹਿਣੇ ਨਾਲ ਰੂਪ ਵਧਾਵਾਂ।

ਪਰ ਮੈਂ ਚੜ੍ਹਦੇ ਪਾਸੇ ਵਾਲੇ ਅਪਣੇ ਗਵਾਂਢੀ ਵੀਰਾਂ ਨੂੰ ਔਖਿਆਈ ਵਿਚ ਨਹੀਂ ਪਾ ਸਕਦਾ। ਮੈਂ ਅਣਘੜਿਆ, ਅਣਪੜ੍ਹਿਆ ਜਾਂ ਅਣਗੁੜ੍ਹਿਆ ਅਖਵਾ ਸਕਦਾ ਹਾਂ। ਕਦੀ ਕਦੀ ਲਿਖਦੇ ਲਿਖਦੇ ਕੋਈ ਅੜੋਣੀ ਪੈ ਜਾਂਦੀ ਏ ਕਿ ਪੰਜਾਬੀ ਦਾ ਸਿੱਧਾ-ਸਾਦਾ ਲਫ਼ਜ਼ ਨਹੀਂ ਲਭਦਾ ਪਰ ਮੈਂ ਫਿਰ ਵੀ ਉਥੇ ਉਰਦੂ ਦਾ ਸ਼ਬਦ ਵਰਤਣ ਦੀ ਬਜਾਏ ਅਪਣੇ ਪੇਕੇ ਥਾਂ ਦਾ ਪੱਖ ਕਰਦੇ ਹੋਏ ਹਿੰਦੀ, ਸੰਸਕ੍ਰਿਤ ਵਰਤਦਾ ਹਾਂ। ਮਸਲਨ ਲਫ਼ਜ਼ 'ਮਾਜ਼ੀ' ਨੂੰ 'ਅਤੀਤ', 'ਤਸੱਵੁਰ' ਨੂੰ 'ਕਲਪਨਾ', 'ਤਫ਼ਸੀਲ' ਨੂੰ 'ਵਿਸਥਾਰ' ਅਤੇ 'ਜਬਿਲੱਤ' ਨੂੰ 'ਪਰਵਿਰਤੀ' ਲਿਖਦਾ ਹਾਂ।

ਮੈਂ ਉਰਦੂ ਦਾ ਵੈਰੀ ਨਹੀਂ ਪਰ ਪਾਠਕਾਂ ਨੂੰ ਕਿਉਂ ਔਖਾ ਕਰਾਂ? ਲਹਿਜਾ ਇੰਜ ਕਰਨ ਨਾਲ ਮੇਰੇ ਸਹੁਰੇ ਘਰ ਲਾਹੌਰ ਨੂੰ ਤਾਂ ਇਨ੍ਹਾਂ ਸ਼ਬਦਾਂ ਦੀ ਸਮਝ ਨਹੀਂ ਆਉਂਦੀ ਪਰ ਅਪਣੇ ਪੇਕੇ ਅੰਮ੍ਰਿਤਸਰ ਨੂੰ ਨਾਰਾਜ਼ ਨਹੀਂ ਕਰ ਸਕਦਾ। ਸਮਝੋ ਕਿ ਮੈਂ ਪਿੱਛਲਖੁਰੀ ਹਾਂ। ਏਨਾ ਤਾਂ ਪਤਾ ਹੋਵੇਗਾ ਹੀ ਕਿ ਪੇਕਿਆਂ ਦਾ ਹਰ ਵੇਲੇ ਰੋਣਾ ਰੋਣ ਵਾਲੀ ਅਤੇ ਪੱਖ ਲੈਣ ਵਾਲੀ ਜ਼ਨਾਨੀ ਨੂੰ ਪਿੱਛਲਖੁਰੀ ਆਖਦੇ ਨੇ। ਪਿਛਲਿਆਂ ਦਾ ਬਹੁਤਾ ਖਹਿੜਾ ਕਰਨ ਵਾਲੀ ਜ਼ਨਾਨੀ ਕਦੀ ਸਹੁਰੇ ਚੰਗੀ ਤਰ੍ਹਾਂ ਨਹੀਂ ਵਸਦੀ ਵੇਖੀ।

ਇਹ ਗੱਲ ਮੈਂ ਸਭਾਈਂ ਲਿਖ ਗਿਆ ਹਾਂ ਪਰ ਨਾਲ ਹੀ ਸੋਚ ਆਈ ਹੈ ਕਿ ਹੁਣ ਕਿਧਰੇ ਹਰ ਜਣਾ-ਖਣਾ ਅਪਣੀ ਜ਼ਨਾਨੀ ਨੂੰ ਗੱਲ ਗੱਲ ਉਤੇ ਮੇਰਾ ਹਵਾਲਾ ਦੇ ਕੇ ਪਿੱਛਲਖੁਰੀ ਹੀ ਨਾ ਆਖਦਾ ਰਹੇ। ਜਦੋਂ ਵੀ ਕਿਸੇ ਪਿੱਛਲਖੁਰੀ ਬੀਬੀ ਨੇ ਅਪਣੇ ਜਣੇ ਨੂੰ ਆਖਣਾ ਹੈ “ਵੇ ਸ਼ੇਰ ਸਿੰਘਾ, ਅੱਗੋਂ ਚੇਤਰ ਵਿਚ ਮੇਰੀ ਭਣੇਵੀਂ ਦਾ ਵਿਆਹ ਏ ਤੇ ਬਣਦਾ ਸਰਦਾ ਕੁੜੀ ਲਈ ਝੱਗਾ, ਚੁੰਨੀ ਤੇ ਦੋ ਟੂੰਬਾਂ ਵੀ ਖੜਨੀਆਂ ਪੈਣੀਆਂ ਨੇ।

ਮੈਂ ਪਹਿਲਾਂ ਹੀ ਤੇਰੇ ਕੰਨਾਂ ਵਿਚੋਂ ਕੱਢ ਦਿਤਾ ਈ ਕਿ ਉਸ ਵੇਲੇ ਨਾ ਵਿਸ ਘੋਲੀਂ ਤੇ ਨਾ ਬੁੜਬੁੜ ਕਰੀਂ।'' ਅੱਗੋਂ ਖਾਵੰਦ ਨੇ ਨਾਲ ਹੀ ਆਖਣਾ ਹੈ, ''ਅਮੀਨ ਮਲਿਕ ਨੇ ਸੱਚ ਹੀ ਆਖਿਆ ਸੀ ਕਿ ਪਿੱਛਲਖੁਰੀ ਤਾਂ ਸੱਭ ਤੋਂ ਬੁਰੀ।'' ਜ਼ਨਾਨੀ ਨੇ ਸੁਣ ਕੇ ਅਮੀਨ ਮਲਿਕ ਤੇ ਛਿੱਤਰ ਲਾਹ ਲੈਣਾ ਹੈ ਤੇ ਆਖਣਾ ਹੈ, ''ਚੁੱਲ੍ਹੇ ਵਿਚ ਨਹੀਂ ਪੈਂਦਾ ਅਮੀਨ ਮਲਿਕ। ਇੰਜ ਦੇ ਸਬਕ ਪੜ੍ਹਾਉਣ ਵਾਲਾ ਵੱਡਾ ਕਾਹਨ। ਉਸ ਦੀ ਅਪਣੀ ਰੰਨ ਹੀ ਹੋਵੇਗੀ ਪਿੱਛਲਖੁਰੀ...।'' ਉਸ ਬੀਬੀ ਨੂੰ ਹੁਣ ਕੌਣ ਦੱਸੇ ਕਿ ਇਹ ਰਾਣੀ ਤਾਂ ਵਿਆਹ ਮਗਰੋਂ ਮੈਂ ਪਾਕਿਸਤਾਨ ਸੱਦ ਲਈ ਜਿਹੜੀ ਮਾਪਿਆਂ ਦੀ ਕੱਲੀ ਕੱਲੀ ਧੀ ਲੰਦਨ ਮੌਜ ਲੁਟਦੀ ਸੀ।

ਅੱਗੋਂ ਲਾਹੌਰ ਅਸਾਂ ਘਰ ਤੰਦੂਰ ਗੱਡ ਲਿਆ ਤੇ ਘਰ ਵਿਚ ਸਿਵਾਏ ਚੱਟੂ ਵੱਟਾ, ਛੱਜ ਛਾਨਣੀ ਅਤੇ ਚਿਮਟਾ ਫੂਕਣੀ ਤੋਂ ਹੋਰ ਹੈ ਵੀ ਕੁੱਝ ਨਹੀਂ ਸੀ। ਫਿਰ ਉਸ ਕਰਮਾਂ ਵਾਲੀ ਨੇ ਸਤਾਰ੍ਹਾਂ ਵਰ੍ਹੇ ਭੌਂ ਕੇ ਲੰਦਨ ਦਾ ਨਾਂ ਵੀ ਨਾ ਲਿਆ। ਇਸ ਲਈ ਹਰ ਖਾਵੰਦ ਅੱਗੇ ਮੇਰਾ ਤਰਲਾ ਹੈ ਕਿ ਕਿਸੇ ਨੂੰ ਮੇਰਾ ਹਵਾਲਾ ਦੇ ਕੇ ਪਿੱਛਲਖੁਰੀ ਨਾ ਆਖਿਉ। ਉਨ੍ਹਾਂ ਮੇਰੇ ਹੀ ਲੱਤੇ ਲੈਣੇ ਨੇ ਤੇ ਮਿੱਟੀ ਪਲੀਤ ਕਰਨੀ ਏ।ਮਾਫ਼ ਕਰਿਉ ਗੰਦੀ ਆਦਤ ਹੋਣ ਕਰ ਕੇ ਵਿਸ਼ੇ ਨੂੰ ਛੱਡ ਜਾਂਦਾ ਹਾਂ। ਪਿੱਛਲਖੁਰੀ ਵਲ ਤੁਰ ਪਿਆ ਹਾਂ। ਵਿਸ਼ਾ ਤਾਂ ਇਹ ਵੀ ਦਿਲਚਸਪ ਹੈ ਪਰ ਕਦੀ ਇਕ ਕਹਾਣੀ 'ਪਿੱਛਲਖੁਰੀ' ਜ਼ਰੂਰ ਪੇਸ਼ ਕਰਾਂਗਾ।

ਤੇ ਮੈਂ ਆਖ ਰਿਹਾ ਸਾਂ ਕਿ ਮੈਨੂੰ ਪਾਕਿਸਤਾਨ ਵਿਚ ਏਨਾ ਚੰਗਾ ਨਹੀਂ ਆਖਿਆ ਜਾਂਦਾ ਕਿ ਮੈਂ ਉਰਦੂ ਦੀ ਬਜਾਏ ਅਪਣੀ ਮਾਂ ਬੋਲੀ ਪੰਜਾਬੀ ਦਾ ਰੋਣਾ ਰੋਂਦਾ ਰਹਿੰਦਾ ਹਾਂ। ਉਹ ਮੈਨੂੰ ਹੁੱਜ ਮਾਰ ਕੇ ਆਖਦੇ ਨੇ ਕਿ ਉਰਦੂ ਸਾਡੀ ਕੌਮੀ ਜ਼ੁਬਾਨ ਹੈ। ਪਰ ਮੇਰਾ ਜਵਾਬ ਹੈ ਕਿ ਪਹਿਲਾਂ ਮਾਂ ਬੱਚੇ ਜੰਮਦੀ ਹੈ ਤੇ ਫਿਰ ਕੌਮ ਬਣਦੀ ਹੈ। ਇਸ ਕਰ ਕੇ ਮਾਂ ਨਾਲੋਂ ਕੌਮ ਅੱਗੇ ਨਹੀਂ ਹੋ ਸਕਦੀ। ਇਹ ਵੀ ਦਸਦਾ ਜਾਵਾਂ ਕਿ ਪਾਕਿਸਤਾਨ ਵਿਚ ਛਪਣ ਵਾਲੀਆਂ ਮੇਰੀਆਂ ਕਿਤਾਬਾਂ ਦੋਹਾਂ ਲਿਪੀਆਂ ਵਿਚ ਹੀ ਛਪੀਆਂ ਨੇ।

ਮੈਂ ਗੁਰਮੁਖੀ ਲਿੱਪੀ ਨੂੰ ਵੀ ਮਤਰਈ ਨਹੀਂ ਜਾਣ ਸਕਿਆ। ਇਸ ਕਰ ਕੇ ਮਾਂ ਬੋਲੀ ਪੰਜਾਬੀ ਬਾਰੇ ਕੌੜੀਆਂ ਕੜਾਂਘੀਆਂ ਗੱਲਾਂ ਨੂੰ ਮੇਰਾ ਤਅੱਸੁਬ, ਵੈਰ, ਵਿਰੋਧ ਜਾਂ ਵਿਤਕਰਾ ਜਾਣਨ ਦੀ ਬਜਾਏ ਮੇਰੇ ਇਸ਼ਕ ਦੀ ਮਜਬੂਰੀ ਆਖੋਗੇ ਤਾਂ ਮੈਂ ਧਨਵਾਦੀ ਹੋਵਾਂਗਾ। ਆਖ਼ਰ ਮੈਨੂੰ ਕੀ ਔਹਰ ਹੈ ਜਾਂ ਵੇਲਣੇ ਵਿਚ ਬਾਂਹ ਆਈ ਹੋਈ ਹੈ ਕਿ ਲੰਦਨ ਬੈਠਾ ਫਾਰਸੀ ਲਿੱਪੀ ਵਿਚ ਲਿਖ ਕੇ ਸਾਰੀਆਂ ਲਿਖਤਾਂ ਪਹਿਲਾਂ ਲਾਹੌਰ ਤੋਂ ਲਿੱਪੀ ਅੰਤਰ ਕਰਵਾਂਦਾ ਹਾਂ ਤੇ ਫਿਰ ਅਪਣੇ ਚੜ੍ਹਦੇ ਪਾਸੇ ਵਾਲੇ ਭਰਾਵਾਂ ਵਲ ਤੋਰਦਾ ਹਾਂ

 ਇੰਜ ਕਰਨ ਨਾਲ ਮੈਨੂੰ ਘੱਟੋ-ਘੱਟ ਚਾਲ੍ਹੀ ਹਜ਼ਾਰ ਰੁਪਿਆ ਸਾਲਾਨਾ ਖ਼ਰਚ ਵੀ ਕਰਨਾ ਪੈਂਦਾ ਹੈ। ਇਸ ਕਰ ਕੇ ਮੇਰੀ ਕੁਸੈਲੀ ਜਿਹੀ ਆਲੋਚਨਾ ਦਾ ਗੁੱਸਾ ਕਰਨ ਦੀ ਬਜਾਏ ਮਾਂ-ਬੋਲੀ ਦੀ ਸ਼ਦੀਦ ਮੁਹੱਬਤ ਹੀ ਆਖੋਗੇ ਤਾਂ ਖ਼ੁਸ਼ੀ ਹੋਵੇਗੀ।ਦੋਸਤੋ! ਮੈਂ ਤਾਂ ਅਪਣੀ ਮਾਂ ਦੀ ਬਖ਼ਸ਼ੀ ਹੋਈ ਅਮਾਨਤ ਦਾ ਅਮੀਨ ਹਾਂ। ਮੈਂ ਤਾਂ ਇਸ ਸਦੀਆਂ ਪੁਰਾਣੀ ਜਾਗੀਰ ਦਾ ਰਾਖਾ ਹਾਂ। ਮੈਂ ਕੋਈ ਆਗੂ, ਚੌਧਰੀ ਜਾਂ ਜਥੇਦਾਰ ਅਖਵਾਣ ਦਾ ਸ਼ੁਕੀਨ ਨਹੀਂ।

ਕੁਦਰਤੀ ਗੱਲ ਹੈ ਕਿ ਸ਼ਾਇਦ ਇਸੇ ਹੀ ਵਾਸਤੇ ਮੇਰੀ ਮਾਂ ਨੇ ਮੇਰਾ ਨਾਂ ਅਮੀਨ ਰੱਖ ਦਿਤਾ ਸੀ। ਯਾਦ ਰਹੇ ਕਿ ਅਮੀਨ ਦਾ ਮਤਲਬ ਈਮਾਨਦਾਰ ਜਾਂ ਅਮਾਨਤ ਦੀ ਹਿਫ਼ਾਜ਼ਤ ਕਰਨ ਵਾਲਾ ਹੁੰਦਾ ਹੈ। ਮੇਰਾ ਖ਼ਿਆਲ ਹੈ ਕਿ ਲੰਮੀ ਚੌੜੀ ਭੂਮਿਕਾ ਜਾਂ ਤਹਿਮੀਦ ਤੋਂ ਪਿੱਛਾ ਛੁਡਾ ਕੇ ਹੀ ਹੁਣ ਇਸ ਧੁਖਦੇ ਲੇਖ ਦੇ ਸਿਰਲੇਖ ਦੀ ਵਿਆਖਿਆ ਤੋਂ ਬਾਅਦ ਅਪਣੇ ਇਕ ਸੱਜਣ ਸੁਭਾਸ਼ ਪਰਿਹਾਰ ਦੀ ਉਸ ਲਿਖਤ ਉਤੇ ਚਾਨਣਾ ਪਾਵਾਂ ਜਿਸ ਨੇ ਮੈਨੂੰ ਅੱਜ ਫਿਰ ਇਕ ਧੁਖਣੀ ਲਾਈ ਤੇ ਮੈਂ ਵਖਤ ਵੇਦੇ ਵਿਚ ਪੈ ਕੇ ਅਪਣੀ ਮਾਂ ਬੋਲੀ ਦੀ ਫ਼ਸਲ ਨੂੰ ਵਾੜ ਦੇਣ ਲੱਗ ਪਿਆ ਹਾਂ।

ਇਹ ਫ਼ਸਲ, ਰੱਬ ਨਾ ਕਰੇ, ਨਖਸਮੀ ਹੋ ਜਾਏ ਤਾਂ ਵਾੜ ਤੋਂ ਬਗ਼ੈਰ ਹਰ ਪਸ਼ੂ ਇਸ ਦਾ ਉਜਾੜਾ ਕਰਨ ਤੁਰ ਪੈਂਦਾ ਹੈ। ਮੇਰੀ ਜਾਚੇ ਕੋਈ ਵੀ ਪੰਜਾਬੀ ਅਜਿਹਾ ਨਹੀਂ ਹੋਣਾ ਜਿਹੜਾ ਇਸ ਅਖਾਣ ਤੋਂ ਅਨਜਾਣ ਹੋਵੇ ਕਿ 'ਗ਼ਰੀਬ ਦੀ ਬੀਵੀ, ਪਿੰਡ ਦੀ ਭਾਬੀ'। ਹੋ ਸਕਦਾ ਹੈ ਕੋਈ ਸ਼ਹਿਰੀ ਬਾਬੂ, ਡਾਕਟਰ, ਪ੍ਰੋਫ਼ੈਸਰ ਇਸ ਅਖਾਣ ਦੇ ਪਿਛੋਕੜ ਨੂੰ ਵੀ ਇਸ ਕਰ ਕੇ ਪਿਛਾੜ ਗਿਆ ਹੋਵੇ ਕਿ ਪਿੰਡਾਂ ਦੇ ਅਖਾਣਾਂ ਨੂੰ ਅਸਾਂ ਤੀਲੀ ਲਾਣੀ ਹੈ।

ਮੇਰੀ ਇਸ ਸੱਚਾਈ ਨੂੰ ਸੁੱਟ ਨਾ ਪਾਇਉ। ਤਿੰਨ ਦਿਨ ਪਹਿਲਾਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਕਿਤਾਬ ਵਿਚੋਂ ਮੈਂ ਇਕ ਕਵਿਤਾ ਅਪਣੇ ਬੇਲੀ ਡਾਕਟਰ ਬਲਵੰਤ ਸਿੰਘ ਨੂੰ ਫ਼ੋਨ ਉਤੇ ਸੁਣਾ ਰਿਹਾ ਸਾਂ। ਅਜੇ ਪੰਜ ਸਤਰਾਂ ਹੀ ਸੁਣਾਈਆਂ ਸਨ ਕਿ ਡਾਕਟਰ ਪੀ.ਐਚ.ਡੀ. ਪੰਜਾਬੀ ਸਾਹਿਬ ਨੇ ਪੁਛਿਆ ਕਿ “ਤਿੜਕੇ ਹੋਏ ਬੇੜੇ, ਠਿੱਬ ਖੜਿੱਬੇ ਪੌਲੇ, ਕਾਨੇ ਘੋਘੇ, ਮਲ੍ਹੇ ਨਾਲ ਅੜੇ ਹੋਏ ਪਰੋਲੇ ਅਤੇ ਛੰਨਾਂ ਡਾਹਰੇ ਕੀ ਹੁੰਦੇ ਨੇ?''

ਇਥੋਂ ਤੀਕ ਕਿ ਸ਼ਬਦ ਫੂਹੜੀ, ਵੇਦਾ, ਕਣਕ ਦਾ ਬੁੱਥਾ, ਚੱਕੀ ਦਾ ਗੰਡ, ਖੂਹ ਦਾ ਚੰਨਾ, ਭੱਠੀ ਦੀ ਲੂੰਬੀ ਅਤੇ ਗਵਾਂਢੀ ਦੀ ਪੋਖੋ ਤਕ ਦੇ ਅਰਥ ਇਹ ਡਾਕਟਰ ਲੋਕ ਮੇਰੇ ਜਿਹੇ ਅਨਪੜ੍ਹ ਕੋਲੋਂ ਪੁਛਦੇ ਨੇ ਤਾਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਕਿਧਰੇ ਬਹੁਤਾ ਪੜ੍ਹ ਨਹੀਂ ਗਿਆ। ਭਾਵੇਂ ਮੈਂ ਪਹਿਲੀ ਤੋਂ ਲੈ ਕੇ ਦਸਵੀਂ ਤਕ ਉਰਦੂ ਅਤੇ ਅੰਗਰੇਜ਼ੀ ਹੀ ਪੜ੍ਹੀ, ਬੱਤੀ ਸਾਲ ਅੰਗਰੇਜ਼ੀ ਵਿਚ ਦਫ਼ਤਰੀ ਕੰਮ ਕੀਤੇ ਅਤੇ ਵਾਲਟਨ ਟਰੇਨਿੰਗ ਕਾਲਜ ਵਿਚ ਮੁੰਡਿਆਂ ਨੂੰ ਅੱਠ ਵਰ੍ਹੇ ਅੰਗਰੇਜ਼ੀ ਵਿਚ ਇੰਜੀਨੀਅਰਿੰਗ ਪੜ੍ਹਾਈ ਪਰ ਇਹ ਓਭੜ ਬੋਲੀਆਂ ਮੇਰੀ ਮਾਂ ਬੋਲੀ ਨੂੰ ਨਾ ਮਾਰ ਸਕੀਆਂ। ਕੀ ਯਕੀਨ ਕਰੋਗੇ ਕਿ ਸ਼ਬਦ 'ਓਭੜ' ਵੀ ਮੇਰੇ ਵੀਰ ਨਹੀਂ ਸਮਝਦੇ?

ਮੈਨੂੰ ਇਸੇ ਹੀ ਮਦਖ਼ ਦਾ ਦੁਖ ਹੈ ਕਿ ਜਿਸ ਨੂੰ ਅਪਣੀ ਮਾਂ ਬੋਲੀ ਪੂਰੀ ਨਹੀਂ ਆਉਂਦੀ ਉਹ ਲੋਕਾਂ ਦੇ ਦਵਾਰੇ ਓਪਰੇ ਸ਼ਬਦਾਂ ਲਈ ਝੋਲੀ ਕਿਉਂ ਅੱਡੀ ਫਿਰਦਾ ਏ? ਅੱਡੀਆਂ ਚੁਕ ਕੇ ਕੱਦ ਨਹੀਂ ਵਧਾ ਸਕਦਾ। ਬੇਗਾਨੀ ਪੱਗ ਮੰਗ ਕੇ ਜੰਝ ਵੇਖਣਾ ਕਿੱਥੋਂ ਦਾ ਚੱਜ ਹੈ? ਪਰਾਏ ਮੋਢੇ ਉਤੇ ਚੜ੍ਹ ਕੇ ਜਹਾਨ ਕਿਉਂ ਵੇਖਣਾ? ਜੇ ਅਪਣੀ ਛਾਬੀ ਵਿਚ ਰੋਟੀ ਦਾ ਖੰਨਾ ਚੱਪਾ ਨਹੀਂ ਤਾਂ ਪੀਜ਼ੇ ਦੀ ਤਾਂਘ ਕਰਨਾ ਅਣਖ ਦਾ ਜਨਾਜ਼ਾ ਕੱਢਣ ਵਾਲੀ ਗੱਲ ਹੈ।

ਮੈਂ ਇਕ ਡਾਕਟਰ ਸਾਹਿਬ ਨੂੰ ਇਹ ਆਖਦੇ ਸੁਣਿਆ ਕਿ “ਸਾਡੇ ਵਲ ਹੁਣ ਬਟਨ ਪ੍ਰਚਲਤ ਹੈ ਇਸ ਵਾਸਤੇ ਬੀੜਾ ਕੋਈ ਨਹੀਂ ਆਖਦਾ।'' ਇਸ ਦਾ ਮਤਲਬ ਹੋਇਆ ਕਿ ਡਾਕਟਰ ਲੋਕ ਹੁਣ 'ਗਲਮਾ' ਭੁਲ ਕੇ 'ਗਿਰੇਬਾਨ' ਹੀ ਆਖਦੇ ਹਨ।ਕਦੀ ਕਦੀ ਮੈਨੂੰ ਇਹ ਸੋਚ ਵੀ ਹੁੱਜ ਮਾਰਦੀ ਅਤੇ ਇਹ ਖ਼ਿਆਲ ਵੀ ਪੱਛ ਲਾਉਂਦਾ ਹੈ ਕਿ ਮਾਂ ਬੋਲੀ ਬਾਰੇ ਮੇਰੇ ਇਸ ਸ਼ਦੀਦ ਇਸ਼ਕ ਨੂੰ ਕੋਈ ਇਹ ਤਾਂ ਨਹੀਂ ਸਮਝਦਾ ਕਿ ਅਮੀਨ ਜਥੇਦਾਰੀ ਜਾਂ ਹੋਂਦ ਵਖਾਈ ਜਾਂ ਚੌਧਰੀ ਅਖਵਾਣ ਦਾ ਸ਼ੌਕੀ ਹੈ। ਇੰਜ ਦਾ ਲੋਭ ਲਾਭ ਅਤੇ ਵਡਿਆਈ ਵਿਖਾਣ ਵਾਲਾ ਬੰਦਾ ਹੌਲਾ ਅਤੇ ਹੋਛਾ ਹੁੰਦਾ ਹੈ।

ਮੇਰੇ ਜਿਹੇ ਨੱਸ-ਭੱਜ ਕੇ ਦਸ ਜਮਾਤਾਂ ਪਾਸ ਕਰ ਜਾਣ ਵਾਲੇ ਨੂੰ ਆਲਮ ਫ਼ਾਜ਼ਿਲ ਜਾਂ ਵਿਦਵਾਨ ਅਖਵਾਣ ਦਾ ਕੀ ਹੱਕ ਹੈ? ਮੇਰਾ ਬਚਪਨ ਤਾਂ ਭੀਖ ਮੰਗਦੇ ਲੰਘਿਆ ਹੈ। ਮੈਂ ਜਥੇਦਾਰੀ ਦੀ ਤਾਂਘ ਜਾਂ ਦਾਅਵੇ ਕਰਨ ਜੋਗਾ ਕਿਥੋਂ ਹੋਇਆ? ਮੇਰੀ ਇਹ ਵੀ ਬੇਨਤੀ ਹੈ ਕਿ ਕੋਈ ਇਹ ਨਾ ਆਖੇ ਕਿ ਅਮੀਨ ਮਾਂ ਬੋਲੀ ਬਾਰੇ ਸਿਰਫ਼ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਹੀ ਤਰਾਂਬਲ ਚਾੜ੍ਹੀ ਰਖਦਾ ਹੈ।

ਮੇਰੇ ਲਈ ਤਾਂ ਦੋਵੇਂ ਹੀ ਪੰਜਾਬ ਮੇਰੇ ਹਨ। ਪਾਕਿਸਤਾਨ ਵੀ ਮੇਰਾ ਤੇ ਭਾਰਤ ਵੀ ਮੇਰਾ ਹੈ। ਮੈਂ ਮਹਾਤਮਾ ਗਾਂਧੀ ਦੀ ਜੀਵਨੀ ਵੀ ਉਸੇ ਪਿਆਰ ਨਾਲ ਹੀ ਪੜ੍ਹੀ ਜਿਵੇਂ ਮੁਹੰਮਦ ਅਲੀ ਜਿਨਾਹ ਦੀ ਹਿਆਤੀ ਨੂੰ ਪੜ੍ਹਿਆ ਸੀ। ਇਹ ਸ਼ਹੀਦ ਊਧਮ ਸਿੰਘ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਾਕੋਰੀ ਰੇਲਵੇ ਸਟੇਸ਼ਨ ਉਤੇ ਗੋਰਿਆਂ ਦੇ ਮਾਲ ਉਤੇ ਡਾਕਾ ਮਾਰਨ ਵਾਲੇ ਸ਼ਹੀਦ ਅਸ਼ਫ਼ਾਕਉਲਾਹ ਅਤੇ ਰਾਮ ਪ੍ਰਸਾਦ ਬਿਸਮਿਲ ਵੀ ਮੇਰੇ। ਮੈਂ ਦੁੱਲਾ ਭੱਟੀ ਤੇ ਅਹਿਮਦ ਖਰਲ ਨੂੰ ਵਖਰਾ ਨਹੀਂ ਕਰਦਾ।

ਵਾਰਿਸ ਸ਼ਾਹ ਤੇ ਸ਼ਿਵ ਕੁਮਾਰ ਵੀ ਮੇਰੇ, ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਵੀ ਮੇਰੇ। ਤੁਹਾਨੂੰ ਕਿਵੇਂ ਦੱਸਾਂ ਕਿ ਮੈਨੂੰ ਕਿਹੜਾ ਕਿਹੜਾ ਦੁਖ ਖਾਂਦਾ ਹੈ? ਜਦੋਂ ਹਿੰਦੀ ਫ਼ਿਲਮਾਂ ਡਰਾਮਿਆਂ ਵਿਚ ਪੰਜਾਬੀਅਤ, ਪੰਜਾਬੀ ਬੋਲੀ ਅਤੇ ਸਭਿਆਚਾਰ ਦਾ ਜਲੂਸ ਕੱਢ ਕੇ ਮਖ਼ੌਲ ਠੱਠਾ ਜਾਂ ਖਿੱਲੀ ਉਡਾਣੀ ਹੋਵੇ ਤਾਂ ਕਿਸੇ ਟਰੱਕ ਡਰਾਈਵਰ ਜਾਂ ਢਾਬੇ ਵਾਲੇ ਪੰਜਾਬੀ ਕੋਲੋਂ ਸ਼ੁਦਾਈਆਂ ਵਾਂਗ 'ਓਏ ਓਏ' ਅਖਵਾ ਦਿਤਾ ਜਾਂਦਾ ਹੈ ਜਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਵਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੀ ਬੋਲੀ ਅਤੇ ਸਭਿਆਚਾਰ ਸਿਰਫ਼ ਮਖ਼ੌਲ ਠੱਠੇ ਦੇ ਕਾਬਲ ਹੀ ਹੈ।

ਗੱਲਾਂ ਹੋਰ ਵੀ ਬਹੁਤ ਹਨ ਪਰ ਮੈਂ ਦੂਰ ਤਕ ਨਹੀਂ ਜਾਣਾ ਚਾਹੁੰਦਾ। ਇਥੇ ਹੁਣ ਜੇ ਮੈਂ ਪੰਜਾਬੀਆਂ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਨ ਲੱਗ ਪਿਆ ਜਾਂ ਇਨ੍ਹਾਂ ਦੀਆਂ ਬਹਾਦੁਰੀਆਂ ਅਤੇ ਧਰਤੀ ਦਾ ਸੀਨਾ ਚੀਰ ਕੇ ਅਨਾਜ ਅਤੇ ਜ਼ਮਾਨੇ ਦਾ ਅੰਨ-ਪਾਣੀ ਪੈਦਾ ਕਰਨ ਦੀ ਗੱਲ ਛੇੜਾਂ ਜਾਂ ਲਾਇਲਪੁਰ ਦੇ ਪੂਰੇ ਜ਼ਿਲ੍ਹੇ ਅਤੇ ਬੰਜਰ ਬਾਰ ਅਤੇ ਜੰਡ ਕਰੀਰਾਂ ਨੂੰ ਪੁੱਟ ਕੇ ਇਕ ਬੇਬਹਾ ਵੱਡੀ ਉਜਾੜ ਨੂੰ ਵਸਾਇਆ ਜਾਂ ਸਰਸਬਜ਼ ਕੀਤਾ ਤਾਂ ਉਹ ਸਿਰਫ਼ ਪੰਜਾਬੀ ਹੀ ਸਨ। ਓਏ ਓਏ ਕਰਨ ਵਾਲੇ ਜੀਦਾਰਾਂ ਦੇ ਕਾਰਨਾਮੇ ਗਿਣਨ ਲੱਗ ਪਿਆ ਤਾਂ ਮੈਨੂੰ ਮੁਤਅੱਸਬ ਯਾਂ ਪਾਖੀ ਨਾ ਆਖਣ ਲੱਗ ਪਵੇ ਕੋਈ।

ਮੈਂ ਕਿਸੇ ਦਾ ਦੋਖੀ ਪਾਖੀ ਨਹੀਂ ਹਾਂ। ਭਾਈ ਵੀਰ ਸਿੰਘ ਨੇ ਸ਼ੇਖ਼ ਸਾਅਦੀ ਦੇ ਸ਼ਿਅਰ ਦਾ ਤਰਜਮਾ ਕਰਦੇ ਹੋਏ ਆਖਿਆ ਸੀ ਕਿ ਹੱਕ ਸੱਚ ਦੀ ਰਾਹ ਦੇ ਰਾਹੀ ਬੇਰੌਣਕ ਦੁਕਾਨ ਦੇ ਗਾਹਕ ਹੀ ਹੁੰਦੇ ਨੇ। ਮੈਂ ਵੀ ਹੱਕ ਸੱਚ ਛੱਡ ਦੇਂਦਾ ਤਾਂ ਏਨੇ ਧੱਕੇ ਨਾ ਖਾਂਦਾ। ਪਰ ਮੈਂ ਫਿਰ ਵੀ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ ਕਿ ਮੈਂ ਇਹ ਰਾਹ ਨਾ ਛਡਿਆ ਤੇ ਮੇਰੇ ਜਿਹੇ ਨਿੱਕੇ ਨਿੱਕੇ ਲੱਖਾਂ ਪੰਜਾਬੀਆਂ ਨੇ ਮੇਰੇ ਰਾਹ ਵਿਚ ਅੱਖਾਂ ਵਿਛਾਈਆਂ। ਜੋ ਮੈਂ ਕਮਾਇਆ ਉਹ ਕਿਸੇ ਡਾਕਟਰ ਪ੍ਰੋਫ਼ੈਸਰ ਦੇ ਹਿੱਸੇ ਨਹੀਂ ਆਇਆ। ਪੰਜਾਬੀਅਤ ਨਾਲ ਮੇਰਾ ਇਸ਼ਕ ਮੈਨੂੰ ਲੋਕਾਂ ਦੇ ਦਿਲਾਂ ਵਿਚ ਵਸਾ ਗਿਆ ਹੈ।

ਕੀ ਦੱਸਾਂ ਕੌਣ ਕੌਣ ਫ਼ੋਨ ਕਰ ਕੇ ਕੀ ਕੀ ਆਖਦਾ ਹੈ ਅਤੇ ਕੌਣ ਰੋ ਰੋ ਕੇ ਮੇਰੇ ਲਈ ਦੁਆਵਾਂ ਮੰਗਦਾ ਹੈ? ਅਜੇ ਕਲ ਦੀ ਗੱਲ ਹੈ ਕਿ ਬੀਬੀ ਸੁਰਮੀਤ ਕੌਰ ਨਾਲ ਗੱਲ ਹੋਈ ਤੇ ਰੋਂਦੀ ਰੋਂਦੀ ਇਕ ਹੀ ਗੱਲ ਕਰ ਸਕੀ ਤੇ ਆਖਣ ਲੱਗੀ, ''ਅਮੀਨ ਮਲਿਕ ਮੇਰਾ ਰੱਬ ਹੈ।'' ਮੈਂ ਆਖਿਆ, ਨਹੀਂ ਧੀਏ, ਅਮੀਨ ਤੇਰਾ ਬਾਬੁਲ ਹੈ। ਕੋਈ ਦੱਸੇ ਕਿ ਇਸ ਮੁਹੱਬਤ ਦਾ ਕੋਈ ਮੁੱਲ ਹੈ ਕਿਧਰੇ? ਇਸ਼ਕ ਮਾਰੂ ਵੀ ਹੈ ਤੇ ਉਸਾਰੂ ਵੀ। ਇਹ ਡੋਬੂ ਵੀ ਹੈ ਤੇ ਤਾਰੂ ਵੀ।

ਜਿਨ੍ਹਾਂ ਨੂੰ ਰੱਬ ਨਾਲ ਇਸ਼ਕ ਹੋਇਆ ਉਹ ਕੱਖਾਂ ਦੀ ਕੁੱਲੀ ਵਿਚ ਹਿਆਤੀ ਗੁਜ਼ਾਰ ਕੇ ਅਮਰ ਹੋ ਗਏ। ਇਸ਼ਕ ਹੋ ਜਾਂਦਾ ਹੈ, ਕੀਤਾ ਨਹੀਂ ਜਾਂਦਾ। ਇਸ਼ਕ ਇਕ ਬੇਵਸੀ ਦਾ ਨਾਂ ਹੈ ਜਿਸ ਵਿਚ ਆਸ਼ਿਕ ਨੂੰ ਨਾਮਤਾ ਜਾਂ ਮਹਾਨਤਾ ਦੀ ਲੋੜ ਨਹੀਂ ਰਹਿੰਦੀ। ਇਸ਼ਕ ਵਿਚ ਪਿਆਰ ਮੁਹੱਬਤ ਦਾ ਮੁੱਲ ਜਾਂ ਮਜ਼ਦੂਰੀ ਨਹੀਂ ਮੰਗੀ ਜਾਂਦੀ ਪਰ ਕਈ ਮਾਰੂ ਇਸ਼ਕ ਦੇ ਮੁਸਾਫ਼ਰਾਂ ਨੂੰ ਸਿਆਸੀ ਕੁਰਸੀ ਨਾਲ ਇਸ਼ਕ ਹੋ ਗਿਆ ਤੇ ਦਿਨ ਰਾਤ ਗ਼ਮਾਂ ਦੇ ਹਵਾਲੇ ਹੋ ਗਏ। ਦਿਲ ਦੇ ਦੌਰੇ ਪਏ, ਬਲੱਡ ਪ੍ਰੈਸ਼ਰ ਵੱਧ ਗਏ ਤੇ ਰਾਤ ਨੂੰ ਰੱਬ ਦੀ ਦਿਤੀ ਕੁਦਰਤੀ ਮਿੱਠੀ ਨੀਂਦਰ ਤੋਂ ਵਾਂਝੇ ਹੋ ਜਾਣ ਨਾਲ ਨੀਂਦਰ ਦੀਆਂ ਗੋਲੀਆਂ ਖਾਂਦੇ ਮਰ ਗਏ।

ਕਈਆਂ ਨੂੰ ਦੇਸ਼ਨਿਕਾਲਾ ਮਿਲਿਆ ਤੇ ਕਈ ਕੁਰਸੀ ਦੇ ਇਸ਼ਕ ਵਿਚ ਫਾਂਸੀ ਚੜ੍ਹ ਗਏ। ਕਈਆਂ ਨੇ ਦੌਲਤ ਨਾਲ ਇਸ਼ਕ ਕਰ ਕੇ ਦੌਲਤ ਹੱਥੋਂ ਹੀ ਜਾਨ ਗਵਾ ਲਈ। ਇਹ ਮਾਰੂ ਇਸ਼ਕ ਰੱਬ ਕਿਸੇ ਦੇ ਪੱਲੇ ਨਾ ਪਾਵੇ।ਇਹ ਇਸ਼ਕ ਵਾਲੀ ਗੱਲ ਤਾਂ ਐਵੇਂ ਕਰ ਗਿਆ ਹਾਂ... ਅਸਲ ਗੱਲ ਵਲ ਤੁਰਦੇ ਹੋਏ ਆਖਾਂਗਾ ਕਿ ਅਸੀ ਪੰਜਾਬੀ ਲੋਕ ਅਪਣੇ ਆਪ ਨੂੰ ਧਨੰਤਰ, ਕਾਹਿਨ, ਨਾਢੋ ਸਰਾਫ਼ ਅਤੇ ਫੰਨੇ ਖ਼ਾਨ ਸਮਝਦੇ ਹੋਏ ਪੈਰ ਪੈਰ ਤੇ ਆਖਦੇ ਫਿਰਦੇ ਹਾਂ 'ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ' ਅਤੇ 'ਪੰਜਾਬੀਆਂ ਨੇ ਫੱਟੇ ਚੁੱਕ 'ਤੇ'। ਅਸੀ ਫੱਟੇ ਚੁਕਦੇ ਫਿਰਦੇ ਹਾਂ ਪਰ ਅਪਣੀਆਂ ਸਾਡੀਆਂ ਚੂਲਾਂ ਹਿੱਲੀਆਂ ਪਈਆਂ ਨੇ।

ਬੜੇ ਚਤਰ ਚਾਲਾਕ ਅਤੇ ਚਾਤਰ ਬਣੇ ਫਿਰਦੇ ਹਾਂ। ਪਰ ਅਸਾਂ ਅਪਣੀ ਬੋਲੀ ਬਾਰੇ ਕਦੀ ਨਹੀਂ ਸੋਚਿਆ ਕਿ ਅਸੀ ਵੀ ਉਸ ਚਾਤਰ ਕਾਂ ਵਰਗੇ ਹੀ ਹਾਂ ਜਿਸ ਦੇ ਆਲ੍ਹਣੇ ਵਿਚ ਕੋਇਲ ਚੁਪ ਕਰ ਕੇ ਆਂਡੇ ਦੇ ਜਾਂਦੀ ਹੈ ਤੇ ਉਹ ਕਮਲਾ ਕਾਂ ਕੋਇਲ ਦੇ ਹੀ ਬੱਚੇ ਪਾਲਦਾ ਰਹਿੰਦਾ ਹੈ। ਇਹ ਦੱਸਣ ਦੀ ਲੋੜ ਤਾਂ ਨਹੀਂ ਕਿ ਕੋਇਲ ਨਾ ਅਪਣਾ ਆਲ੍ਹਣਾ ਬਣਾਉਂਦੀ ਹੈ ਤੇ ਨਾ ਉਸ ਵਿਚ ਆਂਡੇ ਦੇ ਕੇ ਅਪਣੇ ਬੱਚੇ ਕਢਦੀ ਹੈ। ਉਹ ਮਲਕੜੇ ਹੀ ਚੋਰੀ ਚੋਰੀ ਕਾਂ ਦੇ ਆਲ੍ਹਣੇ ਵਿਚੋਂ ਕਾਂ ਦਾ ਆਂਡਾ ਇਕ ਇਕ ਕਰ ਕੇ ਅਡੋਲ ਹੀ ਥੱਲੇ ਸੁੱਟੀ ਜਾਂਦੀ ਹੈ ਤੇ ਅਪਣਾ ਆਂਡਾ ਰੋਜ਼ ਹੀ ਦੇ ਜਾਂਦੀ ਹੈ।

ਉਹ ਸਾਡੇ ਵਰਗੇ ਚਾਤਰ ਕਾਂ ਇਹ ਅਪਣੇ ਆਂਡੇ ਸਮਝ ਕੇ ਕੋਇਲ ਦੇ ਬੱਚੇ ਕਢਦਾ ਤੇ ਪਾਲਦਾ ਹੈ। ਜਿਵੇਂ ਬਤਖ਼ ਦੇ ਆਂਡੇ ਲੋਕ ਪਾੜੇ ਬੈਠੀ ਕੁੱਕੜੀ ਥੱਲੇ ਰੱਖ ਦੇਂਦੇ ਨੇ ਤੇ ਬਤਖ਼ ਫਿਰ ਮਾਲਕ ਬਣ ਕੇ ਅਪਣਾ ਟੱਬਰ ਪਾਲ ਲੈਂਦੀ ਏ। ਸੋ! ਅਸੀ ਫੱਟੇ ਚੁਕ ਦੇਣ ਵਾਲੇ ਚਾਤਰ ਲੋਕਾਂ ਦੇ ਭਾਗੀਂ ਹੀ ਜੰਮੇ ਹਾਂ। ਚੌਧਰੀ ਹੋ ਕੇ ਵੀ ਸੀ.ਪੀ. ਬਣਨ ਦਾ ਸ਼ੌਕ ਹੈ ਸਾਨੂੰ। ਲਹਿੰਦੇ ਪੰਜਾਬ ਵਲ ਹੀ ਵੇਖ ਲਵੋ। ਸੱਠ-ਸੱਤਰ ਫ਼ੀ ਸਦੀ ਆਬਾਦੀ ਪੰਜਾਬੀਆਂ ਦੀ ਹੈ ਪਰ ਸਾਡੇ ਆਲ੍ਹਣੇ ਵਿਚ ਉਰਦੂ ਦੇ ਆਂਡੇ ਰੱਖ ਦਿਤੇ ਗਏ। ਅਸੀ ਉਹੀ ਬੱਚੇ ਕਢਦੇ ਅਤੇ ਉਨ੍ਹਾਂ ਨੂੰ ਹੀ ਚੋਗਾ ਚਾਰੀ ਜਾਂਦੇ ਹਾਂ।

ਇਹ ਇਕ ਪੰਜਾਬ ਦੀ ਹੀ ਬੇੜੀ ਵੱਟੇ ਨਹੀਂ ਪਏ, ਸਗੋਂ ਹਰ ਦੋ ਲਾਹਨਤ ਹੈ। ਹੁਣ ਅਪਣੇ ਸੋਗ ਦੀ ਫੂਹੜੀ ਲਪੇਟਦੇ ਹੋਏ ਆਖ਼ਰੀ ਵੈਣ ਇੰਜ ਹੀ ਪਾਵਾਂਗਾ ਕਿ ਚੁੱਲ੍ਹਾ ਚੌਂਕਾ ਸਾਡਾ ਪਰ ਰੋਟ ਲੋਕਾਂ ਦੇ ਪਕਦੇ, ਕਪੜਾ ਸਾਡਾ ਤੇ ਕੋਟ ਬੇਗਾਨਿਆਂ ਦੇ ਸੀਪਦੇ ਅਤੇ ਆਲ੍ਹਣਾ ਸਾਡਾ ਤੇ ਵਿਚ ਬੋਟ ਲੋਕਾਂ ਦੇ ਪਲਦੇ ਨੇ।  ਇਸ ਤੋਂ ਵੱਡਾ ਕੀ ਜ਼ੁਲਮ ਹੋਵੇਗਾ ਕਿ ਪਾਕਿਸਤਾਨ ਵਿਚ ਸੱਤਰ ਫ਼ੀ ਸਦੀ ਪੰਜਾਬੀ ਪਰ ਪੰਜਾਬ ਅਸੈਂਬਲੀ ਵਿਚ ਕੋਈ ਜੁਰਅਤ ਨਾ ਕਰ ਸਕਿਆ ਕਿ ਉਹ ਅਪਣੀ ਮਾਂ ਬੋਲੀ ਵਿਚ ਹਲਫ਼ ਚੁਕ ਸਕੇ। ਨਿੱਕੇ ਜਿਹੇ ਇਲਾਕੇ ਸਿੰਧ ਵਿਚ ਅਪਣੀ ਮਰਜ਼ੀ ਨਾਲ ਅਪਣੀ ਬੋਲੀ ਵਿਚ ਹਲਫ਼ ਚੁਕਦੇ ਨੇ।

ਇਹ ਬਹੁਤੇ ਸਿਆਣੇ ਪੰਜਾਬੀ ਕਾਂ ਲੋਕਾਂ ਦੇ ਬੋਟ ਪਾਲਣ ਵਾਲੇ ਸਰਕਾਰੀ ਤੌਰ ਤੇ ਨਾ ਕੋਈ ਅਖ਼ਬਾਰ ਕੱਢ ਸਕੇ ਤੇ ਨਾ ਸਕੂਲਾਂ ਵਿਚ ਪੰਜਾਬੀ ਨੂੰ ਅੰਦਰ ਵੜਨ ਦਿਤਾ। ਇਕ ਮੇਰੇ ਵਰਗਾ ਸ਼ੁਦਾਈ ਪ੍ਰੋਫ਼ੈਸਰ ਜਮੀਲ ਪਾਲ ਹੈ ਜੋ ਅਪਣੇ ਬੱਚਿਆਂ ਨੂੰ ਕਿਰਾਏ ਦੇ ਮਕਾਨ ਵਿਚ ਰੱਖ ਕੇ ਅਪਣੀ ਸਾਰੀ ਤਨਖ਼ਾਹ ਫੂਕ ਕੇ ਇਕ ਪੰਜਾਬੀ ਅਖ਼ਬਾਰ ਕੱਢੀ ਆਉਂਦਾ ਹੈ। ਜਾਅਲੀ ਅਤੇ ਅਖੌਤੀ ਆਗੂ ਇਲਿਆਸ ਘੁੰਮਣ ਅਤੇ ਫ਼ਖ਼ਰ ਜ਼ਮਾਨ ਵਰਗੇ ਮੌਸਮੀ ਖੁੰਬਾਂ ਵਾਂਗ ਉਗੇ ਪਰ ਦੁੱਧ ਪੀਣ ਵਾਲੇ ਨਜ ਨੂੰ ਖ਼ੂਨ ਦੇਣ ਦਾ ਵੇਲਾ ਆਇਆ ਤਾਂ ਅੰਦਰ ਵੜ ਕੇ ਬੂਹਾ ਢੋਹ ਲਿਆ।

ਤਸਵੀਰਾਂ ਲੁਹਾਉਣ ਦੇ ਸ਼ੌਕੀ ਅਜਕਲ ਦੜ ਮਾਰ ਕੇ ਆਖਦੇ ਨੇ, ''ਅਸਾਂ ਕੀ ਲੈਣੈ ਇਸ ਸੂਰ ਦੇ ਸ਼ਿਕਾਰ ਵਿਚੋਂ।'' ਦੋਸਤੋ! ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਿੰਧ ਵਿਚ ਪੰਦਰਾਂ ਅਖ਼ਬਾਰ ਸਿੰਧੀ ਜ਼ੁਬਾਨ ਵਿਚ ਨਿਕਲਦੇ ਹਨ ਅਤੇ ਸਕੂਲਾਂ ਵਿਚ ਸਿੰਧੀ ਪੜ੍ਹਾਈ ਜਾਂਦੀ ਹੈ। ਕੀ ਉਨ੍ਹਾਂ ਦੀ ਕੌਮੀ ਜ਼ੁਬਾਨ ਉਰਦੂ ਨਹੀਂ? ਪਰ ਉਹੀ ਗੱਲ ਕਿ ਅਸੀ ਲੋਕਾਂ ਦੇ ਭਾਗੀਂ ਜੰਮੇ, ਅਪਣੀ ਪੱਗ ਬਾਲ ਕੇ ਲੋਕਾਂ ਨੂੰ ਛੱਲੀਆਂ ਭੁੰਨ ਭੁੰਨ ਦੇਂਦੇ ਹਾਂ। (ਚਲਦਾ)   ਸੰਪਰਕ- 02085192139

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement