
ਰਾਣਾ ਸੋਢੀ ਨੇ ਭਰੋਸਾ ਜਤਾਇਆ ਕਿ ਭਾਜਪਾ ਪੰਜਾਬ ਨੂੰ ਸਥਿਰ ਸਰਕਾਰ ਦੇ ਸਕਦੀ ਹੈ।
ਚੰਡੀਗੜ੍ਹ (ਅਮਨਪ੍ਰੀਤ ਕੌਰ): ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਹਾਲ ਹੀ ਵਿਚ ਭਾਜਪਾ ’ਚ ਸ਼ਾਮਲ ਹੋਏ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਬਹੁਤ ਮੁਸ਼ਕਿਲ ਸਮੇਂ ਵਿਚੋਂ ਲੰਘ ਰਿਹਾ ਹੈ, ਮੌਜੂਦਾ ਸਰਕਾਰ ਕਾਨੂੰਨ-ਵਿਵਸਥਾ ਨੂੰ ਹੱਲ਼ ਕਰਨ ਵਿਚ ਅਸਫਲ ਰਹੀ ਹੈ। ਦਿਨ ਪ੍ਰਤੀ ਦਿਨ ਹਾਲਾਤ ਵਿਗੜ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੀ ਸ਼ਾਂਤੀ ਖਤਰੇ ਵਿਚ ਹੈ। ਇਸ ਤੋਂ ਅਗਲੇ ਦਿਨ ਹੀ ਲੁਧਿਆਣਾ ਵਿਚ ਬਲਾਸਟ ਹੋਇਆ ਹੈ, ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ ਹਨ।
Rana Gurmeet Singh Sodhi
ਰਾਣਾ ਸੋਢੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਕਈ ਵਾਅਦੇ ਕਰ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਮੁੱਦੇ ਹੱਲ਼ ਕਰਨ ਲਈ ਕੋਈ ਜ਼ਰੀਆ ਨਹੀਂ ਹੈ। ਉਹਨਾਂ ਕਿਹਾ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਹਨਾਂ ਨੇ ਕੋਈ ਮੁੱਦੇ ਹੱਲ਼ ਨਹੀਂ ਕੀਤੇ। ਇਸੇ ਤਰ੍ਹਾਂ ਕਾਂਗਰਸ ਦੀ ਸਰਕਾਰ ਰਹੀ। ਅਸੀਂ ਇਸ ਲਈ ਜੂਝਦੇ ਰਹੇ ਕਿ ਪੰਜਾਬ ਵਿਚ ਸ਼ਾਂਤੀ ਬਹਾਲ ਕਰਨੀ ਹੈ।
Rana Gurmeet Singh Sodhi
ਉਹਨਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਉਹਨਾਂ ਵਿਚ ਕਮੀ ਰਹੀ ਤਾਂ ਨਵਾਂ ਮੁੱਖ ਮੰਤਰੀ ਲਾਇਆ ਗਿਆ ਤੇ ਨਵੇਂ ਮੰਤਰੀ ਲਾਏ ਗਏ ਪਰ ਪੰਜਾਬ ਵਿਚ ਕੋਈ ਬਦਲਾਅ ਨਹੀਂ ਹੋਇਆ। ਰਾਣਾ ਸੋਢੀ ਨੇ ਭਰੋਸਾ ਜਤਾਇਆ ਕਿ ਭਾਜਪਾ ਪੰਜਾਬ ਨੂੰ ਸਥਿਰ ਸਰਕਾਰ ਦੇ ਸਕਦੀ ਹੈ। ਭਾਜਪਾ ਨੇ ਅਪਣੀ ਸੋਚ ਨਾਲ ਨਵਾਂ ਪੰਜਾਬ ਸਿਰਜਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਭਾਜਪਾ ਦੇਸ਼ ਨੂੰ ਉੱਪਰ ਲਿਜਾ ਸਕਦੀ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ। ਉਹਨਾ ਕਿਹਾ ਕਿ ਸਿਆਸੀ ਪਾਰਟੀਆਂ ਜਾਤ-ਪਾਤ ਦੇ ਨਾਂਅ ’ਤੇ ਵੋਟਾਂ ਬਟੋਰਨ ਵਿਚ ਲੱਗੀਆਂ ਹੋਈਆਂ ਹਨ।
PM MODI
ਰਾਣਾ ਸੋਢੀ ਨੇ ਕਿਹਾ ਕਿ ਉਹਨਾਂ ਨੇ 40 ਸਾਲ ਕਾਂਗਰਸ ਵਿਚ ਬਿਤਾਏ, ਕਾਂਗਰਸ ਧਰਮ ਨਿਰਪੱਖ ਪਾਰਟੀ ਸੀ ਪਰ ਅੱਜ ਮੈਨੂੰ ਮਹਿਸੂਸ ਹੋਇਆ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਨਹੀਂ ਰਹੀ। ਉਹਨਾਂ ਕਿਹਾ ਕਿ ਮੈਂ ਕਿਸਾਨ ਹਾਂ, ਖੇਤੀ ਕਾਨੂੰਨ ਗਲਤ ਸੀ ਅਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਨੇ ਵਾਪਸ ਲਿਆ ਹੈ। ਉਹਨਾਂ ਨੇ ਕਿਸਾਨਾਂ ਦਾ ਦਰਦ ਸਮਝਿਆ ਹੈ, ਇਸ ਤੋਂ ਮੈਂ ਮਹਿਸੂਸ ਕੀਤਾ ਕਿ ਉਹ ਕਿਸਾਨ ਹਮਾਇਤੀ ਹਨ। ਉਹਨਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਉਹ ਕਿਸਾਨਾਂ ਦੀ ਭਲਾਈ ਲਈ ਕੰਮ ਕਰਨਗੇ।