ਮਾਂ ਬੋਲੀ ਪੰਜਾਬੀ, ਸਾਰੇ ਪਿੰਡ ਦੀ ਭਾਬੀ(ਭਾਗ 4)
Published : May 27, 2018, 12:17 am IST
Updated : May 29, 2018, 8:09 pm IST
SHARE ARTICLE
Amin Malik
Amin Malik

ਇਹ ਮੈਂ ਦੱਸ ਚੁਕਾ ਹਾਂ ਕਿ ਪੰਜਾਬੀ ਕੌਮ ਬਹਾਦੁਰ, ਜੀ ਦਾਰ, ਦਲੇਰ, ਮਿਹਨਤੀ ਅਤੇ ਯਾਰਾਂ ਦੀ ਯਾਰ ਹੈ। ਪਰ ਜੇ ਬਹਾਦੁਰੀ ਦਲੇਰੀ ਵਿਚੋਂ ਅਕਲ ਕੱਢ ਲਈਏ ਤਾਂ ਫਿਰ ਆਪੇ ਹੀ ...

ਇਹ ਮੈਂ ਦੱਸ ਚੁਕਾ ਹਾਂ ਕਿ ਪੰਜਾਬੀ ਕੌਮ ਬਹਾਦੁਰ, ਜੀ ਦਾਰ, ਦਲੇਰ, ਮਿਹਨਤੀ ਅਤੇ ਯਾਰਾਂ ਦੀ ਯਾਰ ਹੈ। ਪਰ ਜੇ ਬਹਾਦੁਰੀ ਦਲੇਰੀ ਵਿਚੋਂ ਅਕਲ ਕੱਢ ਲਈਏ ਤਾਂ ਫਿਰ ਆਪੇ ਹੀ ਸੋਚ ਲਵੋ ਕਿ ਬਾਕੀ ਕੀ ਰਹਿ ਜਾਂਦਾ ਹੈ? ਬਦਾਮ ਬੜੀ ਤਾਕਤਵਰ ਸ਼ੈਅ ਹੈ ਪਰ ਵਿਚੋਂ ਗਿਰੀ ਕੱਢ ਕੇ ਸੁੱਟ ਦਈਏ ਤਾਂ ਬਾਕੀ ਸਿਰਫ਼ ਛਿੱਲੜ ਹੀ ਰਹਿ ਜਾਂਦਾ ਹੈ। ਸਾਡੀ ਦਲੇਰੀ ਦੇ ਰੁੱਖ ਉਤੇ ਬੜਾ ਫੱਲ ਲਗਦਾ ਹੈ ਪਰ ਜਦੋਂ ਵੀ ਇਹ ਰੁੱਖ ਫੁੱਲਾਂ ਤੇ ਆਉਂਦਾ ਹੈ

ਅਸੀ ਡਾਂਗ ਫੜ ਕੇ ਹੱਥੀਂ ਝਾੜ ਦੇਂਦੇ ਹਾਂ। ਪੰਜਾਬੀ ਮਨੁੱਖ ਦੀਆਂ ਦਾਸਤਾਨਾਂ ਸੋਨੇ ਦੇ ਪਾਣੀ ਨਾਲ ਲਿਖਣ ਵਾਲੀਆਂ ਹਨ ਪਰ ਬੇਵਕੂਫ਼ ਬਹਾਦੁਰ ਦੇ ਹੱਥ ਲਾਠੀ ਫੜਾ ਦੇਈਏ ਤਾਂ ਜੀ ਕਰੇ ਉਹ ਅਪਣਿਆਂ ਦੇ ਹੀ ਖੁੰਨੇ ਪਾੜੀ ਜਾਵੇ ਤੇ ਸੱਜਣਾਂ ਦੇ ਤਾਲੂ ਹੀ ਸੇਕੀ ਜਾਵੇ। 1947 ਦੀ ਵੰਡ ਵੇਲੇ ਜੋ ਬਹਾਦੁਰੀ ਹੂੜਮਤ ਇਨ੍ਹਾਂ ਕੀਤੀ ਤੁਸਾਂ ਵੇਖ ਲਈ ਹੋਵੇਗੀ। ਇਨ੍ਹਾਂ ਹਮੇਸ਼ਾ ਹੀ ਕੁਥਾਂ ਮੂਤਿਆ ਹੈ।

ਇਹ ਵੰਡ ਤਾਂ ਸਿੰਧ, ਯੂ.ਪੀ., ਬਲੋਚਿਸਤਾਨ ਵਿਚ ਵੀ ਹੋਈ ਸੀ, ਕਿਸੇ ਨੇ ਕਿਸੇ ਨੂੰ ਉਂਗਲੀ ਨਹੀਂ ਲਾਈ। ਪੰਜਾਬ ਵਿਚ ਧੀਆਂ-ਭੈਣਾਂ ਨੂੰ ਵੀ ਮਾਫ਼ ਨਾ ਕੀਤਾ ਗਿਆ। ਨਾ ਲਹਿੰਦੇ ਪੰਜਾਬੀਆਂ ਨੇ ਘੱਟ ਕੀਤੀ ਤੇ ਨਾ ਚੜ੍ਹਦੇ ਪੰਜਾਬ ਨੇ ਹਯਾ ਨੂੰ ਹੱਥ ਮਾਰਿਆ। ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਹਕੂਮਤ ਨੂੰ ਕਿਸੇ ਬੇਗਾਨੇ ਨੇ ਤਾਂ ਨਹੀਂ ਸੀ ਉਜਾੜਿਆ, ਇਹ ਅਸਾਂ ਆਪ ਹੀ ਕਾਰਨਾਮੇ ਕੀਤੇ ਸਨ।

ਪਰ ਕੀ ਕੀਤਾ ਜਾਏ! ਇਹ ਸੱਭ ਕੁੱਝ ਸਾਡੀ ਗੁੜ੍ਹਤੀ ਵਿਚੋਂ ਹੀ ਮਿਲਿਆ ਹੈ। ਅਸੀ ਪੋਤੜਿਆਂ ਦੇ ਵਿਗੜੇ ਕਿਵੇਂ ਸਿੱਧੇ ਹੋਈਏ? ਆਦਤਾਂ ਅਤੇ ਖ਼ਸਲਤਾਂ ਅਖ਼ੀਰ ਤਕ ਨਾਲ ਰਹਿੰਦੀਆਂ ਨੇ। ਬਸ ਇਸ ਹਕੀਕਤ ਦੀ ਮਿਸਾਲ ਇਹ ਹੀ ਢੁਕਦੀ ਹੈ ਕਿ 'ਚੁੱਲ੍ਹਾ ਨਾ ਰੱਜੇ ਅੰਗਾਰਿਆਂ ਤੇ, ਪੁੱਤਾਂ ਰੱਜੇ ਨਾ ਮਾਂ। ਮਰਦ ਨਾ ਰੱਜੇ ਜ਼ਨਾਨੀਆਂ ਤੇ ਰੋਟੀਓਂ ਰੱਜੇ ਨਾ ਕਾਂ'।

ਇਹ ਖ਼ਸਲਤ ਅਤੇ ਫ਼ਿਤਰਤ ਹੈ ਕਿ ਪੰਜਾਬੀਆਂ ਦੀਆਂ ਖ਼ੂਬੀਆਂ ਅਤੇ ਖ਼ਰਾਬੀਆਂ ਨੂੰ ਜਦੋਂ ਵੀ ਤਰਾਜ਼ੂ ਵਿਚ ਰਖਦਾ ਹਾਂ ਤਾਂ ਦੋਵੇਂ ਪਲੜੇ ਇਕੋ ਜਿਹੇ ਨਜ਼ਰ ਆਉਂਦੇ ਨੇ। ਦੁਨੀਆਂ ਦੇ ਕਿਸੇ ਵੀ ਬੰਦੇ ਨੂੰ ਫਾਂਸੀ ਦਾ ਹੁਕਮ ਹੋ ਜਾਏ ਤਾਂ ਮਰਨ ਤੋਂ ਪਹਿਲਾਂ ਹੀ ਅੱਧਾ ਮਰ ਜਾਂਦਾ ਹੈ ਪਰ ਪੰਜਾਬੀ ਸ਼ੇਰਾਂ ਨੇ ਫਾਂਸੀ ਦੇ ਫੰਦੇ ਨੂੰ ਚੁਮ ਕੇ ਕੈਂਠਾ ਸਮਝ ਕੇ ਗਲ ਪਾਇਆ ਹੈ। ਇਹ ਅਜਿਹੇ ਅਸੀਲ ਕੁੱਕੜ ਨੇ ਜਿਹੜੇ ਪਿੜ ਕਦੀ ਨਹੀਂ ਛੱਡ ਕੇ ਜਾਂਦੇ।

ਇਹ ਗੱਲ ਗੱਲ ਤੇ ਮਰਨ ਨੂੰ ਹੀ ਬਹਾਦੁਰੀ ਸਮਝਦੇ ਹਨ। ਇਨ੍ਹਾਂ ਬਾਰੇ ਬੜਾ ਸੋਚਿਆ ਪਰ ਕੋਈ, ਨਤੀਜਾ ਜਾਂ ਸਿੱਟਾ ਮੇਰੇ ਹੱਥ ਨਹੀਂ ਆਉਂਦਾ ਕਿ ਇਨ੍ਹਾਂ ਨੂੰ ਤਖ਼ਤ ਉਤੇ ਬਿਠਾਵਾਂ ਕਿ ਤਖ਼ਤੇ ਉਤੇ ਪਾ ਕੇ ਆਖਾਂ ਕਿ ਲਉ ਹੁਣ ਚੁਕਦੇ ਰਹੋ ਫੱਟੇ।ਗੱਲ ਪਤਾ ਨਹੀਂ ਕਿੱਥੋਂ ਦੀ ਕਿੱਥੇ ਚਲੀ ਗਈ ਹੈ। ਮੇਰੇ ਜਜ਼ਬਾਤ ਵੀ ਅਲਕ ਵਹਿੜਕੇ ਅਤੇ ਅੱਥਰੇ ਵਛੇਰੇ ਵਰਗੇ ਹਨ ਜੋ ਵੱਸ ਤੋਂ ਬਾਹਰ ਹੋ ਜਾਂਦੇ ਨੇ ਜਾਂ ਮੰਦੀ ਆਦਤ ਆਖ ਲਵੋ ਕਿ ਗਲ ਨੂੰ ਲੱਸੀ ਅਤੇ ਲੜਾਈ ਵਾਂਗ ਵਧਾਈ ਜਾਂਦਾ ਹਾਂ। ਮੇਰਾ ਸਿਰਲੇਖ ਤਾਂ ਕੁੱਝ ਹੋਰ ਆਖਦਾ ਹੈ,

ਗੱਲ ਮੈਂ ਢਾਕੇ ਬੰਗਾਲੇ ਦੀ ਕਰ ਗਿਆ ਹਾਂ। ਵੇਰਵਾ ਵਿਆਖਿਆ ਤਾਂ ਇਹ ਕਰਨ ਲੱਗਾ ਸਾਂ ਕਿ ਮਾੜੇ ਦੀ ਜ਼ਨਾਨੀ ਸਾਰੇ ਪਿੰਡ ਦੀ ਭਾਬੀ ਵਿਚਾਰੀ ਕਿਉਂ ਅਤੇ ਕਿਵੇਂ ਬਣਾਈ ਜਾਂਦੀ ਹੈ? ਅਸਲ ਗੱਲ ਹੈ ਕਿ ਮਾੜੇ ਕੋਲ ਬੂਥਾ ਭੰਨਣ ਦੀ ਦਿੜ੍ਹਤਾ ਨਹੀਂ ਹੁੰਦੀ। ਜਦੋਂ ਪਿੱਛਾ ਕਮਜ਼ੋਰ ਹੋਵੇ ਤਾਂ ਹਰ ਸ਼ਹੁਦੇ ਛਰਲੇ ਕੋਲੋਂ ਭਾਬੀ ਅਖਵਾਉਣ ਵਾਲੀ ਸ਼ਰੀਫ਼ ਜ਼ਨਾਨੀ ਕਿਹੜੇ ਆਸਰੇ ਤੇ ਛਿੱਤਰ ਲਾਹ ਲਵੇ।

ਇਸ ਕਰ ਕੇ ਪਿੰਡ ਦੇ ਵਾਧੂ ਵੱਛੇ ਅਪਣਾ ਮਨ ਕਰਾਰਾ, ਦਿਲ ਪਿਸ਼ੌਰੀ ਅਤੇ ਅੱਖਾਂ ਸਲੂਣੀਆਂ ਕਰਨ ਲਈ ਉਸ ਗ਼ਰੀਬ ਦੀ ਬੀਵੀ ਨੂੰ ਭਾਬੀ ਆਖ ਕੇ ਅਪਣੀ ਜੀਭ ਦੀ ਉੱਲੀ ਲਾਹ ਲੈਂਦੇ ਨੇ। ਅਖੇ 'ਸੁਣਾ ਭਾਬੀ ਕਿੱਥੋਂ ਆਈ ਏਂ? ਅੱਜ ਤੇ ਬੜੀ ਟੱਸ ਕੱਢੀ ਊ।' ਬਸ ਏਨੀ ਗੱਲ ਨਾਲ ਹੀ ਰੂਹ ਸਰਸਰਾ ਕਰਨ ਵਾਲੇ ਇੰਜ ਦੇ ਨਾਕਾਮ ਹਸਰਤਾਂ,

ਹਾਰੇ ਹੋਏ ਅਰਮਾਨ ਅਤੇ ਠਰੇ ਹੋਏ ਜਜ਼ਬਿਆਂ ਵਾਲੇ ਮੁਸ਼ਟੰਡੇ ਬਗ਼ੈਰ ਪੀਂਘ ਤੋਂ ਹੂਟਾ ਲੈਣ ਵਾਲੇ ਵਧੇਕਲ ਗ਼ਰੀਬ ਦੀ ਜ਼ਨਾਨੀ ਨੂੰ ਭੈਣ ਦੀ ਬਜਾਏ ਭਾਬੀ ਦਾ ਸਾਕ ਬਣਾ ਕੇ ਦੋ ਮਿੱਠੀਆਂ ਫਿੱਕੀਆਂ ਕਰ ਕੇ ਬੁੱਲ੍ਹਾਂ ਉਤੇ ਜੀਭ ਫੇਰ ਲੈਂਦੇ ਨੇ। ਇਹ ਸ਼ੋਹਦੇ ਵੀ ਕੀ ਕਰਨ, ਜਿਨ੍ਹਾਂ ਨੂੰ ਕਦੀ ਗੰਨਾ ਨਾ ਜੁੜਿਆ ਹੋਵੇ, ਉਹ ਆਗ ਦੀ ਗੁੱਲੀ ਚੂਪ ਕੇ ਹੀ ਮੂੰਹ ਮਿੱਠਾ ਕਰ ਲੈਂਦੇ ਨੇ।

ਦੁੱਧ ਦੀ ਲੱਪ ਨਾ ਲੱਭੇ ਤਾਂ ਕਾੜ੍ਹਨੀ ਚੱਟ ਕੇ ਹੀ ਝਟ ਲੰਘਾਉਂਦੇ ਨੇ। ਇੰਜ ਦੇ ਬੇਕਦਰੇ, ਥੋੜਾਂ ਦੇ ਮਾਰੇ, ਘਾਟਿਆਂ ਦੇ ਫੰਡੇ ਹੋਏ ਲੋਕ ਭਾਬੀ ਦਾ ਰਿਸ਼ਤਾ ਜਗਾ ਕੇ ਦਿਲ ਦੇ ਬੁੱਝੇ ਹੋਏ ਦੀਵੇ ਦੀ ਵੱਟੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਅਖੇ ਨਾਲੇ ਮਾਸੀ ਤੇ ਨਾਲੇ ਚੂੰਢੀਆਂ। ਜੇ ਉਸ ਗ਼ਰੀਬ ਦੀ ਬੀਵੀ ਵਿਚਾਰੀ ਨੇ ਕਦੀ ਝੱਗਾ ਚੁੰਨੀ ਫੁਲਕ ਕੇ ਗਲ ਪਾਇਆ ਹੋਵੇ ਤਾਂ ਆਖਦੇ ਨੇ, ''ਅੱਜ ਤਾਂ ਬੜੀ ਨਿਖਰੀ ਏਂ ਭਾਬੀ, ਕਿਧਰੇ ਵਿਆਹ ਦੀ ਤਿਆਰੀ ਤੇ ਨਹੀਂ?''

ਅਗਲੇ ਹੀ ਮੋੜ ਤੇ ਕਿਸੇ ਕਾਮੇ ਨੂੰ ਦੁੱਧ ਦਾ ਕਰਮੰਡਲ ਚੁਕਵਾਈ ਆਉਂਦੀ ਫ਼ਰੀਦ ਦੋਲਤਾਨੇ ਦੀ ਜ਼ਨਾਨੀ ਟੱਕਰ ਜਾਏ ਤਾਂ ਬੜੇ ਅਦਬ ਨਾਲ ਮੱਥੇ ਉਪਰ ਹੱਥ ਰੱਖ ਕੇ ਆਖਦੇ ਨੇ, ''ਸਲਾਮ ਆਖਦਾ ਹਾਂ ਭੈਣ ਜੀ।'' ਇਹ ਬੇਜ਼ਮੀਰੇ ਮਰਦਾਂ ਉਤੇ ਪਈ ਹੋਈ ਫਿਟਕਾਰ ਅਤੇ ਬੇਵਸੀ ਦੀ ਲਾਹਨਤ ਹੈ।ਅਪਣੇ ਲੇਖ ਦੇ ਸਰਲੇਖ ਵੀ ਵਿਆਖਿਆ ਲਈ ਨਿੱਕੀ ਜਿਹੀ ਗੱਲ ਨੂੰ ਬਹੁਤਾ ਇਸ ਕਰ ਕੇ ਖੋਲ੍ਹਿਆ ਹੈ

ਕਿ ਗ਼ਰੀਬ ਦੀ ਬੀਵੀ ਵੀ ਮੇਰੀ ਮਾਂ ਬੋਲੀ ਪੰਜਾਬੀ ਵਾਂਗ ਇਕ ਸ਼ਾਮਲਾਟ ਵਰਗੀ ਜ਼ਮੀਨ ਹੈ ਜਿੱਥੋਂ ਜਿਹੜਾ ਮਰਜ਼ੀ ਮਿੱਟੀ ਪੁੱਟ ਲਵੇ ਅਤੇ ਜਿਹੜਾ ਮਰਜ਼ੀ ਆ ਕੇ ਅਪਣੇ ਡੰਗਰ ਬਨ੍ਹ ਲਵੇ। ਹਰ ਕੋਈ ਇਸ ਨਾਲ ਸਾਕਾਦਾਰੀ ਜਗਾ ਕੇ ਇਸ ਦੇ ਚੁੱਲ੍ਹੇ ਉਪਰ ਆ ਬੈਠਦਾ ਹੈ। ਅਖੇ, ਨਾ ਸੱਦੀ ਨਾ ਬੁਲਾਈ ਤੇ ਮੈਂ ਮੁੰਡੇ ਦੀ ਤਾਈ। ਇਹ ਲਾਵਾਰਿਸ ਜਿਹੀ ਬੋਲੀ ਰੂੜੀਆਂ ਉਤੇ ਉਗੀ ਹੋਈ ਅਜਿਹੀ ਬੇਰੀ ਹੈ ਜਿਸ ਨੂੰ ਹਰ ਕੋਈ ਅਪਣੀ ਮਲਕੀਅਤ ਆਖ ਕੇ ਬੇਰਾਂ ਲਈ ਰੋੜੇ ਮਾਰ ਲੈਂਦਾ ਹੈ।

ਪਾਠਕ ਵੀ ਸੋਚਦੇ ਹੋਣਗੇ ਕਿ ਬੰਦਾ ਅਪਣੇ ਸਿਰਲੇਖ ਵਲ ਕਦੋਂ ਮੁਹਾਰ ਮੋੜੇਗਾ? ਆਖ਼ਰ ਇਧਰ ਉਧਰ ਦੀਆਂ ਗੱਲਾਂ ਦਾ ਇਹ ਟੰਟਾ ਕਦੋਂ ਮੁੱਕੇਗਾ? ਇਸ ਲੇਖ ਦੀ ਮੱਝ ਨੇ ਬੜੇ ਚਿਰ ਦੇ ਪੁੜੇ ਤੋੜੇ ਹੋਏ ਨੇ ਤੇ ਕੱਟੀ ਕੱਟਾ ਕਦੋਂ ਨਿਕਲੇਗਾ? ਮੈਨੂੰ ਪਤਾ ਹੈ ਕਿ ਤੁਸੀ ਬੜੇ ਘੂਰਦੇ ਘੁਰਕਦੇ ਹੋਵੋਗੇ ਕਿ ਅਮੀਨ ਮਲਿਕ ਨੂੰ ਪਤਾ ਨਹੀਂ ਫ਼ਜ਼ੂਲ ਤਾਣਾ ਤਣਨ ਦੀ ਕਿਸ ਜੁਲਾਹੇ ਕੋਲੋਂ ਪੋਖੋ ਆ ਗਈ ਸੀ।

ਕੀ ਕਰਾਂ, ਇਹ ਮੇਰੀ ਆਦਤ ਵੀ ਇਕ ਐਸੀ ਚੁਕੰਦਰ ਹੈ ਜੋ ਮੇਰੇ ਕੋਲੋਂ ਘੇਰੀ ਨਹੀਂ ਜਾਂਦੀ। ਤੁਹਾਡਾ ਗਿਲਾ ਸਿਰ ਅੱਖਾਂ ਉਤੇ। ਮੈਂ ਬੜੀ ਆਜਜ਼ੀ, ਇੰਕਸਾਰੀ ਅਤੇ ਨਿਮਰਤਾ ਨਾਲ ਮਾਫ਼ੀ ਮੰਗਣ ਪਿੱਛੋਂ ਉਸ ਖੁੱਤ ਵਲ ਪੈਰ ਪੁੱਟਣ ਲੱਗਾ ਹਾਂ ਜਿਹੜੀ ਇਕ ਮਿਹਰਬਾਨ ਨੇ ਛੇੜੀ ਤੇ ਮੈਂ ਛਿੜ ਗਿਆ... ਖੱਖਰ ਵਾਂਗ...। ਹੋਇਆ ਇੰਜ ਕਿ ਹਮੇਸ਼ਾ ਵਾਂਗ ਚੰਡੀਗੜ੍ਹ ਤੋਂ ਇਕ ਮਿਹਰਬਾਨ ਜਿਹੀ ਬੀਬੀ ਨੇ ਅਪਣਾ ਰਸਾਲਾ ਘੱਲਣ ਦੀ ਕ੍ਰਿਪਾ ਕੀਤੀ ਤੇ ਉਸ ਵਿਚ ਇਕ ਵਿਦਵਾਨ ਸੱਜਣ ਸੁਭਾਸ਼ ਪਰਿਹਾਰ ਦਾ ਇਕ ਲੇਖ ਪੜ੍ਹ ਬੈਠਾ ਜਿਸ ਦਾ ਸਰਲੇਖ ਸੀ “ਉਰਦੂ, ਫ਼ਾਰਸੀ ਅਤੇ ਅਰਬੀ''।

ਮੈਂ ਇਹ ਲੇਖ ਕਾਹਦਾ ਪੜ੍ਹਿਆ, ਇੰਜ ਲੱਗਾ ਜਿਵੇਂ ਮੇਰੇ ਲੇਖ ਹੀ ਸੜ ਗਏ। ਸਬਰ ਕਰਨ ਲਈ ਬੜੀ ਦੰਦਾਂ ਥੱਲੇ ਜੀਭ ਦਿਤੀ ਰੱਖੀ ਪਰ ਮੇਰੀ ਕਾਲੀ ਆਦਤ ਦਾ ਨਗੌਰੀ ਸਾਹਨ ਬਦੋਬਦੀ ਰੱਸਾ ਤੁੜਾ ਗਿਆ। ਵੀਰ ਸੁਭਾਸ਼ ਜੀ ਨੇ ਅਪਣੇ ਮਤਲਬ ਦੀ ਅੱਗ ਬਾਲ ਕੇ ਅਪਣੇ ਹੀ ਮਕਸਦ ਦੀ ਰੋਟੀ ਪਕਾਉਂਦੇ ਹੋਏ ਆਖਿਆ ਹੈ ਕਿ:
ਸਵਰਗੀ ਸੋਹਨ ਸਿੰਘ ਜੋਸ਼ ਭਾਸ਼ਣ ਦੇ ਰਿਹਾ ਸੀ ਤੇ ਆਖ ਰਿਹਾ ਸੀ ਕਿ 'ਪ੍ਰੋਫ਼ੈਸਰ ਗਲਵੰਤ ਸਿੰਘ ਪੰਜਾਬੀ ਬੋਲੀ ਵਿਚ ਓਪਰੇ ਸ਼ਬਦ ਵਾੜ ਕੇ ਪੰਜਾਬੀ ਜ਼ੁਬਾਨ ਨਾਲ ਦੁਸ਼ਮਣੀ ਕਰ ਰਿਹਾ ਹੈ।'

ਇਹ ਗੱਲ ਸੁਣ ਕੇ ਵਿਚੋਂ ਹੀ ਕਿਸੇ ਨੇ ਆਖਿਆ ਕਿ ਗਲਵੰਤ ਸਿੰਘ ਵੀ ਇਥੇ ਹੀ ਮੌਜੂਦ ਹੈ, ਉਸ ਨੂੰ ਵੀ ਸਮਾਂ ਦਿਤਾ ਜਾਏ। ਗੁਲਵੰਤ ਸਿੰਘ ਨੇ ਉਠ ਕੇ ਆਖਿਆ ਕਿ ਸੋਹਨ ਸਿੰਘ ਜੋਸ਼ ਨੂੰ ਪੁਛਿਆ ਜਾਏ ਕਿ ਸੋਹਨ ਸਿੰਘ ਤਾਂ ਹੋਇਆ ਪਰ ਨਾਲ ਸ਼ਬਦ 'ਜੋਸ਼' ਲਾਉਣ ਲਈ ਇਰਾਨ ਵਿਚੋਂ ਫ਼ਾਰਸੀ ਮੰਗਣ ਕਿਉਂ ਗਿਆ ਹੈ? ਤੁਹਾਡੇ ਕੋਲ ਤੁਹਾਡੀ ਸੱਕੀ ਭੈਣ ਸੰਸਕ੍ਰਿਤ ਜੋ ਹੈ।ਸੁਭਾਸ਼ ਜੀ ਨੇ ਸਾਨੂੰ ਇਹ ਗੱਲ ਸੁਣਾਉਂਦੇ ਹੋਏ ਗੁਲਵੰਤ ਸਿੰਘ ਦੀ ਦਲੀਲ ਨੂੰ ਜੇਤੂ ਕਰਾਰ ਦੇਣ ਲਈ ਅੱਗੋਂ ਸੋਹਣ ਸਿੰਘ ਜੋਸ਼ ਦਾ ਕੋਈ ਜਵਾਬ ਨਹੀਂ ਦਸਿਆ।

ਸੁਭਾਸ਼ ਜੀ ਦਸਦੇ ਵੀ ਕਿਉਂ? ਕਿਉਂਕਿ ਸੁਭਾਸ਼ ਜੀ ਨੂੰ ਤਾਂ ਇਹ ਹੀ ਗੱਲ ਵਾਰੇ ਆਉਂਦੀ ਅਤੇ ਚੰਗੀ ਲਗਦੀ ਹੈ। ਨਾਲੇ ਉਨ੍ਹਾਂ ਦੇ ਮਨ ਦਾ ਮੁੱਦਾ ਵੀ ਤਾਂ ਇਸ ਤਰ੍ਹਾਂ ਹੀ ਪੁਗਦਾ ਹੈ। ਹਾਲਾਂਕਿ ਇਹ ਕਿਵੇਂ ਹੋ ਸਕਦਾ ਹੈ ਕਿ ਗੁਲਵੰਤ ਸਿੰਘ ਦੀ ਸੁਣ ਕੇ ਸੋਹਨ ਸਿੰਘ ਅੱਗੋਂ ਚੁੱਪ ਰਹਿ ਕੇ ਗੋਡੇ ਟੇਕ ਗਿਆ ਹੋਵੇ ਤੇ ਪ੍ਰੋਫ਼ੈਸਰ ਗੁਲਵੰਤ ਜੀ ਨੂੰ ਖੜੀ ਮਾਲੀ ਫੜਾ ਦਿਤੀ ਹੋਵੇ। ਇਸ ਗੱਲ ਤੋਂ ਤਾਂ ਮੇਰੇ ਜਿਹਾ ਵੀ ਮੋਢੇ ਨਹੀਂ ਲਵਾਂਦਾ ਤੇ ਸੋਹਨ ਸਿੰਘ ਜੋਸ਼ ਵਰਗੇ ਤਾਂ ਪਿੰਡੇ ਉਤੇ ਮਿੱਟੀ ਨਹੀਂ ਸਨ ਲੱਗਣ ਦੇਂਦੇ।

ਪਰ ਸੁਭਾਸ਼ ਜੀ ਨੇ ਫ਼ੈਸਲਾ ਪ੍ਰੋਫ਼ੈਸਰ ਗੁਲਵੰਤ ਸਿੰਘ ਦੇ ਹੱਕ ਵਿਚ ਦੇ ਕੇ ਡਿਗਰੀ ਦੇਂਦੇ ਹੋਏ ਸੰਸਕ੍ਰਿਤ ਨੂੰ ਪੰਜਾਬੀ ਦੀ ਸੱਕੀ ਭੈਣ ਬਣਾ ਦਿਤਾ ਤੇ ਨਾਲ ਡਿਗਰੀ ਦੇਂਦੇ ਹੋਏ ਆਖ ਦਿਤਾ ਕਿ 'ਦੂਜੀਆਂ ਬੋਲੀਆਂ ਵਿਚੋਂ ਸ਼ਬਦ ਲੈ ਲੈਣ ਵਿਚ ਕੋਈ ਹਰਜ ਨਹੀਂ।' ਉਤੋਂ ਇਸ ਵੀਰ ਨੇ ਇਕ ਹੋਰ ਸੜਦਾ ਬਲਦਾ ਫ਼ੁਰਮਾਨ ਜਾਰੀ ਕੀਤਾ ਕਿ 'ਜਥੇਦਾਰ ਟਾਈਪ ਲੋਕ ਜ਼ੁਬਾਨਾਂ ਦੇ ਸ਼ੁੱਧ ਹੋਣ ਦਾ ਰੌਲਾ ਪਾਉਂਦੇ ਰਹਿੰਦੇ ਹਨ।' ਹੁਣ ਮੈਂ ਸੰਸਕ੍ਰਿਤ ਦਾ ਪੰਜਾਬੀ ਨਾਲ ਸੱਕੀ ਭੈਣ ਵਾਲਾ ਰਿਸ਼ਤਾ ਅਤੇ ਸਾਕਾਦਾਰੀ ਤਾਂ ਬਾਅਦ ਵਿਚ ਜਗਾਵਾਂਗਾ, ਪਹਿਲਾਂ ਸੁਭਾਸ਼ ਜੀ ਦੀ ਇਸ ਗੱਲ ਦਾ ਜਵਾਬ ਦੇ ਲਵਾਂ ਕਿ 'ਦੂਜੀਆਂ ਬੋਲੀਆਂ ਵਿਚੋਂ ਸ਼ਬਦ ਲੈਣ ਵਿਚ ਕੋਈ ਹਰਜ ਨਹੀਂ।'

ਕੀ ਇਹ ਅਸੂਲ ਜਾਂ ਹੁਕਮ ਸਿਰਫ਼ ਪੰਜਾਬੀ ਜ਼ੁਬਾਨ ਵਾਸਤੇ ਹੀ ਹੈ ਜਾਂ ਦੂਜੀਆਂ ਬੋਲੀਆਂ ਵੀ ਪੰਜਾਬੀ ਜ਼ੁਬਾਨ ਵਿਚੋਂ ਸ਼ਬਦ ਲੈ ਲੈਂਦੀਆਂ ਹਨ? ਮੈਂ ਪੰਜਾਬੀਆਂ ਨੂੰ ਇਹ ਤਾਂ ਕਹਿੰਦੇ ਸੁਣਿਆ ਹੈ ਕਿ “ਅੱਜ ਅਸਾਂ ਚਿਕਨ ਜਾਂ ਮੁਰਗੀ ਪਕਾਈ ਹੈ।'' ਪਰ ਕਿਸੇ ਉਰਦੂ ਸੰਸਕ੍ਰਿਤ ਵਾਲੇ ਨੂੰ ਕਦੀ ਇਹ ਆਖਦੇ ਨਹੀਂ ਸੁਣਿਆ ਕਿ ''ਆਜ ਹਮਨੇ ਕੁਕੜੀ ਕੀ ਹਾਂਡੀ ਪਕਾਈ ਹੈ?'' ਕਿਸੇ ਨੂੰ ਕਦੇ ਇਹ ਆਖਦੇ ਸੁਣਿਆ ਹੈ ਕਿ ''ਆਜ ਮੇਰੇ ਗੋਡੇ ਮੇਂ ਬੜੀ ਪੀੜ ਹੋ ਰਹੀ ਹੈ?'' ਕਿਸੇ ਨੇ ਕਦੀ ਆਖਿਐ ਕਿ ''ਮਾਰ ਇਸ ਕੀ ਧੌਣ ਮੇ ਮੁੱਕੀ।'' ਮਿਹਰਬਾਨੋ!

ਉਰਦੂ ਜਾਂ ਸੰਸਕ੍ਰਿਤ ਵਿਚ ਇੰਜ ਦਾ ਕੋਈ ਪੰਜਾਬੀ ਸ਼ਬਦ ਵਾੜ ਕੇ ਵੇਖੋ, ਜੇ ਅਗਲਿਆਂ ਜੁੱਤੀ ਨਾ ਲਾਹ ਲਈ ਤਾਂ। ਕਿੰਨੀ ਹੈਰਾਨਗੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਿਰਫ਼ ਗ਼ਰੀਬ ਦੀ ਜ਼ਨਾਨੀ, ਪੰਜਾਬੀ, ਨੂੰ ਹੀ ਹੁਕਮ ਹੈ ਕਿ ਓਪਰੀ ਬੋਲੀ ਵਿਚੋਂ ਸ਼ਬਦ ਲੈਣ 'ਚ ਕੋਈ ਹਰਜ ਨਹੀਂ। ਇਸ ਹਥਲੇ ਲੇਖ ਦੀ ਅੱਗ ਵਿਚ ਅਜੇ ਸੜ ਹੀ ਰਿਹਾ ਸਾਂ ਕਿ ਸਪੋਕਸਮੈਨ ਵਿਚ ਲਿਖੇ ਮੇਰੇ ਮਜ਼ਮੂਨ ਦੀ ਸਰਾਹਣਾ ਕਰਦੇ ਹੋਏ ਫ਼ਰੀਦਕੋਟ ਤੋਂ ਹਵਾਲਦਾਰ ਅਮਰਜੀਤ ਸਿੰਘ ਦਾ ਫ਼ੋਨ ਆ ਗਿਆ। 'ਪੁੱਠੇ ਪੈਰੀਂ ਟੁਰੀ ਪੰਜਾਬੀ' ਦੀ ਗੱਲ ਕਰ ਕੇ ਆਖਣ ਲੱਗਾ, ''ਮਲਿਕ ਜੀ, ਥੱਕ ਟੁੱਟ ਗਿਆ ਹਾਂ।

ਸਾਡੇ ਖੇਤੀਬਾੜੀ ਮੰਤਰੀ ਦੀ ਮੌਤ ਹੋ ਗਈ ਤੇ ਜਨਾਜ਼ੇ ਤੇ ਖਲੋਣਾ ਪਿਆ।'' ਇੱਥੋਂ ਹੀ ਵੇਖ ਲਵੋ ਸੁਭਾਸ਼ ਜੀ, ਮਾਂ ਬੋਲੀ ਪੰਜਾਬੀ ਦੇ ਚੁੱਲ੍ਹੇ ਉਤੇ ਤਾਂ ਪੁਛਿਉਂ ਬਗ਼ੈਰ ਹੀ ਉਪਰੀਆਂ ਭੈਣਾਂ ਛਾਬੀ ਤੇ ਆਣ ਬਹਿੰਦੀਆਂ ਨੇ। ਸਿਰਫ਼ ਧੁਤਕਾਰੀ ਹੋਈ, ਠੁਕਰਾਈ ਹੋਈ ਅਤੇ ਵਿਸਾਰੀ ਹੋਈ ਗ਼ਰੀਬ ਦੀ ਬੋਲੀ ਪੰਜਾਬੀ ਹੀ ਅਜਿਹੀ ਅਛੂਤ ਹੈ ਜੋ ਕਿਸੇ ਪਰਾਈ ਬੋਲੀ ਦੇ ਚੌਂਤਰੇ ਉਪਰ ਨਹੀਂ ਚੜ੍ਹ ਸਕਦੀ।

ਅਮਰਜੀਤ ਨੇ ਜਦੋਂ 'ਖੇਤੀਬਾੜੀ ਮੰਤਰੀ' ਆਖਿਆ ਤਾਂ ਮੇਰੀ ਇਕ ਹੋਰ ਹਾਹ ਨਿਕਲੀ ਕਿ ਪੰਜਾਬ ਦਾ ਕਾਮਾ, ਪੰਜਾਬੀ ਸਭਿਆਚਾਰ ਦਾ ਬੰਦਾ ਅਤੇ ਪੰਜਾਬੀਆਂ ਨਾਲ ਹੀ ਵਾਹ ਪਾਉਣ ਵਾਲਾ ਸ਼ਖ਼ਸ 'ਵਾਹੀ ਬੀਜੀ ਮੰਤਰੀ' ਆਖਣ ਦੀ ਬਜਾਏ ਖੇਤੀਬਾੜੀ ਆਖੀ ਜਾ ਰਿਹਾ ਹੈ। ਉਤੋਂ ਅਜੇ ਵੀ ਗਿਲਾ ਹੈ ਕਿ ਅਸੀ ਜਥੇਦਾਰ ਟਾਈਪ ਲੋਕ ਬੋਲੀ ਨੂੰ ਸ਼ੁੱਧ ਰਖਣਾ ਚਾਹੁੰਦੇ ਹਾਂ।

ਕਿੰਨਾ ਸੋਹਣਾ ਸੁਲੱਖਣਾ ਨਾਂ ਹੈ (ਵਾਹੀ ਬੀਜੀ ਮੰਤਰੀ) ਪਰ ਵਾਹੀ ਬੀਜੀ ਆਖਣ ਨਾਲ ਸਾਡੀ ਓਪਰੀ ਭੈਣ ਹਿੰਦੀ ਦੀ ਹੱਤਕ ਕੌਣ ਕਰ ਸਕਦਾ ਹੈ? ਸੁਭਾਸ਼ ਜੀ ਨੇ ਬੋਲੀ ਦੇ ਸ਼ੁੱਧ ਹੋਣ ਦਾ ਵਿਰੋਧ ਕੀਤਾ ਹੈ ਜਦਕਿ ਇਹ ਮੰਨਿਆ ਪ੍ਰਮੰਨਿਆ ਅਸੂਲ ਜਾਂ ਨਿਯਮ ਹੈ ਕਿ ਹਰ ਸ਼ੈਅ ਸ਼ੁੱਧ ਹੋਣੀ ਚਾਹੀਦੀ ਹੈ। ਜਿਵੇਂ ਦੁੱਧ, ਪਾਣੀ, ਦਹੀਂ, ਘਿਉ, ਸ਼ਹਿਦ ਜਾਂ ਕੋਈ ਦਵਾਈ।

ਸਿੱਧੀ ਗੱਲ ਕਿ ਮਿਲਾਵਟ ਕਿਸੇ ਵੀ ਤੌਰ ਤੇ ਕਾਬਲੇ ਕਬੂਲ ਨਹੀਂ। ਹਾਂ! ਕਦੇ ਕਦੇ ਮਜਬੂਰੀਆਂ ਇਸ ਅਸੂਲ ਦੀ ਖ਼ਿਲਾਫ਼ਵਰਜ਼ੀ ਕਰਵਾ ਦੇਂਦੀਆਂ ਨੇ। ਮਸਲਨ ਕਦੀ ਕਦੀ ਕਿਸੇ ਕਮਜ਼ੋਰ ਹਾਜ਼ਮੇ ਦੇ ਬਾਲ ਨੂੰ ਦੁੱਧ ਵਿਚ ਥੋੜਾ ਜਿਹਾ ਪਾਣੀ ਪਾ ਕੇ ਪਿਆਇਆ ਜਾਂਦਾ ਹੈ। ਇੰਜ ਹੀ ਅਸੀ ਰੇਲਵੇ ਸਟੇਸ਼ਨ, ਸਾਈਕਲ, ਪਲੇਟਫ਼ਾਰਮ ਅਤੇ ਇੰਜਣ ਵਗ਼ੈਰਾ ਆਖਣ ਲਈ ਮਜਬੂਰ ਹਾਂ।

ਪਰ ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਮੈਂ 'ਪੁਰਾਣੇ' ਨੂੰ 'ਪੁਰਾਤਨ' ਅਤੇ ਜ਼ਰੂਰਤ ਜਾਂ ਲੋੜ ਨੂੰ 'ਆਵਸ਼ਕਤਾ' ਆਖਣ ਦਾ ਪੰਗਾ ਲਵਾਂ? ਅਜੇ ਤਾਂ ਦੋ ਹੀ ਸ਼ਬਦ ਲਿਖੇ ਹਨ, ਵਰਨਾ ਪੰਜਾਬੀ ਵਿਚਾਰੀ ਦਾ ਤਾਂ ਚੁੱਲ੍ਹਾ ਚੌਂਕਾ ਹੀ ਬੇਗਾਨੀ ਅਤੇ ਓਪਰੀ ਭੈਣ ਨੇ ਮੱਲ ਲਿਆ ਹੈ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਮੈਂ ਹਲਫ਼ ਚੁਕ ਕੇ ਆਖਾਂਗਾ ਕਿ ਮੈਂ ਹਿੰਦੀ, ਉਰਦੂ, ਸੰਸਕ੍ਰਿਤ ਨੂੰ ਸੱਕੀ ਭੈਣ ਹੀ ਨਹੀਂ, ਮਾਂ ਤੋਂ ਵੀ ਵੱਧ ਰੁਤਬਾ ਦੇਂਦਾ ਹਾਂ।

ਅਪਣੀ ਅਪਣੀ ਥਾਂ ਤੇ ਇਹ ਬੜੀਆਂ ਨਫ਼ੀਸ, ਉਮਦਾ ਅਤੇ ਮੁਕੰਮਲ ਬੋਲੀਆਂ ਹਨ। ਸੰਸਕ੍ਰਿਤ ਸਾਡੀ ਮਾਂ-ਭੈਣ ਹੀ ਹੈ ਅਤੇ ਰੱਬ ਇਸ ਨੂੰ ਰਹਿੰਦੀ ਦੁਨੀਆਂ ਤਕ ਸਲਾਮਤ ਰੱਖੇ। ਬਲਕਿ ਹਰ ਕਿਸੇ ਦੀ ਬੋਲੀ ਅਪਣੀ ਹੀ ਮਾਂ ਵਰਗੀ ਹੈ। ਪਰ ਯਾਰੋ! ਜੇ ਕਿਸੇ ਦੀ ਮਾਂ, ਮੇਰੀ ਮਾਂ ਦੀ ਸੌਂਕਣ ਬਣ ਜਾਏ ਤਾਂ ਇਹ ਜ਼ੁਲਮ ਕਿਸ ਤਰ੍ਹਾਂ ਜਰ ਲਈਏ? ਅਪਣੀ ਮਾਂ ਬੋਲੀ ਦੀ ਇੱਜ਼ਤ ਕਰਨਾ ਜਾਂ ਉਸ ਦੀ ਹਮਾਇਤ ਕਰਨ ਦਾ ਇਹ ਮਤਲਬ ਨਹੀਂ ਕਿ ਦੂਜੇ ਦੀ ਬੋਲੀ ਨਾਲ ਵੈਰ ਕੀਤਾ ਜਾ ਰਿਹਾ ਹੈ।

ਪ੍ਰੋਫ਼ੈਸਰ ਸੋਹਨ ਸਿੰਘ ਜੋਸ਼ ਵੀ ਵਿਲਕ ਵਿਲਕ ਕੇ ਫਾਵਾ ਹੋ ਗਿਆ ਕਿ ਪੰਜਾਬੀ ਮੇਰੀ ਮਾਂ ਬੋਲੀ ਨੂੰ ਕੰਮੀ ਕਮੀਨ ਨਾ ਬਣਾਉ। ਇਹ ਅਪਣੇ ਘਰ ਦੀ ਰਾਣੀ ਹੈ ਤੇ ਇਸ ਦੇ ਘਰ ਦਾਣੇ ਵੀ ਹਨ। ਇਹ ਸ਼ੋਹਦੀ ਸਦੀਆਂ ਤੋਂ ਹੀ ਜਿਵੇਂ ਚਲੀ ਆ ਰਹੀ ਹੈ ਇਸ ਨੂੰ ਇੰਜ ਹੀ ਰਹਿਣ ਦਿਉ। ਸੋਹਨ ਸਿੰਘ ਜੋਸ਼ ਵਿਚਾਰੇ ਦੀ ਤਾਂ ਕਿਸੇ ਨਾ ਸੁਣੀ ਪਰ ਮੈਨੂੰ ਤਾਂ ਇਹ ਡਰ ਲੱਗ ਰਿਹਾ ਹੈ ਕਿ ਓਪਰੀਆਂ ਸੱਕੀਆਂ ਭੈਣਾਂ ਨੂੰ ਸੱਦਾ ਦੇਣ ਵਾਲੇ ਕਲ ਨੂੰ ਪੰਜਾਬ ਦਾ ਨਾਂ ਹੀ ਪੰਜ ਜਲ ਅਤੇ ਅਮੀਨ ਪੰਜਾਬੀ ਨੂੰ ਅਮੀਨ ਪੰਜ ਜਲਾ ਹੀ ਨਾ ਆਖਣ ਲੱਗ ਪੈਣ।

ਪਰ ਚਲੋ! ਸੋਹਨ ਸਿੰਘ ਜੋਸ਼ ਗ਼ਰੀਬ ਨੂੰ ਤਾਂ ਤਾਅਨੇ-ਮਿਹਣੇ ਦੇ ਕੇ ਰੱਦ ਕਰ ਛੱਡੋ ਪਰ ਕੁੱਝ ਹੋਰ ਵੀ ਹਨ ਜੋ ਮਰਦੀ ਹੋਈ ਪੰਜਾਬੀ ਬੋਲੀ ਤੋਂ ਮਰ ਮਰ ਜਾਂਦੇ ਨੇ। ਰਜਵੇਂ ਪ੍ਰੋਫ਼ੈਸਰ ਕਿਸ਼ਨ ਸਿੰਘ ਲਿਖਦੇ ਨੇ “ਅਖੌਤੀ ਪੰਜਾਬੀ ਸਿੱਖ ਅਪਣੇ ਬਾਲਾਂ ਨੂੰ ਸੰਸਕਰਿਤਾਈ ਹਿੰਦੀ ਪੜ੍ਹਾ-ਸਿਖਾ ਰਹੇ ਨੇ। ਉਨ੍ਹਾਂ ਨਾਲ ਹਿੰਦੀ ਬੋਲਦੇ ਹਨ। ਨਾਲੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਦੇ ਨਾਂ ਹੇਠ ਗੁਰਮੁਖੀ ਅੱਖਰਾਂ ਵਿਚ ਸੰਸਕਰਿਤਾਈ ਹਿੰਦੀ ਲਿਖੀ ਜਾ ਰਹੀ ਹੈ।''

ਮਿਸਿਜ਼ ਵਿਜੇ ਚੌਹਾਨ ਦੀ ਕੂਕ ਹੈ ਕਿ “ਮੇਰੇ ਗਵਾਂਢ ਇਕ ਜਗਰਾਤੇ ਵਿਚ ਪੰਡਤ ਵਾਰ ਵਾਰ ਕਹਿ ਰਿਹਾ ਸੀ 'ਕ੍ਰਿਪਾ ਕਰ ਕੇ ਸੱਭ ਦਰਸ਼ਕਗਣ ਅਪਣਾ ਅਪਣਾ ਸਥਾਨ ਗ੍ਰਹਿਣ ਕਰੋ।' ਆਖਣ ਨੂੰ ਤਾਂ ਇਹ ਵੀ ਪੰਜਾਬੀ ਹੀ ਸੀ ਪਰ ਸੁਣ ਕੇ ਮੇਰੇ ਦਿਲ ਵਿਚ ਫੱਟ ਵੱਜ ਰਿਹਾ ਸੀ।'' ਸੋਹਨ ਸਿੰਘ ਜੋਸ਼ ਨੇ ਲਿਖਿਆ ਹੈ, “ਮੇਰੀ ਸੋਚੀ ਸਮਝੀ ਰਾਏ ਹੈ ਕਿ ਪੰਜਾਬੀ ਬੋਲੀ ਬੜੇ ਜ਼ੋਰਾਂ ਨਾਲ ਸੰਸਕਰਿਤਾਈ ਤੇ ਹਿੰਦਿਆਈ ਜਾ ਰਹੀ ਹੈ।

ਇਸ ਵੇਲੇ ਕੁੱਝ ਵਿਦਵਾਨਾਂ ਨੇ ਇਕ ਹੋਰ ਧੰਦਾ ਫੜਿਆ ਹੋਇਆ ਹੈ ਕਿ ਉਹ ਉਰਦੂ, ਫ਼ਾਰਸੀ ਦੇ ਪ੍ਰਚਲਤ ਅਤੇ ਸਦੀਆਂ ਤੋਂ ਚੱਲੇ ਆ ਰਹੇ ਪੁਰਾਣੇ ਸ਼ਬਦ ਪੰਜਾਬੀ ਵਿਚੋਂ ਕਢਵਾ ਕੇ ਹਿੰਦੀ ਅਤੇ ਸੰਸਕ੍ਰਿਤ ਦੇ ਸ਼ਬਦ ਵਾੜ ਰਹੇ ਹਨ।'' ਜੇ ਇਹ ਕੀਰਨੇ ਅਤੇ ਤਰਲੇ ਕਿਸੇ ਨੂੰ ਘੱਟ ਲਗਦੇ ਨੇ ਤਾਂ ਭਾਈ ਵੀਰ ਸਿੰਘ ਦੀ ਚੀਕ ਸੁਣ ਲਵੋ। ਉਹ ਅਪਣੇ ਉਸਤਾਦ ਕੋਲੋਂ ਫ਼ਾਰਸੀ ਪੜ੍ਹ ਰਹੇ ਸਨ ਤੇ ਸ਼ੇਖ਼ ਸਾਅਦੀ ਦੀ ਇਕ ਨਜ਼ਮ ਸੀ ਜਿਸ ਦਾ ਤਰਜਮਾ ਹੈ ਕਿ “ਹੱਕ ਸੱਚ ਦੀ ਰਾਹ ਉਤੇ ਚੱਲਣ ਵਾਲੇ ਲੋਕ ਕਿਸੇ ਬੇਰੌਣਕ ਦੁਕਾਨ ਦੇ ਗਾਹਕ ਹੁੰਦੇ ਹਨ।''

ਇਹ ਪੜ੍ਹ ਕੇ ਭਾਈ ਵੀਰ ਸਿੰਘ ਜੀ ਨੇ ਕੁੱਝ ਸੋਚਿਆ ਤੇ ਆਖਣ ਲੱਗੇ ਕਿ ''ਪੰਜਾਬੀ ਮਾਂ ਬੋਲੀ ਦੀ ਦੁਕਾਨ ਹੀ ਵੀਰਾਨ ਪਈ ਹੋਈ ਹੈ।'' ਉਸੇ ਦਿਨ ਤੋਂ ਉਹ ਪੰਜਾਬੀ ਵਲ ਪਰਤ ਆਏ ਤੇ ਨਾਲ ਹੀ 1894 ਵਿਚ ਖ਼ਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖ ਦਿਤੀ (ਮੌਲਾ ਬਖ਼ਸ਼ ਕੁਸ਼ਤਾ, ਸਫ਼ਾ 325)।
ਹੁਣ ਮੈਂ ਬੜੇ ਅਦਬ ਅਹਿਤਰਾਮ ਨਾਲ ਵੀਰ ਸੁਭਾਸ਼ ਜੀ ਕੋਲੋਂ ਪੁੱਛਣ ਦੀ ਗ਼ੁਸਤਾਖ਼ੀ ਕਰਾਂਗਾ ਕਿ ਕੀ ਉਹ ਅਜੇ ਵੀ ਇਸ ਤਾਅਨੇ ਮਿਹਣੇ ਉਪਰ ਕਾਇਮ ਹਨ ਕਿ “ਕੁੱਝ ਜਥੇਦਾਰ ਟਾਈਪ ਲੋਕ ਭਾਸ਼ਾ ਦੇ ਸ਼ੁੱਧ ਹੋਣ ਦਾ ਰੌਲਾ ਪਾਉਂਦੇ ਰਹਿੰਦੇ ਨੇ।'' ਸੁਭਾਸ਼ ਜੀ!

ਪੰਜਾਬੀਆਂ ਦਾ ਇਹ ਰੌਲਾ ਰੋਣਾ ਜਥੇਦਾਰੀ ਨਹੀਂ, ਗਿਲਿਆਜ਼ਾਰੀ, ਆਹੋਜ਼ਾਰੀ, ਪੰਜਾਬੀ ਨੂੰ ਹੁੰਦੀ ਹੋਈ ਚਾਂਦਮਾਰੀ ਵਿਰੁਧ ਦੁਹਾਈ ਪਾਹਰਿਆ ਹੈ। ਇਸ ਬੀਮਾਰ ਪਈ ਹੋਈ ਪੰਜਾਬੀ ਦੀ ਤੀਮਾਰਦਾਰੀ ਹੈ।ਲੋਕਾਂ ਨੂੰ ਉਨ੍ਹਾਂ ਦੇ ਮਹਿਲ ਮਾੜੀਆਂ ਮੁਬਾਰਕ, ਪਰ ਸਾਨੂੰ ਅਪਣੀ ਕੱਖਾਂ ਦੀ ਕੁੱਲੀ ਬਚਾਉਣ ਤੇ ਵੀ ਤਾਅਨੇ ਤਾਂ ਨਾ ਦਿਉ। ਇਹ ਮੇਰੀ ਫ਼ਰਿਆਦ ਹੈ, ਕਿਧਰੇ ਜਥੇਦਾਰ ਨਾ ਆਖ ਦਿਉ।

ਮੈਂ ਜਥੇਦਾਰ ਬਣਨ ਜੋਗਾ ਕਿੱਥੋਂ ਹੋਇਆ, ਅਖੇ ਲੱਤੋਂ ਲੰਗੀ ਤੇ ਅੰਮ੍ਰਿਤਸਰ ਦਾ ਦਾਇਆ। ਮੈਂ ਜਥੇਦਾਰ ਨਹੀਂ, ਇਕ ਬੇਵੱਸ ਜਿਹਾ ਪਹਿਰੇਦਾਰ ਹਾਂ ਜਿਹੜਾ ਸੁੱਤੇ ਪਏ ਪੰਜਾਬੀਆਂ ਦੀਆਂ ਹਨੇਰੀਆਂ ਗਲੀਆਂ ਵਿਚ ਆਖਦਾ ਫਿਰਦਾ ਹੈ 'ਜਾਗਦੇ ਰਹੋ ਪਈ ਜਾਗਦੇ ਰਹੋ।'ਸੁਭਾਸ਼ ਜੀ ਫ਼ੁਰਮਾਉਂਦੇ ਨੇ ਕਿ 'ਦੂਜੀਆਂ ਬੋਲੀਆਂ ਵਿਚੋਂ ਵੀ ਸ਼ਬਦਾਂ ਦੀ ਲੈਣ ਦੇਣ ਹੋਣੀ ਚਾਹੀਦੀ ਹੈ।' ਮੈਂ ਤਾਂ ਇਹ ਹੀ ਵੇਖਿਐ ਕਿ ਪੰਜਾਬੀ ਬੋਲੀ ਦੇ ਵਿਹੜੇ ਹੀ ਦੂਜੀ ਬੋਲੀ ਦੇ ਸ਼ਬਦਾਂ ਦੀ ਜੰਝ ਨੇ ਬਰੂਹਾਂ ਪੁੱਟ ਮਾਰੀਆਂ ਨੇ। ਕਦੀ ਪੰਜਾਬੀ ਨੂੰ ਵੀ ਅਪਣੇ ਘਰ ਸੱਦੋ, ਕਦੀ ਇਸ ਦੀ ਵੀ ਰੋਟੀ ਵਿਰਜੋ ਅਤੇ ਇਸ ਦੀ ਡੋਲੀ ਨੂੰ ਵੀ ਮੋਢਾ ਦਿਉ।

ਲਗਦਾ ਹੈ ਇਸ ਬੋਲੀ ਨੂੰ ਸ਼ਾਇਦ ਕਿਸੇ ਦਿਨ ਘਰੋਂ ਹੀ ਕੱਢ ਕੇ ਬੇਗਾਨੀਆਂ ਬੋਲੀਆਂ ਇਸ ਦੀ ਕੁੱਲੀ ਉਤੇ ਮੱਲ ਮਾਰ ਲੈਣਗੀਆਂ ਤੇ ਉਥੇ ਉਰਦਣ ਸੰਸਕਰਿਤਾਈ ਹਿੰਦੀ ਜਿਹੀਆਂ ਪਰਭਾਣੀਆਂ ਹੀ ਲੁੱਡਣ ਪਾਣਗੀਆਂ। ਊਠ ਨੇ ਅਪਣੀ ਧੌਣ ਤਾਂ ਪੂਰੀ ਅੰਦਰ ਵਾੜ ਲਈ ਏ, ਰੱਬ ਨਾ ਕਰੇ ਕਿਸੇ ਦਿਨ ਸਾਰਾ ਦਾ ਸਾਰਾ ਹੀ ਊਠ ਅੰਦਰ ਆਣ ਵੜੇ। ਅਸੀ ਪੰਜਾਬੀ ਕਦੇ ਜੇ ਸੁਚੇਤ ਜਾਂ ਦਾਨਿਸ਼ਮੰਦ ਹੁੰਦੇ ਤਾਂ ਸਾਡਾ ਅਤੀਤ ਏਨਾ ਹਨੇਰ ਨਾ ਹੁੰਦਾ,

ਸਾਨੂੰ ਕਾਬੁਲ ਤੋਂ ਆ ਕੇ ਸ਼ਾਹੀਏ ਨਾ ਲੁਟਦੇ ਅਤੇ ਡੋਗਰੇ ਸਾਡੇ ਨਾਲ ਖੇਡਾਂ ਖੇਡ ਕੇ ਤਖ਼ਤ ਲਾਹੌਰ ਨੂੰ ਥੇਹ ਕਰ ਕੇ ਸ਼ੇਰੇ ਪੰਜਾਬ ਦੀ ਖੇਡ ਨਾ ਉਜਾੜਦੇ। ਚਲੋ ਤੁਸੀ ਆਖਦੇ ਹੋ ਤਾਂ ਮੈਂ ਇਹ ਵੀ ਮੰਨ ਲੈਂਦਾ ਹਾਂ ਕਿ ਮਾਂ-ਬੋਲੀ ਪੰਜਾਬ ਦੇ ਹੱਕ ਵਿਚ ਬੋਲਣ ਵਾਲੇ ਜਿਨ੍ਹਾਂ ਲੋਕਾਂ ਦਾ ਮੈਂ ਜ਼ਿਕਰ ਕੀਤਾ ਹੈ, ਹੋ ਸਕਦਾ ਹੈ ਮੇਰੇ ਵਾਂਗ ਮਾੜੇ ਮਰੀੜੇ ਹੀ ਹੋਣ ਅਤੇ ਉਨ੍ਹਾਂ ਨੂੰ ਕੋਈ ਵੱਡਾ ਮੋਹਤਬਰ ਨਾ ਸਮਝਦਾ ਹੋਵੇ, ਪਰ ਜੇ ਮੈਂ ਸਵਰਗੀ ਮੌਲਾ ਬਖ਼ਸ਼ ਕੁਸ਼ਤਾ ਜਿਹੇ ਥੰਮ ਦੀ ਗੱਲ ਕਰਾਂ,

ਜਿਸ ਨੇ ਇਸ ਮਾਂ ਬੋਲੀ ਤੋਂ ਅੱਖਾਂ ਵੀ ਵਾਰ ਦਿਤੀਆਂ ਅਤੇ ਮਨਾਖਾ ਹੋ ਕੇ ਵੀ ਇਸ ਬੋਲੀ ਦੇ ਬਾਗ਼ ਨੂੰ ਸਾਵਾ ਰੱਖਣ ਲਈ ਇਕ ਕਾਰਨਾਮਾ ਕਰ ਸੁਟਿਆ ਕਿ ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਤੋਂ ਲੈ ਕੇ ਅਹਿਮਦ ਰਾਹੀ ਤਕ ਦੇ ਸ਼ਾਇਰਾਂ ਦੀ ਸ਼ਾਇਰੀ ਤੋਂ ਵੱਖ ਇਨ੍ਹਾਂ ਦੇ ਜੰਮਣ ਭੋਇੰ ਅਤੇ ਜੰਮਣ ਮਰਨ ਦੇ ਦਿਹਾੜੇ ਵੀ ਇਕੱਠੇ ਕੀਤੇ। 248 ਹੀਰਿਆਂ ਨੂੰ ਇਕ ਹਾਰ ਵਿਚ ਪਰੋ ਕੇ ਪੰਜਾਬ ਦੇ ਗਲ ਪਾ ਦੇਣਾ ਕਿੰਨਾ ਔਖਾ ਕਾਰਜ ਹੈ?

ਇਨ੍ਹਾਂ 248 ਮਾਣਯੋਗ ਬੇਮਿਸਾਲ ਇਨਸਾਨਾਂ ਉਪਰ ਉਂਗਲੀ ਨਹੀਂ ਰੱਖੀ ਜਾ ਸਕਦੀ। ਇਨ੍ਹਾਂ ਵਿਚ ਨਾ ਤਾਂ ਸੋਹਣ ਸਿੰਘ ਜੋਸ਼ ਹੈ, ਨਾ ਗੁਲਵੰਤ ਸਿੰਘ ਅਤੇ ਨਾ ਹੀ ਸੁਭਾਸ਼ ਪਰਿਹਾਰ ਜਾਂ ਅਮੀਨ ਮਲਿਕ ਵਰਗੇ ਐਰੇ-ਗ਼ੈਰੇ। ਕੁਸ਼ਤਾ ਜੀ ਦੀ ਇਸ ਸੌਗਾਤ ਵਰਗੀ ਕਿਤਾਬ ਨੂੰ ਪੰਜਾਬੀ ਦਾ ਸੋਮਾ ਜਾਣ ਕੇ ਘੁੱਟ ਭਰੀਏ ਤਾਂ ਕਿਧਰੇ ਵੀ ਕਿਸੇ ਨੇ ਸੰਸਕ੍ਰਿਤ ਜਾਂ ਹੋਰ ਕਿਸੇ ਓਪਰੀ ਬੋਲੀ ਨੂੰ ਅਪਣੀ ਸੱਕੀ ਭੈਣ ਨਹੀਂ ਮਿਥਿਆ ਅਤੇ ਨਾ ਹੀ ਕਿਸੇ ਲਿਖਤ ਵਿਚ ਅਪਣੀ ਭੈਣ ਦੀ ਘੋੜੀ ਗਾ ਕੇ ਰਿਸ਼ਤਾ ਜੋੜਿਆ ਹੈ।

ਕੀ ਉਨ੍ਹਾਂ ਸਾਰੇ ਲੋਕਾਂ ਦੀ ਇਸ ਸੱਕੀ ਭੈਣ ਨਾਲ ਖਿਟਪਿਟ ਜਾਂ ਕੋਈ ਤੂੰ-ਤੂੰ ਮੈਂ-ਮੈਂ ਹੋ ਗਈ ਸੀ ਜਾਂ ਵੈਸੇ ਹੀ ਉਹ ਲੋਕ ਅਪਣੀ ਧੀ-ਭੈਣ ਦੀ ਇੱਜ਼ਤ ਕਰਨਾ ਨਹੀਂ ਸਨ ਜਾਣਦੇ? ਇਹ ਸੰਸਕ੍ਰਿਤ ਸਾਡੀ ਸੱਕੀ ਭੈਣ 1947 ਤੋਂ ਬਾਅਦ ਰੱਬ ਜਾਣੇ ਕਿੱਥੋਂ ਆਈ ਤੇ ਕੌਣ ਇਸ ਨੂੰ ਲੈ ਕੇ ਆਇਆ? ਇਹ ਸੱਭ ਕੁੱਝ ਤਾਂ ਗੁਲਵੰਤ ਸਿੰਘ ਜੀ ਦੱਸ ਸਕਦੇ ਸਨ ਤੇ ਜਾਂ ਫਿਰ ਹੁਣ ਸੁਭਾਸ਼ ਵੀਰ ਜੀ ਦੱਸ ਦੇਣ। ਨਾਲੇ ਇਕ ਹੋਰ ਸਵਾਲ ਜੋ ਚੂੰਢੀ ਵੱਢ ਕੇ ਪੁਛਦਾ ਹੈ ਕਿ ਜੇ ਇਹ ਸੰਸਕ੍ਰਿਤ ਸਾਡੇ ਸਾਰੇ ਹੀ ਪੰਜਾਬੀਆਂ ਦੀ ਸੱਕੀ ਭੈਣ ਹੈ ਤਾਂ ਲਹਿੰਦੇ ਪੰਜਾਬ ਵਾਲੇ ਪੰਜਾਬੀ ਏਨੇ ਹੀ ਨਿਲੱਜੇ ਨੇ ਜਿਹੜੇ ਇਸ ਭੈਣ ਨੂੰ ਜਾਣਦੇ ਪਛਾਣਦੇ ਹੀ ਨਹੀਂ?

ਹੈਗੇ ਤਾਂ ਅਸੀ ਸਾਰੇ ਇਕੱਠੇ ਹੀ ਸਾਂ। ਇਕ ਲਕੀਰ ਪੈ ਜਾਣ ਨਾਲ ਬੋਲੀ ਦਾ ਏਨਾ ਫ਼ਰਕ ਕਿਉਂ ਪੈ ਗਿਆ? ਲਹਿੰਦੇ ਪੰਜਾਬ ਵਾਲੇ ਅੱਜ ਵੀ 1947 ਤੋਂ ਪਹਿਲਾਂ ਵਾਲੀ ਬੋਲੀ ਹੀ ਕਿਉਂ ਬੋਲਦੇ ਨੇ? ਕੀ ਇਹ ਸਾਡੀ ਭੈਣ ਸੰਤਾਲੀ ਤੋਂ ਪਿੱਛੋਂ ਜੰਮੀ ਸੀ? ਵੰਡ ਤਾਂ ਜ਼ਮੀਨ ਦੀ ਹੋਈ ਸੀ, ਇਹ ਜ਼ੁਬਾਨ ਕਿਉਂ ਵੰਡੀ ਗਈ? ਅੱਵਲ ਤਾਂ ਵੇਖਿਆ ਜਾਏ ਤਾਂ ਵੰਡ ਵੀ ਸਿਰਫ਼ ਪੰਜਾਬ ਦੀ ਹੀ ਹੋਈ ਹੈ।

ਹੁਣ ਜਦੋਂ ਜੰਗ ਲਗਦੀ ਹੈ ਤਾਂ ਉਜੜਦਾ ਵੀ ਪੰਜਾਬ ਹੀ ਹੈ। ਜਲੰਧਰ, ਫ਼ਿਰੋਜ਼ਪੁਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ ਅਤੇ ਗੁਰਦਾਸਪੁਰ ਹੀ ਮੁਕੰਮਲ ਤੌਰ ਤੇ ਮੁਸਲਮਾਨ ਪੰਜਾਬੀਆਂ ਨੂੰ ਫਾਂਡਾ ਫਿਰਿਆ ਸੀ ਤੇ ਦੂਜੇ ਪਾਸੇ ਗੁਜਰਾਂਵਾਲਾ, ਲਾਇਲਪੁਰ, ਮਿੰਟਗੁਮਰੀ, ਝੰਗ, ਮੀਆਂਵਾਲੀ, ਪਿੰਡੀ, ਮੁਲਤਾਨ, ਸ਼ੇਖ਼ੂਪੂਰਾ ਹੀ ਸੀ ਜਿਥੋਂ ਪੰਜਾਬੀਆਂ ਦਾ ਉਜਾੜਾ ਹੋਇਆ।

ਇਸ ਸਾਰੇ ਇਲਾਕੇ ਵਿਚ ਮੈਂ ਅੱਜ ਤਕ ਕੋਈ ਹਿੰਦੂ, ਸਿੱਖ ਪੰਜਾਬੀ ਨਾ ਵੇਖ ਸਕਿਆ। ਪੇਸ਼ਾਵਰ, ਬਲੋਚਿਸਤਾਨ ਅਤੇ ਸਿੰਧ ਵਿਚ ਕਿਸੇ ਨੇ ਕਿਸੇ ਨੂੰ ਉਂਗਲੀ ਨਾ ਲਾਈ। ਸਿੱਟਾ ਇਹ ਨਿਕਲਿਆ ਕਿ ਬਿਜਲੀ ਜਦੋਂ ਵੀ ਡਿੱਗੀ ਪੰਜਾਬੀਆਂ ਉਤੇ ਡਿੱਗੀ। ਭਾਵੇਂ ਹੁਣ ਸਾਡੀ ਅਪਣੀ ਇਸ ਕਰਨੀ ਦਾ ਪਛਤਾਵਾ ਦਿਲ ਸਾੜਦਾ ਹੈ ਪਰ ਉਹੀ ਗੱਲ ਕਿ ਲੋਕ ਕਰਨ ਤੋਂ ਪਹਿਲਾਂ ਸੋਚਦੇ ਨੇ ਤੇ ਅਸੀ ਕਰ ਕੇ ਸੋਚਦੇ ਹਾਂ ਜਾਂ ਖੌਰੇ ਸੋਚਦੇ ਹੀ ਕੁੱਝ ਨਹੀਂ। (ਚਲਦਾ) ਸੰਪਰਕ : 0208 5192139

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement