
ਇਤਿਹਾਸ ਦੇ ਪੰਨਿਆਂ ਵਿਚ ਜਦੋਂ ਕਦੇ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦੈ, ਤਾਂ ਉਨ੍ਹਾਂ ਦੀ ਸ਼ੁਰੂਆਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ...
ਫਤਿਹਗੜ੍ਹ ਸਾਹਿਬ (ਭਾਸ਼ਾ) : ਇਤਿਹਾਸ ਦੇ ਪੰਨਿਆਂ ਵਿਚ ਜਦੋਂ ਕਦੇ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦੈ, ਤਾਂ ਉਨ੍ਹਾਂ ਦੀ ਸ਼ੁਰੂਆਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਤੋਂ ਹੁੰਦੀ ਹੈ। ਇਨ੍ਹਾਂ ਮਹਾਨ ਸ਼ਹੀਦੀਆਂ ਸਦਕਾ ਹੀ ਮੁਗ਼ਲ ਹਕੂਮਤ ਦੀ ਜੜ੍ਹ ਪੁੱਟੀ ਗਈ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਹਰ ਸਾਲ ਤਿੰਨ ਦਿਨਾਂ ਤਕ ਸ਼ਹੀਦੀ ਜੋੜ ਮੇਲ ਹੁੰਦਾ ਹੈ। ਜਿਸ ਵਿਚ ਵਿਸ਼ਵ ਭਰ ਤੋਂ ਸੰਗਤ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਉਂਦੀ ਹੈ।
ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ ਕਾਰਨ ਹੋਰ ਵੀ ਵਧ ਜਾਂਦੀ ਹੈ। ਕਿਉਂਕਿ ਇਹੀ ਉਹ ਅਸਥਾਨ ਹੈ, ਜਿੱਥੇ ਸੂਬਾ ਸਰਹਿੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ਵਿਚ ਚਿਣਵਾ ਦਿਤਾ ਸੀ। ਇਸ ਅਸਥਾਨ 'ਤੇ ਬਣੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਹੇਠਾਂ ਸ਼੍ਰੀ ਭੋਰਾ ਸਾਹਿਬ ਸਥਿਤ ਹੈ ਜੋ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ। ਸਾਹਿਬਜ਼ਾਦਿਆਂ ਦੇ ਵਿਯੋਗ ਵਿਚ ਮਾਤਾ ਗੁਜਰ ਕੌਰ ਜੀ ਨੇ ਵੀ ਅਪਣੇ ਪ੍ਰਾਣ ਤਿਆਗ਼ ਦਿਤੇ ਸਨ। ਇਸ ਲਈ ਇਸ ਸਥਾਨ ਨੂੰ ਭੋਰਾ ਸਾਹਿਬ ਦੇ ਨਾਮ ਨਾਲ ਨਹੀਂ ਸਗੋਂ ਸ਼ਹੀਦੀ ਸਥਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਅਜਿਹੀ ਲਾਸਾਨੀ ਕੁਰਬਾਨੀ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਗੁਰੂ ਸਾਹਿਬ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਦੀ ਖ਼ਾਤਰ ਮੌਤ ਕਬੂਲ ਕਰ ਲਈ ਪਰ ਨਵਾਬ ਵਜ਼ੀਰ ਖਾਂ ਦੇ ਅੱਗੇ ਈਨ ਨਹੀਂ ਮੰਨੀ। ਅੱਜ ਵੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਹੇਠਾਂ ਬਣੇ ਸ਼੍ਰੀ ਭੋਰਾ ਸਾਹਿਬ ਵਿਚ ਉਹ ਦੀਵਾਰ ਮੌਜੂਦ ਹੈ, ਜਿਸ ਵਿਚ ਦੋਵਾਂ ਸਾਹਿਬਜ਼ਾਦਿਆਂ ਜ਼ਿੰਦਾ ਚਿਣਵਾ ਦਿਤਾ ਗਿਆ ਸੀ। ਹੁਣ ਇਸੇ ਪਵਿੱਤਰ ਅਸਥਾਨ 'ਤੇ 26, 27 ਅਤੇ 28 ਦਸੰਬਰ ਨੂੰ ਸ਼ਹੀਦੀ ਜੋੜ ਮੇਲ ਲੱਗਣ ਜਾ ਰਿਹਾ ਹੈ। ਜਿੱਥੇ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਹੀਦਾਂ ਨੂੰ ਨਮਨ ਕਰਨ ਲਈ ਪੁੱਜੇਗੀ।
ਇਸ ਮੌਕੇ 28 ਦਸੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ ਨੂੰ ਪਾਲਕੀ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਹਰ ਕਿਸੇ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਧਰਮ ਦੀ ਖ਼ਾਤਮ ਅਪਣੀਆਂ ਨਿੱਕੀਆਂ-ਨਿੱਕੀਆਂ ਜਿੰਦਾਂ ਵਾਰ ਦਿਤੀਆਂ। ਅਦਾਰਾ ਸਪੋਕਸਮੈਨ ਵੀ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।