ਮਾਂ ਬੋਲੀ ਪੰਜਾਬੀ, ਸਾਰੇ ਪਿੰਡ ਦੀ ਭਾਬੀ(ਭਾਗ 5)
Published : May 27, 2018, 12:24 am IST
Updated : May 29, 2018, 8:09 pm IST
SHARE ARTICLE
Amin Malik
Amin Malik

ਗੱਲ ਮਾਂ ਬੋਲੀ ਦੀ ਹੋ ਰਹੀ ਸੀ। ਗੱਲ ਚੱਲੀ ਸੀ ਕਿ ਗੁਲਵੰਤ ਸਿੰਘ ਜੀ ਨੇ ਸੋਹਣ ਸਿੰਘ ਜੋਸ਼ ਜੀ ਨੂੰ ਪੱਚੀ ਜਾਂ ਲਾਜਵਾਬ ਕਰਨ ਲਈ ਅਪਣੇ ਵਲੋਂ ਬੜੀ ਦੂਰ ਦੀ ਕੌਡੀ ...

ਗੱਲ ਮਾਂ ਬੋਲੀ ਦੀ ਹੋ ਰਹੀ ਸੀ। ਗੱਲ ਚੱਲੀ ਸੀ ਕਿ ਗੁਲਵੰਤ ਸਿੰਘ ਜੀ ਨੇ ਸੋਹਣ ਸਿੰਘ ਜੋਸ਼ ਜੀ ਨੂੰ ਪੱਚੀ ਜਾਂ ਲਾਜਵਾਬ ਕਰਨ ਲਈ ਅਪਣੇ ਵਲੋਂ ਬੜੀ ਦੂਰ ਦੀ ਕੌਡੀ ਲਿਆਂਦੀ ਤੇ ਆਖਿਆ ਕਿ 'ਚਲੋ ਸੋਹਣ ਸਿੰਘ ਤਾਂ ਹੋਇਆ ਪਰ ਨਾਲ 'ਜੋਸ਼' ਦਾ ਸ਼ਬਦ ਈਰਾਨ ਵਿਚੋਂ ਮੰਗਣ ਕਿਉਂ ਗਏ ਹੋ?' ਇਸ ਗੱਲ ਨੂੰ ਹੀ ਬੁਨਿਆਦ ਬਣਾ ਕੇ ਸੁਭਾਸ਼ ਜੀ ਨੇ ਚਾਈਂ ਚਾਈਂ ਗੁਲਵੰਤ ਸਿੰਘ ਦੇ ਬੇਬੁਨਿਆਦ ਬਹੁਤਾਨ ਨੂੰ ਘੋੜੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਹੈ

ਕਿ ਵਾਕਿਆ ਹੀ ਸੰਸਕ੍ਰਿਤ ਪੰਜਾਬੀਆਂ ਦੀ ਸੱਕੀ ਭੈਣ ਹੈ ਤੇ ਇਸ ਤੋਂ ਵੱਖ ਕਿਸੇ ਹੋਰ ਬੋਲੀ ਦਾ ਸ਼ਬਦ ਸਾਡਾ ਘਰ ਪੂਰਾ ਨਹੀਂ ਕਰ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਸਦੀਆਂ ਤੋਂ ਪੰਜਾਬੀ ਬੋਲੀ ਦੇ ਅੰਗ ਸੰਗ ਬਣ ਗਏ ਅਤੇ ਰੱਚ ਮੱਚ ਗਏ ਸ਼ਬਦ 'ਜੋਸ਼' ਨੂੰ ਹੁਣ ਈਰਾਨ ਤੋਂ ਮੰਗੀ ਹੋਈ ਭੀਖ ਮਿਥਣਾ ਕੋਈ ਦਾਨਿਸ਼ਮੰਦੀ ਨਹੀਂ। ਪਿੰਡ ਦੀ ਜ਼ਨਾਨੀ ਵੀ ਆਖ ਰਹੀ ਹੈ 'ਨੀ ਦੋਸ਼ਾਂ, ਵੇਸਣ ਦੀ ਕੜ੍ਹੀ ਨੂੰ ਇਕ ਵੇਰਾਂ ਜੋਸ਼ ਆ ਜਾਏ ਤਾਂ ਥੱਲੇ ਲਾਹ ਲਵੀਂ।'

ਕੋਈ ਬੰਦਾ ਦੂਜੇ ਨੂੰ ਆਖਦਾ ਹੈ 'ਉਏ ਤੈਨੂੰ ਕਾਹਦਾ ਜੋਸ਼ ਚੜ੍ਹ ਗਿਐ।' ਇੰਜ ਹੀ ਇਹ ਸ਼ਬਦ ਹਰ ਥਾਂ ਪੈਰ ਪੈਰ ਤੇ ਵਰਤਿਆ ਜਾਂਦਾ ਹੈ। ਨਾਲੇ ਸੋਹਣ ਸਿੰਘ ਦੇ ਉਪ-ਨਾਂ ਜਾਂ ਤਖ਼ੱਲੁਸ ਜੋਸ਼ ਤੇ ਕਾਹਨੂੰ ਜੋਸ਼ ਆਇਆ ਹੈ? ਹੁਣ ਸਾਈਕਲ, ਸਟੇਸ਼ਨ, ਇੰਜਨ ਅਤੇ ਪਲੇਟਫ਼ਾਰਮ ਨੂੰ ਆਖੋਗੇ ਕਿ ਅੰਗਰੇਜ਼ੀ ਤੋਂ ਭੀਖ ਕਿਉਂ ਮੰਗੀ ਹੈ? ਇੰਜ ਹੀ ਐਸਪਰੋ, ਜੀ.ਟੀ. ਰੋਡ ਜਾਂ ਆਇਸਕ੍ਰੀਮ ਦਾ ਕੀ ਕਰੀਏ? ਚਲੋ ਅੰਗਰੇਜ਼ੀ ਵੀ ਜਾਣ ਦਿਉ। ਸ਼ਬਦ ਪਾਪ, ਪਜਾਮਾ, ਪੁਰਬਾਸ਼, ਪਰਚਾ, ਮਾਲਿਸ਼ ਜਾਂ ਅਸੀ ਆਖਦੇ ਹਾਂ ਕਿ ਦਾਤਰੀ ਦਾ ਦਸਤਾ। ਇਹ ਸਾਰੇ ਸ਼ਬਦ ਫ਼ਾਰਸੀ ਦੇ ਹਨ।

ਦੱਸੋ ਇਨ੍ਹਾਂ ਤੋਂ ਬਗ਼ੈਰ ਕਿੱਧਰ ਜਾਈਏ? ਅੱਗੋਂ ਰਜਾਈ, ਪਰਾਇਆ, ਮੌਤ ਅਤੇ ਹੋਰ ਵੀ ਬਹੁਤ ਸਾਰੇ ਅਰਬੀ ਦੇ ਸ਼ਬਦ ਪੰਜਾਬੀ ਵਿਚ ਸਦੀਆਂ ਦੇ ਆਣ ਵੜੇ ਹਨ, ਹੁਣ ਤੁਸੀ ਆਖੋਗੇ ਸਾਉਦੀ ਅਰਬ ਭੀਖ ਮੰਗਣ ਕਿਉਂ ਜਾਂਦੇ ਹੋ? ਸੱਕੀ ਭੈਣ ਸੰਸਕ੍ਰਿਤ ਹੀ ਤੁਹਾਡੇ ਸਾਰੇ ਘਾਟੇ ਪੂਰੇ ਕਰੇਗੀ। ਇਹ ਉਹ ਭੈਣ ਹੈ ਜਿਸ ਨੇ ਬੜੇ ਘਾਟੇ ਪਾਏ ਅਤੇ ਮੇਰੇ ਵਰਗੇ ਸੁਣ ਕੇ ਬਿਟਰ ਬਿਟਰ ਵੇਖੀ ਜਾਂਦੇ ਨੇ, ਸਮਝ ਕੋਈ ਨਹੀਂ ਆਉਂਦੀ।

ਇਥੋਂ ਤਕ ਕਿ ਸੁਭਾਸ਼ ਜੀ ਦੇ ਲੇਖ ਵਿਚ ਵੀ ਨੌਂ ਲਫ਼ਜ਼ ਐਸੇ ਆਏ ਕਿ ਮੈਨੂੰ ਉਨ੍ਹਾਂ ਦੀ ਸਮਝ ਹੀ ਕੋਈ ਨਾ ਆਈ। ਗੱਲ ਇਥੇ ਹੀ ਨਹੀਂ ਮੁਕਦੀ। ਉਰਦੂ, ਫ਼ਾਰਸੀ, ਅਰਬੀ ਦੇ ਸ਼ਬਦਾਂ ਨੂੰ ਭੀਖ ਆਖ ਕੇ ਰੱਦ ਕੀਤਾ ਜਾ ਰਿਹਾ ਹੈ ਪਰ ਜਿਹੜੇ ਅਸੀ ਖ਼ੁਸ਼ੀ ਨਾਲ ਪੰਜਾਬੀ ਮਾਂ ਬੋਲੀ ਵਿਚ ਹਿੰਦੀ ਦੇ ਸ਼ਬਦ ਬੋਲ ਰਹੇ ਹਾਂ ਤੁਸਾਂ ਤਾਂ ਉਨ੍ਹਾਂ ਨੂੰ ਵੀ ਰੱਦ ਕਰ ਦਿਤਾ ਹੈ ਅਤੇ ਉਨ੍ਹਾਂ ਦੇ ਤਾਲੂ ਉਤੇ ਵੀ ਸੰਸਕ੍ਰਿਤ ਲੱਦੀ ਜਾ ਰਹੀ ਹੈ।

ਮਸਲਨ ਪਤੀਲਾ, ਪਰਸੋਂ, ਪਰਨਾਲਾ, ਪਿੰਜਰਾ, ਪਸ਼ੂ, ਪਰਾਤ, ਪੰਛੀ ਜਾਂ ਪੁਰਾਣਾ, ਬਿਰਾਜਮਾਨ, ਮਾਸੀ। ਇਹ ਲਫ਼ਜ਼ ਹਿੰਦੀ ਦੇ ਹਨ ਪਰ ਇਨ੍ਹਾਂ ਨੂੰ ਕਿਉਂ ਪੰਜਾਬੀ ਬੋਲ ਸਮਝ ਕੇ ਅਛੂਤ ਜਾਣਦੇ ਹੋਏ ਸਾਡੀ ਭੈਣ ਸੰਸਕ੍ਰਿਤ ਦੀ ਫਾਂਸੀ ਚਾੜ੍ਹਿਆ ਜਾ ਰਿਹਾ ਹੈ? ਸਾਦਾ ਲਫ਼ਜ਼ 'ਪੁਰਾਣਾ' ਹੈ। ਇਸ ਨੂੰ 'ਪੁਰਾਤਨ' ਆਖ ਕੇ ਕਿਹੜਾ ਬਦਲਾ ਲੈ ਰਹੇ ਹੋ ਸਾਡੇ ਕੋਲੋਂ? ਲਫ਼ਜ਼ 'ਬਿਰਾਜਮਾਨ' ਵੀ ਹਿੰਦੀ ਹੈ ਪਰ ਤੁਸੀ ਹੁਣ ਸੱਕੀ ਭੈਣ ਨੂੰ ਤਰੱਕੀ ਦੇਣ ਲਈ ਇਸ ਸ਼ਬਦ ਨੂੰ 'ਉਪਸਥਿਤ' ਆਖਣਾ ਸ਼ੁਰੂ ਕਰ ਦਿਤਾ ਹੈ। ਇਸ ਦਾ ਮਤਲਬ ਸਿਰਫ਼ ਇਹ ਹੈ ਕਿ ਸਿਰਫ਼ ਪੰਜਾਬੀ ਦਾ ਬੀ ਮਾਰ ਕੇ ਸੰਸਕ੍ਰਿਤ ਚਾਲੂ ਕੀਤੀ ਜਾਏ।

ਇੰਜ ਹੀ ਮੁਖ ਵਿਖਾਈ ਜਾਂ ਘੁੰਡ ਚੁਕਾਈ ਨਾ ਅਸਾਂ ਈਰਾਨ ਵਿਚੋਂ ਮੰਗੇ ਨਾ ਅਰਬ ਵਿਚੋਂ, ਨਾ ਹੀ ਉਰਦੂ ਤੋਂ ਉਧਾਰ ਲਿਆ। ਇਹ ਤਾਂ ਹਿੰਦੁਸਤਾਨ ਦੀ ਹੀ ਸੌਗ਼ਾਤ ਹੈ ਅਤੇ ਸਦੀਆਂ ਤੋਂ ਪੰਜਾਬੀ ਬੋਲੀ ਦਾ ਹਿੱਸਾ ਹੈ। ਇਸ ਸ਼ਬਦ ਨੂੰ 'ਵਿਮੋਚਨ' ਆਖਣ ਵਾਲਿਆਂ ਦੀ ਨੀਤ ਦਾ ਸਾਫ਼ ਪਤਾ ਲਗਦਾ ਹੈ ਕਿ ਹੌਲੀ ਹੌਲੀ ਸੰਸਕ੍ਰਿਤ ਦਾ ਬੀ ਬੀਜਿਆ ਜਾ ਰਿਹਾ ਹੈ। 

ਸੁਭਾਸ਼ ਜੀ! ਮੈਂ ਪੰਜਾਬੀ ਹਾਂ ਤੇ ਸਵਰਗੀ ਸ਼ਿਵ ਕੁਮਾਰ ਜਿਹੇ ਸ਼ਾਇਰ ਦੀ ਡੂੰਘੀ ਕਵਿਤਾ ਵਿਚ ਡੁਬ ਕੇ ਵੀ ਖ਼ੂਬਸੂਰਤ ਕੌਡੀ ਕੱਢ ਲਿਆਂਦਾ ਹਾਂ। ਪਰ ਤੁਹਾਡੇ ਲੇਖ ਦਾ ਅੱਧਾ ਹਿੱਸਾ ਮੇਰੇ ਪੱਲੇ ਨਹੀਂ ਪਿਆ। ਇਕ ਸ਼ਬਦ ਤੁਸਾਂ ਤਥਾਕਥਿਤ ਲਿਖਿਆ ਹੈ ਜਿਹੜਾ ਮੇਰੇ ਕੋਲੋਂ ਬੋਲਿਆ ਹੀ ਨਹੀਂ ਜਾਂਦਾ ਤੇ ਸਮਝਣਾ ਮੈਂ ਘੱਟਾ ਹੈ। ਮੈਂ ਚੜ੍ਹਦੇ ਪੰਜਾਬ ਦਾ ਸਾਹਿਤ ਪੜ੍ਹਨ ਲਈ ਗੁਰਮੁਖੀ ਲਿੱਪੀ ਸਿਖੀ ਪਰ ਕੀ ਫ਼ਾਇਦਾ ਹੋਇਆ? ਤੇਲੀ ਵੀ ਕੀਤਾ ਤੇ ਸੁੱਕੀ ਹੀ ਖਾਣੀ ਪਈ। ਜਿਹੜੇ ਬੰਦੇ 'ਪਰਸਤੁਤ' ਵਰਗੇ ਸ਼ਬਦ ਲਿਖਦੇ ਹਨ, ਮੈਂ ਉਨ੍ਹਾਂ ਕੋਲੋਂ ਅਰਥ ਪੁੱਛਣ ਕਿੱਥੇ ਜਾਵਾਂ

ਸੌ ਹੱਥ ਰੱਸਾ ਤੇ ਸਿਰੇ ਤੇ ਗੰਢ। ਅਸਲ ਗੱਲ ਇੰਜ ਹੈ ਕਿ ਅਰਬੀ ਦੀ ਕਪਾਹ ਵੇਲੀ, ਉਰਦੂ ਦੀਆਂ ਪੂਣੀਆਂ ਵੱਟੀਆਂ, ਸੰਸਕ੍ਰਿਤ ਦੇ ਚਰਖੇ ਤੇ ਇਸ ਨੂੰ ਕੱਤਿਆ, ਫ਼ਾਰਸੀ ਦਾ ਤਾਣਾ ਤਣ ਕੇ ਹਿੰਦੀ ਦੀ ਖੱਡੀ ਉਤੇ ਬੁਣ ਕੇ ਪੰਜਾਬੀ ਦਾ ਥਾਨ ਲਾਹ ਲਿਆ ਗਿਆ ਹੈ। ਇਹ ਪੰਜਾਬੀ ਜ਼ੁਬਾਨ ਦਾ ਤਾਣਾ ਪੇਟਾ ਦਸਦਾ ਹੈ ਕਿ ਇਸ ਬੋਲੀ ਅਤੇ ਇਸ ਨੂੰ ਬੋਲਣ ਵਾਲਿਆਂ ਦਾ ਕਿਸੇ ਨਾਲ ਵੀ ਵੈਰ ਵਿਤਕਰਾ ਨਹੀਂ।

ਇਹ ਸਾਡੀ ਮਾਂ-ਬੋਲੀ ਤਾਂ ਸ਼ੋਹਦੀ ਪੰਜਾਂ ਬੋਲੀਆਂ ਦੀ ਜਾਈ ਧੀ ਭੈਣ ਹੈ। ਕ੍ਰਿਪਾ ਕਰੋ ਤੇ ਇਸ ਹਸਦੇ ਵਸਦੇ ਵਿਹੜੇ ਵਿਚ ਕਿਸੇ ਹੋਰ ਬੋਲੀ ਨੂੰ ਇਸ ਦੀ ਸੌਂਕਣ ਬਣਾ ਕੇ ਨਾ ਲਿਆਉ। ਕੀ ਮਿਲੇਗਾ ਸਕੂਨ ਨਾਲ ਵਸਦੇ ਵਿਹੜੇ ਵਿਚ ਕੁਪੱਤ ਸਹੇੜ ਕੇ? ਅਰਜੋਈ ਕਰਾਂਗਾ ਕਿ ਇਸ ਬੋਲੀ ਵਿਚ ਤਾਂ ਸੰਸਕ੍ਰਿਤ ਦੇ ਸ਼ਬਦ ਪਹਿਲਾਂ ਹੀ ਮੋਤੀਆਂ ਵਾਂਗ ਜੜੇ ਹੋਏ ਨੇ ਜੋ ਪੰਜਾਬੀ ਬੋਲੀ ਦਾ ਮਾਣ ਹਨ।

ਇਸ ਬੋਲੀ ਨੂੰ ਹੋਰ ਸ਼ਿੰਗਾਰਨ ਦਾ ਬਹਾਨਾ ਬਣਾ ਕੇ ਸੰਨ੍ਹ ਲਾਉਣ ਦੀ ਕੋਸ਼ਿਸ਼ ਇਹ ਅਲੋਕਾਰ ਕਿਸਮ ਦੇ ਸਾਹਿਤਕਾਰ ਨਾ ਹੀ ਕਰਨ ਤਾਂ ਚੰਗਾ ਹੈ। ਉਨ੍ਹਾਂ ਲਈ ਇਹ ਮਿਸਾਲ ਢੁਕਦੀ ਹੈ ਕਿ ਫ਼ਰਜ਼ ਕਰੋ ਕੋਈ ਬੰਦਾ ਆਖਦਾ ਹੈ ਕਿ 'ਭਗਤ ਸਿੰਘ ਨੇ ਯੁੱਧ ਕਰਨ ਵੇਲੇ ਪਹਿਲਾ ਹੱਲਾ ਮਾਰਿਆ।' ਮੈਂ ਐਸੇ ਵਾਕ ਨੂੰ ਹੀ ਵਧੇਰੇ ਸ਼ਿੰਗਾਰਨ ਲਈ ਵੱਡਾ ਸਾਹਿਤਕਾਰ ਬਣਨ ਲਈ ਜਾਂ ਬਦਨੀਅਤੀ ਦਾ ਕਫ਼ਨ ਪਾਉਂਦੇ ਹੋਏ ਇੰਜ ਲਿਖਾਂ ਕਿ 'ਭਗਤ ਸਿੰਘ ਨੇ ਹਰਬ ਦੇ ਦੌਰਾਨ ਇਬਤਦਾਈ ਕਾਰਨਾਮਾ ਸਰਅੰਜਾਮ ਦਿਤਾ।' ਹੁਣ ਤੁਸੀ ਦੱਸੋ ਕਿ ਬੋਲੀ ਵਿਗਾੜਨ ਵਾਲੇ ਸ਼ਿੰਗਾਰਾ ਖ਼ਾਨਾਂ ਨੂੰ ਮੇਰਾ ਇਹ ਵਾਕ ਵਾਰਾ ਖਾਏਗਾ

ਤੇ ਜੇ ਅਜੇ ਵੀ ਮੈਂ ਅਪਣਾ ਮੁੱਦਾ ਬਿਆਨ ਨਹੀਂ ਕਰ ਸਕਿਆ ਤਾਂ ਫਿਰ ਇਹ ਹੀ ਆਖ ਦਿਉ ਕਿ ਪੰਜਾਬੀ ਜ਼ੁਬਾਨ ਦਾ ਬਾਬਾ ਆਦਮ ਪਹਿਲਾ ਸੂਫ਼ੀ ਸ਼ਾਇਰ ਬਾਬਾ ਫ਼ਰੀਦ ਇਸ ਬੋਲੀ ਨੂੰ ਜਿਹੜੇ ਘਾਟੇ ਪਾ ਗਿਆ ਸੀ ਅਸੀ ਹੁਣ ਉਹ ਪੂਰੇ ਕਰ ਰਹੇ ਹਾਂ? ਨਾਲ ਹੀ ਇਹ ਵੀ ਆਖ ਦਿਉ ਕਿ ਅਸੀ ਮਟਖੀ ਰਾਮ, ਪੰਡਤ ਕਾਲੀਦਾਸ, ਅਮਰਨਾਥ ਜਜ ਮੁਨਸਿਫ਼, ਬੁੱਲ੍ਹਾ, ਵਾਰਿਸ, ਬਾਹੂ, ਪੂਰਨ ਸਿੰਘ, ਭਾਈ ਵੀਰ ਸਿੰਘ ਜਾਂ ਮੋਹਨ ਸਿੰਘ ਦੀਵਾਨਾ ਨਾਲੋਂ ਅੱਗੇ ਲੰਘਣ ਲੱਗੇ ਹਾਂ।

ਚਲੋ ਅਪਣੇ ਵੀਰ ਸੁਭਾਸ਼ ਮੂਜਬ ਮੈਂ ਇਸ ਗੱਲ ਤੋਂ ਵੀ ਨਾਬਰ ਨਹੀਂ ਹੁੰਦਾ ਕਿ ਜ਼ਰੂਰਤ ਵੇਲੇ ਜੇ ਲੋੜ ਪਵੇ ਤਾਂ ਇਧਰੋਂ-ਉਧਰੋਂ ਸ਼ਬਦ ਲੈਣ ਵਿਚ ਹਰਜ ਨਹੀਂ। ਪਰ ਵੇਖਣਾ ਇਹ ਹੈ ਕਿ ਜ਼ਰੂਰਤ ਕਿਸ ਨੂੰ ਆਖਦੇ ਨੇ? ਜ਼ਰੂਰਤ ਦਾ ਮਤਲਬ ਹੈ ਕਿ ਮੇਰੇ ਘਰ ਸੱਭ ਕੁੱਝ ਹੈ ਪਰ ਹਾਂਡੀ ਲਈ ਹਲਦੀ ਨਹੀਂ ਤਾਂ ਗਵਾਂਢੀਆਂ ਕੋਲੋਂ ਫੜ ਲਵੋ। ਪਰ ਜੇ ਇਕ ਬੰਦਾ ਆਖਦਾ ਹੈ ਯਾਰ ਮੇਰੇ ਕੋਲ ਰੱਸਾ ਤਾਂ ਹੈ ਬਸ ਇਕ ਮੱਝ ਕਿਸੇ ਕੋਲੋਂ ਮੰਗਣ ਚਲਿਆ ਹਾਂ, ਬੋਝੇ ਦਾ ਕਪੜਾ ਹੈ ਪਰ ਹੁਣ ਕੁੜਤੇ ਲਈ ਕਿਧਰੋਂ ਫੜਨ ਚਲਿਆ ਹਾਂ, ਚੇਨ ਕੋਲ ਹੈ ਬਸ ਸਾਈਕਲ ਦੀ ਲੋੜ ਹੈ!

ਮਿਸਿਜ਼ ਵਿਜੇ ਚੌਹਾਨ ਦੀ ਗੱਲ ਮੁਤਾਬਕ ਇਕ ਪੰਡਤ ਆਖ ਰਿਹਾ ਹੈ 'ਦਰਸ਼ਕੋ ਅਪਣਾ ਅਸਥਾਨ ਕ੍ਰਿਪਾ ਕਰ ਕੇ ਗ੍ਰਹਿਣ ਕਰ ਲਵੋ।' ਹੁਣ ਦੱਸੋ ਇਸ ਵਾਕ ਵਿਚ ਪੰਜਾਬੀ ਕਿਹੜੀ ਹੈ ਤੇ ਮੰਗਿਆ ਹੋਇਆ ਸ਼ਬਦ ਕਿਹੜਾ ਹੈ? ਲਗਦਾ ਹੈ ਰੱਸਾ ਹੀ ਪੰਜਾਬੀ ਦਾ ਹੈ, ਮੱਝ ਤਾਂ ਸਾਰੀ ਦੀ ਸਾਰੀ ਕਿਸੇ ਹੋਰ ਖੁਰਲੀ ਤੋਂ ਮੰਗੀ ਹੋਈ ਹੈ। ਪਰ ਹੁਣ ਫਿਰ ਵੀ ਕੋਈ ਆਖੇ ਕਿ ਇਹ ਹੀ ਪੰਜਾਬੀ ਬੋਲੀ ਹੈ, ਤੇ ਫਿਰ ਇਹ ਧੱਕਾ ਧੌਂਸ ਜਾਂ ਧਾਂਦਲੀ ਹੀ ਹੋਵੇਗੀ। ਇਸ ਤਰ੍ਹਾਂ ਦਾ ਲੈਣ-ਦੇਣ ਤਾਂ ਚੋਰੀ ਡਾਕਾ ਹੀ ਲਗਦਾ ਹੈ। ਅੱਜ ਮੈਂ ਸੁਭਾਸ਼ ਵੀਰ ਦਾ ਜੋ ਲੇਖ ਪੜ੍ਹਿਆ ਸੀ ਜਿਸ ਵਿਚ ਨੌਂ ਸ਼ਬਦਾਂ ਦੇ ਅਰਥ ਮੈਨੂੰ ਨਹੀਂ ਆਉਂਦੇ।

ਫਿਰ ਇਹ ਹੀ ਆਖਣਾ ਪਵੇਗਾ ਕਿ ਮੈਂ ਕੈਸਾ ਭਰਾ ਹਾਂ ਜਿਹੜਾ ਅਪਣੀ ਸੱਕੀ ਭੈਣ ਨੂੰ ਵੀ ਨਹੀਂ ਪਛਾਣ ਸਕਿਆ। ਵਜ੍ਹਾ ਇਹ ਹੈ ਕਿ ਲਹਿੰਦੇ ਪੰਜਾਬ ਲਈ ਇਹ ਭੈਣ 1947 ਤੋਂ ਮਗਰੋਂ ਜੰਮੀ ਹੈ। ਅੱਗੋਂ ਮੇਰੇ ਜਿਹੇ ਸ਼ੁਦਾਈ ਪੰਜਾਬੀ ਵੀਰ ਪਰਾਇਆ ਤੂੜੀ ਦਾਣਾ ਖਾ ਕੇ ਓਪਰੇ ਟੇਟਣੇ ਮਾਰਨ ਲੱਗ ਪਏ ਤੇ ਅਪਣੇ ਕਿੱਲੇ ਉਤੇ ਮੰਗੀ ਹੋਈ ਪਰਾਈ ਮੱਝ ਲਿਆ ਕੇ ਬੰਨ੍ਹ ਲਈ। ਇਸ ਤਰ੍ਹਾਂ ਦੇ ਲਵੇਰੇ ਨਾਲ ਸਾਹਿਤ ਦੀ ਰੋਟੀ ਚੋਪੜਨ ਨਾਲੋਂ ਸੁੱਕੀ ਖਾ ਲੈਣਾ ਹੀ ਇੱਜ਼ਤ ਹੈ।

ਇਸ ਵਿਚ ਕੋਈ ਭੁਲੇਖਾ ਨਹੀਂ ਕਿ ਸੰਸਕ੍ਰਿਤ ਬੜੀ ਇੱਜ਼ਤਯੋਗ ਆਲਮਾਂ ਫ਼ਾਜ਼ਲਾਂ ਅਤੇ ਵਿਦਵਾਨਾਂ ਦੀ ਜ਼ੁਬਾਨ ਹੈ। ਜੇ ਇਸ ਗੱਲ ਨੂੰ ਮੁੱਖ ਰੱਖ ਕੇ ਇਸ ਨੂੰ ਜੱਫ਼ਾ ਪਾਇਆ ਹੈ ਤਾਂ ਫਿਰ ਸ਼ੇਕਸਪੀਅਰ ਦੀ ਬੋਲੀ ਕਿਉਂ ਨਾ ਬੋਲੀ ਜਾਏ ਅਸਲ ਗੱਲ ਇਹ ਹੈ ਕਿ ਅਸੀ ਦੁਨੀਆਂ ਦੇ ਮੰਨੇ-ਪ੍ਰਮੰਨੇ ਪੰਜਾਬ ਦੇ ਸ਼ੇਕਸਪੀਅਰ ਮੀਆਂ ਵਾਰਿਸ ਸ਼ਾਹ ਦੀ ਬੋਲੀ ਬੋਲਦੇ ਹੀ ਚੰਗੇ ਲਗਦੇ ਹਾਂ।

ਇਕ ਵੇਰਾਂ ਫਿਰ ਹੱਥ ਬੰਨ੍ਹ ਕੇ ਮਾਫ਼ੀ ਦਾ ਤਲਬਗਾਰ ਹਾਂ ਕਿ ਅਪਣੀ ਮਾਂ ਬੋਲੀ ਦੀ ਮੁਹੱਬਤ ਦੇ ਮੂੰਹਜ਼ੋਰ ਜਜ਼ਬੇ ਵਿਚ ਗ਼ਰਕ ਹੋ ਕੇ ਕੋਈ ਗੁਸਤਾਖ਼ੀ ਜਾਂ ਖਨਾਮੀ ਕਰ ਗਿਆ ਹੋਵਾਂ ਤਾਂ ਮਜਬੂਰੀ ਹੀ ਜਾਣਿਉ। ਕੀ ਕਰਾਂ, ਬੇਵਸੀ ਹੈ ਕਿ ਅਪਣੇ ਅਹਿਸਾਸ ਦੀ ਕੁੱਖ ਵਿਚੋਂ ਇਹ ਦੁੱਖ ਨਾ ਕੱਢ ਸਕਿਆ ਕਿ ਸਾਡਾ ਪੰਜਾਬ ਤਾਂ ਦੋ ਟੋਟੇ ਹੋ ਗਿਆ, ਕਿਧਰੇ ਪੰਜਾਬੀਅਤ ਦੇ ਇਸ ਭਾਈਚਾਰੇ ਵਿਚ ਵੀ ਕੰਦ ਨਾ ਵੱਜ ਜਾਵੇ।

ਇਨ੍ਹਾਂ ਪੰਜਾਂ ਦਰਿਆਵਾਂ ਵਿਚੋਂ ਰੱਬ ਕਰੇ ਕੋਈ ਵੀ ਨਾ ਸੁੱਕੇ। ਰੱਬ ਅੱਗੇ ਦੁਆ ਹੈ ਕਿ ਸਾਡੀ ਵੱਖੋ-ਵੱਖ ਹੋ ਗਈ ਜਿਸਮਾਨੀ ਜੁਦਾਈ ਦਾ ਰੂਹਾਨੀ ਭਾਈਚਾਰਾ ਤੇ ਭਰੱਪਾ ਕਦੀ ਵੀ ਨਾ ਮੁੱਕੇ। ਸੰਤਾਲੀ ਦੇ ਲੱਗੇ ਫੱਟ ਹੀ ਬਥੇਰੇ ਨੇ। ਜੇ ਬੋਲੀ ਨੇ ਨਖੇੜੇ ਪਾ ਦਿਤੇ ਤਾਂ ਕਿਧਰੇ ਕੂਣ ਸਹਿਣ ਵੀ ਨਾ ਜਾਂਦਾ ਰਹੇ। ਕਿਵੇਂ ਦੱਸਾਂ ਕਿ ਜਦੋਂ ਕਦੀ ਵੀਜ਼ੇ ਦੀ ਖ਼ੈਰ ਪੈ ਜਾਂਦੀ ਹੈ ਤਾਂ ਲਾਹੌਰ ਜਾਣ ਨਾਲੋਂ ਅੰਮ੍ਰਿਤਸਰ ਜਾਣ ਦਾ ਚਾਅ ਦੁਗਣਾ ਹੁੰਦਾ ਹੈ। ਇਹ ਚਾਅ ਸਿਰਫ਼ ਮੇਰਾ ਹੀ ਨਹੀਂ।

ਮੁੰਬਈ ਤੋਂ ਫ਼ਿਲਮੀ ਅਦਾਕਾਰ ਘੁੱਗੀ ਅਪਣੇ ਪਿਤਾ ਜੀ ਸਰਦਾਰ ਗੁਰਨਾਮ ਸਿੰਘ ਵੜੈਚ ਨੂੰ ਲੈ ਕੇ ਜਦੋਂ ਅੰਮ੍ਰਿਤਸਰ ਮੇਰੇ ਲਾਰੰਸ ਹੋਟਲ ਵਿਚ ਅਪੜਿਆ ਤਾਂ ਆਖਣ ਲੱਗਾ, ''ਮੇਰੇ ਪਿਉ ਨੇ ਆਖਿਐ ਜੇ ਤੂੰ ਮੈਨੂੰ ਅਮੀਨ ਮਲਿਕ ਨਾਲ ਨਾ ਮਿਲਾਇਆ ਤਾਂ ਮਰਨ ਲਗਿਆਂ ਮੈਂ ਤੈਨੂੰ ਬਖ਼ਸ਼ਣਾ ਨਹੀਂ।'' ਤੁਸੀ ਹੀ ਦੱਸੋ ਕਿ ਮੈਂ ਇਨ੍ਹਾਂ ਮੁਹੱਬਤਾਂ ਦੀ ਹੱਥਕੜੀ ਵਿਚੋਂ ਅਪਣੇ ਜੁੜੇ ਹੋਏ ਹੱਥ ਕਿਵੇਂ ਖਿੱਚ ਲਵਾਂ ਫ਼ਿਰੋਜ਼ਪੁਰ ਦਾ ਇਕ ਪੁਲਿਸ ਮੁਲਾਜ਼ਮ ਉਸੇ ਹੋਟਲ ਵਿਚ ਆ ਕੇ ਆਖਣ ਲੱਗਾ, ''ਅਮੀਨ ਜੀ, ਅਖ਼ਬਾਰ ਵਿਚ ਤੁਹਾਡਾ ਨਾਂ ਪੜ੍ਹ ਕੇ ਦੌੜ ਆਇਆ ਹਾਂ,

ਪਿੱਛੋਂ ਨੌਕਰੀ ਦਾ ਰੱਬ ਵਾਰਿਸ।'' ਦਰਅਸਲ ਮੈਂ ਤਾਂ ਵੀਰਾਂ ਦੇ ਦਿਤੇ ਹੋਏ ਪਿਆਰ ਦਾ ਉਧਾਰ ਲਾਹ ਰਿਹਾ ਹਾਂ। ਪਤਾ ਨਹੀਂ ਮੈਂ ਅਪਣੀਆਂ ਜਜ਼ਬਾਤੀ ਗੱਲਾਂ ਦੇ ਵਹਿਣ ਵਿਚੋਂ ਕਦੋਂ ਨਿਕਲ ਸਕਾਂਗਾ। ਜਦੋਂ ਅੰਮ੍ਰਿਤਸਰ ਦੇ ਨਿੱਕੇ ਜਿਹੇ ਅਪਣੇ ਪਿੰਡ ਗੁਜਰਾਂਵਾਲੀ ਦੀ ਜੁਦਾਈ ਦੀ ਫੂਹੜੀ ਤੇ ਬਹਿ ਜਾਂਦਾ ਹਾਂ ਤਾਂ ਕੀਰਨੇ ਮੁਕਦੇ ਹੀ ਨਹੀਂ। ਬੰਦੇ ਦੇ ਸੀਨੇ ਵਿਚ ਅਹਿਸਾਸ ਭਰਿਆ ਦਿਲ ਹੋਵੇ ਤਾਂ ਅਪਣੀ ਮਿੱਟੀ ਤੋਂ ਵਿਛੜਨ ਦਾ ਸੱਲ ਸਾਰੀ ਹਿਆਤੀ ਰਿਸਦਾ ਰਹਿੰਦਾ ਹੈ।

ਕੀ ਕਰਾਂ! ਮੁਹੱਬਤਾਂ ਦਾ ਮਾਰਿਆ ਹੋਇਆ ਇਨਸਾਨ ਹਾਂ। ਬਚਪਨ ਦੇ ਬੂਟੇ ਨੂੰ ਮੁਹੱਬਤ ਦਾ ਸੋਕਾ ਲੱਗ ਜਾਏ ਤਾਂ ਉਸ ਨੂੰ ਪਾਣੀਆਂ ਦੀ ਨਹੀਂ, ਮਿਹਰਬਾਨੀਆਂ ਦੀ ਲੋੜ ਹੁੰਦੀ ਹੈ। ਸ਼ਾਇਦ ਇਹ ਹੀ ਮੇਰਾ ਨਫ਼ਸਿਆਤੀ ਜਾਂ ਮਾਨਸਿਕ ਮਸਲਾ ਹੈ। ਉਂਜ ਵੀ ਸਾਡੇ ਲੱਖ ਵਿਛੋੜੇ ਜਾਂ ਜੁਦਾਈਆਂ ਪੈ ਜਾਣ ਪਰ ਉਸ ਪਵਿੱਤਰ ਅਤੇ ਮੁਬਾਰਕ ਕਿਤਾਬ ਦਾ ਕੀ ਕਰੋਗੇ ਜਿਸ ਵਿਚ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫ਼ਰੀਦ ਅੱਜ ਵੀ ਰਲ ਕੇ ਬੈਠੇ ਹੋਏ ਨੇ

 ਅਸੀ ਅਪਣੇ ਹੱਥੀਂ ਜੇ ਕਿਸੇ ਸਾਜ਼ਸ਼ ਸ਼ਰਾਰਤ ਲਈ ਵਿਛੋੜੇ ਪਾ ਲਈਏ ਤਾਂ ਵਖਰੀ ਗੱਲ ਹੈ। ਵਰਨਾ ਤੇ ਸੰਸਕ੍ਰਿਤ ਵੀ ਸਾਡੀ ਪੰਜਾਬੀ ਬੋਲੀ ਦਾ ਪਹਿਲਾਂ ਹੀ ਹਿੱਸਾ ਹੈ। ਸ਼ਬਦ 'ਸਾਂਝ, ਤਾਪ, ਤੱਤ, ਸੁਰਤ ਅਤੇ ਪੇਸ਼ਾਬ' ਵਰਗੇ ਸੰਸਕ੍ਰਿਤ ਦੇ ਲਫ਼ਜ਼ ਅਸੀ ਸਦੀਆਂ ਤੋਂ ਬੋਲ ਰਹੇ ਹਾਂ। ਸੰਸਕ੍ਰਿਤ ਵੀ ਪੰਜਾਬੀ ਦੀ ਹੀ ਤੰਦ ਹੈ ਪਰ ਮਿਹਰਬਾਨੀ ਕਰੋ ਤੇ ਇਸ ਨੂੰ ਇਥੋਂ ਤਕ ਹੀ ਰਹਿਣ ਦਿਉ। ਇਸ ਸਾਡੀ ਭੈਣ ਨੂੰ ਸੌਂਕਣ ਬਣਾ ਕੇ ਇਕ-ਦੂਜੀ ਦੀ ਗੁੱਤ ਅਤੇ ਗਲਮਾ ਨਾ ਫੜਾਉ। ਮੇਰਾ ਨਹੀਂ ਜੀ ਕਰਦਾ ਕਿ ਲਾਹੌਰ ਚੂਨਾ ਮੰਡੀ ਦੇ ਜੰਮਪਲ ਗੁਰੂ ਰਾਮਦਾਸ ਜੀ ਨੂੰ ਕਸੂਰ ਦੀ ਮਿੱਟੀ ਬਾਬਾ ਬੁੱਲ੍ਹੇ ਸ਼ਾਹ ਨਾਲੋਂ ਵੱਖੋ ਵੱਖ ਕਰ ਦੇਵਾਂ।

ਕੀ ਹੋਇਆ ਜੇ ਮੋਹਨ ਸਿੰਘ ਰਾਵਲਪਿੰਡੀ ਦੇ ਪਿੰਡ ਧਮਿਆਲ ਅਤੇ ਫ਼ਿਰੋਜ਼ ਦੀਨ ਸ਼ਰਫ਼ ਰਾਜੇਸਾਂਸੀ ਦੇ ਪਿੰਡ ਤੋਲਾ ਨੰਗਲ ਜੰਮੇ ਪਲੇ? ਇਸ ਨਾਲ ਸਭਿਆਚਾਰ ਅਤੇ ਵਿਚਾਰ ਤਾਂ ਵੱਖੋ-ਵੱਖ ਨਹੀਂ ਹੋਏ। ਭੋਇੰ ਦੀ ਲਕੀਰ ਨਾਲ ਦੇਸ਼ਾਂ ਦੀ ਤਕਦੀਰ ਹੀ ਬਦਲੀ ਹੈ, ਮਿੱਟੀ ਦੀ ਤਾਸੀਰ ਤਾਂ ਨਹੀਂ ਬਦਲੀ। ਦੇਸ਼ ਬਦਲ ਗਏ ਨੇ, ਸਾਡੇ ਵੇਸ ਤਾਂ ਅੱਜ ਵੀ ਉਹੀ ਨੇ। ਹਾਲਾਤ ਨੇ ਸਾਥ ਨਹੀਂ ਦਿਤਾ ਤਾਂ ਕੋਈ ਗੱਲ ਨਹੀਂ, ਸਾਡੇ ਖ਼ਿਆਲਾਤ ਵਿਚ ਤਾਂ ਸਾਡੇ ਵਿਚ ਹੀ ਹਨ।

ਚਲੋ ਅਸੀ ਦੋਹਾਂ ਪੰਜਾਬਾਂ ਦੇ ਆਖ਼ਰੀ ਦੋ ਹੀਰੇ ਸ਼ਿਵ ਕੁਮਾਰ ਤੇ ਉਸਤਾਦ ਦਾਮਨ ਨੂੰ ਇਕ-ਦੂਜੇ ਦੀਆਂ ਅੰਗੂਠੀਆਂ ਵਿਚ ਜੜ ਕੇ ਆਪਸ ਵਿਚ ਵਟਾ ਲਈਏ। ਕੀ ਲੈਣਾ ਹੈ ਚੁੱਲ੍ਹੇ ਵਖਰੇ ਕਰ ਕੇ? ਸਵਰਗੀ ਮੋਹਨ ਸਿੰਘ ਜੀ ਦੀ ਮੰਨ ਲਈਏ ਜੋ ਆਖ ਗਿਆ ਏ:


ਜੇ ਰਾਂਝਾ ਏਂ ਤੇ ਝੰਗ ਵਿਆਹ, 
ਜੇ ਹੀਰ ਏਂ ਤੇ ਤਖ਼ਤ ਹਜ਼ਾਰਾ ਗਾਹ
ਇਥੇ ਨਾ ਸੋਭੇ ਕੈਦੋਆਂ ਦਾ, 
ਇਹ ਥਾਂ ਨਾ ਰੰਗ ਪੂਰ ਖੇੜੇ ਦੀ

ਵਾਹ ਰਲ ਵੱਸਣਾ ਪੰਜਾਬੀਆਂ ਦਾ, 
ਉਹ ਝਗੜਾ ਦੇਵਰਾਂ ਭਾਬੀਆਂ ਦਾ
ਜੇ ਚੁੱਲ੍ਹੇ ਵਖਰੇ ਹੋ ਜਾਵਣ, 
ਉਹ ਬਾਤ ਨਾ ਰਹਿੰਦੀ ਵਿਹੜੇ ਦੀ

ਰੱਬ ਅੱਗੇ ਆਖ਼ਰੀ ਅਰਦਾਦ ਹੈ ਕਿ:
ਤੇਰੇ ਬੱਦਲਾਂ ਦੀ ਖ਼ੈਰ, ਤੇਰੇ ਸਾਗਰਾਂ ਦੀ ਖ਼ੈਰ, 
ਮੇਰੀ ਬੋਲੀ ਦੀ ਕਿਆਰੀ ਨੂੰ ਵੀ ਪਾਣੀ ਦੇ, 
ਓਏ ਜ਼ਿੰਦਗਾਨੀ ਦੇ।
ਤੁਹਾਡਾ ਅਮੀਨ ਮਲਿਕ।   (ਸਮਾਪਤ)  ਸੰਪਰਕ : 0208 5192139

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement