
ਸਾਰੇ ਪਹਿਲੂਆਂ 'ਤੇ ਚਰਚਾ ਤੋਂ ਬਾਅਦ ਫਾਈਨਲ ਸਿਲੈਕਸ਼ਨ ਲਈ ਪ੍ਰਿੰਸੀਪਲਾਂ ਨੂੰ ਵਿਭਾਗ ਦੀ ਚੋਣ ਕਮੇਟੀ ਵੱਲੋਂ ਇੰਟਰਵਿਊ ਲਈ ਵੀ ਬੁਲਾਇਆ ਜਾਵੇਗਾ।
ਚੰਡੀਗੜ੍ਹ - ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਟ੍ਰੇਨਿੰਗ ਦਿਵਾਉਣ ਦੀ ਪੰਜਾਬ ਸਰਕਾਰ ਦੀ ਸਕੀਮ ਦਾ ਕਰੇਜ਼ ਕਾਫ਼ੀ ਵਧ ਰਿਹਾ ਹੈ। ਇਸੇ ਕਰੇਜ਼ ਦੇ ਕਰ ਕੇ ਇਸ ਵਾਰ 127 ਪ੍ਰਿੰਸੀਪਲਾਂ ਨੇ ਵਿਭਾਗ 'ਚ ਟ੍ਰੇਨਿੰਗ ਲਈ ਅਪਲਾਈ ਕੀਤਾ ਹੈ। ਪੰਜਾਬ ਸਰਕਾਰ ਨੇ ਸੱਚਾ ਵਿਚ ਆਉਣ ਤੋਂ ਪਹਿਲਾਂ ਹੀ ਅਧਿਆਪਕਾ ਨੂੰ ਵਿਦੇਸ਼ਾਂ ਵਿਚ ਟ੍ਰੇਨਿੰਗ ਦਿਵਾਉਣ ਦਾ ਵਾਅਦਾ ਕੀਤਾ ਸੀ। ਇਸ ਸਾਲ ਫਰਵਰੀ ਵਿਚ ਸਰਕਾਰ ਨੇ 36 ਅਧਿਆਪਕਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਟ੍ਰੇਨਿੰਗ ਦਵਾਈ ਸੀ। ਇਸ ਤੋਂ ਬਾਅਦ ਮਾਰਚ ਮਹੀਨੇ ਵਿਚ ਵੀ ਸਰਕਾਰ ਨੇ 30 ਅਧਿਆਪਕਾਂ ਦਾ ਇਕ ਗਰੁੱਪ ਟ੍ਰੇਨਿੰਗ ਲਈ ਭੇਜਿਆ ਸੀ।
ਜੇ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਵਿਭਾਗ ਵੱਲੋਂ ਟ੍ਰੇਨਿੰਗ ਲਈ ਅਗਲੇ ਬੈਚ ਸਬੰਧੀ ਸੂਚਨਾ ਜਾਰੀ ਕਰਨ ਤੋਂ ਬਾਅਦ ਵਿਭਾਗ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸਿੱਖਿਆ ਵਿਭਾਗ ਦੇ ਸੈੱਲਾਂ ਵਿਚ ਤਾਇਨਾਤ 127 ਪ੍ਰਿੰਸੀਪਲਾਂ ਵੱਲੋਂ ਅਰਜ਼ੀਆਂ ਭੇਜੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਿਰਫ਼ ਉਨ੍ਹਾਂ ਪ੍ਰਿੰਸੀਪਲਾਂ ਨੂੰ ਵਿਦੇਸ਼ ਟ੍ਰੇਨਿੰਗ ਲਈ ਯੋਗ ਮੰਨਿਆ ਜਾਂਦਾ ਹੈ, ਜਿਨ੍ਹਾਂ ਪ੍ਰਿੰਸੀਪਲਾਂ ਨੂੰ ਅਹੁਦੇ 'ਤੇ ਤਾਇਨਾਤ ਹੋਏ ਘੱਟੋ-ਘੱਟ 2 ਸਾਲ ਹੋ ਚੁੱਕੇ ਹੋਣ ਅਤੇ ਉਨ੍ਹਾਂ ਦੀ ਘੱਟ ਤੋਂ ਘੱਟ 5 ਸਾਲ ਦੀ ਸੇਵਾ ਅਜੇ ਬਾਕੀ ਹੋਵੇ।
ਅਜਿਹਾ ਇਸ ਲਈ ਰੱਖਿਆ ਗਿਆ ਹੈ ਤਾਂ ਕਿ ਵਿਦੇਸ਼ ਤੋਂ ਮਿਲਣ ਵਾਲੀ ਪ੍ਰੋਫੈਸ਼ਨਲ ਟ੍ਰੇਨਿੰਗ ਤੋਂ ਬਾਅਦ ਸਬੰਧਤ ਅਧਿਆਪਕ ਦੀਆਂ ਬਿਹਤਰ ਸੇਵਾਵਾਂ ਲੰਬੇ ਸਮੇਂ ਤੱਕ ਸਕੂਲਾਂ ਨੂੰ ਮਿਲ ਸਕਣ। ਵਿਭਾਗ ਵੱਲੋਂ ਅਰਜ਼ੀਆਂ ਦੀ ਸਕਰੂਟਨੀ ਕਰ ਕੇ ਸਿਲੈਕਸ਼ਨ ਕਰਨ ਦੀ ਪ੍ਰੀਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਸਾਰੇ ਪਹਿਲੂਆਂ 'ਤੇ ਚਰਚਾ ਤੋਂ ਬਾਅਦ ਫਾਈਨਲ ਸਿਲੈਕਸ਼ਨ ਲਈ ਪ੍ਰਿੰਸੀਪਲਾਂ ਨੂੰ ਵਿਭਾਗ ਦੀ ਚੋਣ ਕਮੇਟੀ ਵੱਲੋਂ ਇੰਟਰਵਿਊ ਲਈ ਵੀ ਬੁਲਾਇਆ ਜਾਵੇਗਾ।