
ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ...
ਚੰਡੀਗੜ੍ਹ : ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਬਦਲੇ ਕੌਮੀ ਪੁਰਸਕਾਰ ਮਿਲਣ ਉਤੇ ਖ਼ੁਸ਼ੀ ਜ਼ਾਹਰ ਕਰਦਿਆਂ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਵਧਾਈ ਦਿਤੀ ਹੈ। ਅਪਣੇ ਵਧਾਈ ਸੰਦੇਸ਼ ਵਿਚ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਾਲ 2015-16 ਦੌਰਾਨ ਇਕ ਹਜ਼ਾਰ ਲੜਕਿਆਂ ਪਿੱਛੇ 859 ਲੜਕੀਆਂ ਸਨ,
ਜਿਸ ਵਿਚ ਸੁਧਾਰ ਹੋਇਆ ਅਤੇ ਸਾਲ 2017-18 ਦੌਰਾਨ ਇਹ ਅਨੁਪਾਤ ਇਕ ਹਜ਼ਾਰ ਲੜਕਿਆਂ ਪਿੱਛੇ 916 ਲੜਕੀਆਂ ਉਤੇ ਪੁੱਜ ਗਿਆ, ਜੋ ਕਾਬਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਇਫ਼ੈਕਟਿਵ ਇੰਗੇਜ਼ਮੈਂਟ ਤਹਿਤ ਮਿਲਿਆ ਇਹ ਕੌਮੀ ਪੁਰਸਕਾਰ ਰਾਜ ਦੇ ਲੋਕਾਂ ਦੀ ਲੜਕੀਆਂ ਪ੍ਰਤੀ ਬਦਲ ਰਹੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਹਰੇਕ ਖੇਤਰ ਵਿਚ ਲੜਕਿਆਂ ਤੋਂ ਅੱਗੇ ਲੰਘ ਰਹੀਆਂ ਹਨ ਅਤੇ ਅਪਣੇ ਸੂਬੇ ਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ।