
ਪੀ.ਡਬਲਯੂ.ਡੀ. ਵੋਟਰਾਂ ਲਈ ਮੋਬਾਈਲ ਐਪ ਤਿਆਰ ਕੀਤਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਵੱਲੋਂ ਅੱਜ ਅਕਸੈਸਬਿਲਟੀ ਆਬਜਰਵਰਜ਼-ਕਮ-ਡਿਵੀਜ਼ੀਨਲ ਕਮਿਸ਼ਨਰਜ਼ ਨਾਲ ਮੀਟਿੰਗ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਵੱਲੋਂ ਡਵੀਜ਼ਨਲ ਕਮਿਸ਼ਨ ਫ਼ਰੀਦਕੋਟ, ਰੂਪਨਗਰ, ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਨੂੰ ਅਕਸੈਸੀਬਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ 'ਚ ਮੁੱਖ ਤੌਰ 'ਤੇ ਪਿਉਪਲ ਵਿਦ ਡਿਸਐਬਿਲਟੀ (ਪੀ.ਡਬਲਯੂ.ਡੀ.) ਵੋਟਰਰਾਂ ਦੀ ਲੋਕ ਸਭਾ ਚੋਣਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਇਨਬਿਨ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
App
ਟੋਲ ਫ੍ਰੀ ਹੈਲਪਲਾਈਨ ਨੰਬਰ 1950 'ਤੇ ਮਿਲੇਗੀ ਵੋਟ ਸਬੰਧੀ ਸਾਰੀ ਜਾਣਕਾਰੀ : ਮੀਟਿੰਗ ਦੌਰਾਨ ਪੀ.ਡਬਲਯੂ.ਡੀ. ਵੋਟਰਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੰਦੀਆਂ ਐਡੀਸ਼ਨਲ ਮੁੱਖ ਚੋਣ ਅਫ਼ਸਰ ਪੰਜਾਬ ਕਵਿਤਾ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਵੋਟਰਾਂ ਲਈ ਪੀ.ਡਬਲਯੂ.ਡੀ. ਮੋਬਾਈਲ ਐਪ ਤਿਆਰ ਕੀਤਾ ਗਿਆ ਹੈ। ਜਿਸ ਨਾਲ ਉਹ ਅਪਣਾ ਵੋਟ ਬਣਵਾਉਣ ਤੋ ਲੈ ਕੇ ਆਪਣੇ ਵੋਟਿੰਗ ਬੂਥ ਅਤੇ ਇਸ ਨਾਲ ਸਬੰਧਤ ਹੋਰ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਟੋਲ ਫ੍ਰੀ ਹੈਲਪਲਾਈਨ ਨੰਬਰ 1950 ਰਾਹੀਂ ਵੀ ਵੋਟ ਸਬੰਧੀ ਹਰ ਤਰ੍ਹਾਂ ਦੀ ਸਹੂਲਤ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਜੇ ਉਨ੍ਹਾਂ ਨੂੰ ਵੋਟ ਪਾਉਣ ਲਈ ਜਾਣ ਅਤੇ ਵਾਪਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ ਦੀ ਲੋੜ ਹੈ ਜਾਂ ਵੀਲ ਚੇਅਰ, ਵੋਟ ਬੂਥ ਤੱਕ ਜਾਣ ਲਈ ਸਹਾਇਕ ਵੱਜੋਂ ਵਲੰਟੀਅਰ ਦੀ ਜ਼ਰੂਰਤ ਸਬੰਧੀ ਵੀ ਆਪਣੀ ਬੇਨਤੀ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਪੀ.ਡਬਲਯੂ.ਡੀ. ਵੋਟਰਜ਼ ਲਈ ਰੈਂਪ ਦੀ ਸਹੂਲਤ ਅਤੇ ਬਿਨਾਂ ਲਾਈਨ ਵਿੱਚ ਲੱਗੇ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ।
Sign language
ਹਰ ਜ਼ਿਲ੍ਹੇ 'ਚ ਬਰੇਲ ਅਤੇ ਇਸ਼ਾਰਿਆਂ ਦੀ ਭਾਸ਼ਾ ਦਾ ਮਾਹਰ ਰਹੇਗਾ ਤਾਇਨਾਤ : ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਇਸ ਸਮੇਂ 89,647 ਪੀ.ਡਬਲਯੂ.ਡੀ. ਵੋਟਰ ਹਨ, ਜਿਨ੍ਹਾਂ ਵਿੱਚੋਂ 7,901 ਨੇਤਰਹੀਣ, 6,195 ਬੋਲਣ ਅਤੇ ਸੁਨਣ ਵਿੱਚ ਅਸਮਰੱਥ, 49,342 ਚੱਲਣ-ਫਿਰਨ ਵਿੱਚ ਅਸਮਰੱਥ ਅਤੇ 26,209 ਹੋਰ ਤਰ੍ਹਾਂ ਦੀਆਂ ਅਸਮਰੱਥਤਾਵਾਂ ਦੇ ਸ਼ਿਕਾਰ ਹਨ। ਉਨ੍ਹਾਂ ਦੱਸਿਆ ਕਿ ਨੇਤਰਹੀਣ ਅਤੇ ਸੁਨਣ ਅਤੇ ਬੋਲਣ ਵਿੱਚ ਅਸਮਰੱਥ ਵੋਟਰਾਂ ਲਈ ਹਰੇਕ ਜ਼ਿਲ੍ਹੇ ਵਿੱਚ ਇੱਕ-ਇੱਕ ਬਰੇਲ ਅਤੇ ਇਸ਼ਾਰਿਆਂ ਦੀ ਭਾਸ਼ਾ ਦਾ ਮਾਹਰ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀ.ਡਬਲਯੂ.ਡੀ. ਕੋਆਰਡੀਨੇਟਰ ਲਗਾਏ ਗਏ ਹਨ, ਜੋ ਕਿ ਇਨ੍ਹਾਂ ਵੋਟਰਾਂ ਨੂੰ ਇਨ੍ਹਾਂ ਦੀ ਭਾਸ਼ਾ ਵਿੱਚ ਹੀ ਵੋਟਾਂ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ ਬਰੇਲ ਭਾਸ਼ਾ ਵਿੱਚ ਵੋਟਰ ਗਾਇਡ, ਵੋਟਰ ਕਾਰਡ ਅਤੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਵੀਡਿਓਜ਼ ਤਿਆਰ ਕਰ ਕੇ ਯੂਟਿਊਬ ਉੱਤੇ ਪਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਵੋਟਾਂ ਸਬੰਧੀ ਆਪਣੀਆਂ ਅਸ਼ੰਕਾਵਾਂ ਨੂੰ ਦੂਰ ਕਰ ਸਕਣ।