ਡੈਂਟਲ ਦੇ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕਰਨ ਦੇ ਲਈ ਜੇਲ੍ਹ 'ਚ ਕੋਈ ਸੁਚੱਜੇ ਪ੍ਰਬੰਧ ਨਹੀਂ
Ropar Jail News : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਰੋਪੜ ਜੇਲ੍ਹ ਦਾ ਮੁਆਇਨਾ ਕੀਤਾ ਅਤੇ ਇਸ ਜੇਲ੍ਹ ਵਿੱਚ ਬੰਦ ਮਹਿਲਾ ਕੈਦੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਵੱਲੋਂ ਜੇਲ੍ਹ ਵਿੱਚ ਵੱਖ -ਵੱਖ ਮੁਕੱਦਮਿਆਂ ਅਧੀਨ ਸਜ਼ਾ ਕੱਟ ਰਹੀਆਂ ਅਤੇ ਵਿਚਾਰ ਅਧੀਨ ਮਾਮਲਿਆਂ ਦੇ ਬਾਬਤ ਜੇਲ੍ਹ ਵਿੱਚ ਮੌਜੂਦ ਮਹਿਲਾਵਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੂੰ ਜੇਲ੍ਹ ਦੇ ਅੰਦਰ ਜੋ ਮੈਨੂਅਲ ਦੇ ਹਿਸਾਬ ਨਾਲ ਸਹੂਲਤਾਂ ਮਿਲ ਰਹੀਆਂ ਹਨ ,ਇਸ ਬਾਬਤ ਜਾਣਕਾਰੀ ਲਈ ਗਈ।
ਚੇਅਰਪਰਸਨ ਨੇ ਦੱਸਿਆ ਕਿ ਜੇਲ੍ਹ 'ਚ ਸਾਫ਼ ਸਫਾਈ ਬਹੁਤ ਸੁਚੱਜੇ ਢੰਗ ਦੀ ਹੈ ਅਤੇ ਮਹਿਲਾਵਾਂ ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦੀਆਂ ਦਿੱਕਤਾਂ ਪ੍ਰੇਸ਼ਾਨੀਆਂ ਵੀ ਉਹਨਾਂ ਦੇ ਸਾਹਮਣੇ ਆਈਆਂ। ਜਿਨਾਂ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਡੈਂਟਲ ਦੇ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕਰਨ ਦੇ ਲਈ ਜੇਲ੍ਹ 'ਚ ਕੋਈ ਸੁਚੱਜੇ ਪ੍ਰਬੰਧ ਨਹੀਂ ਹਨ। ਜਿਸ ਬਾਬਤ ਉਹਨਾਂ ਵੱਲੋਂ ਜੇਲ ਪ੍ਰਸ਼ਾਸਨ ਨੂੰ ਇਨ੍ਹਾਂ ਪ੍ਰਬੰਧਾਂ ਨੂੰ ਠੀਕ ਕਰਨ ਦੀ ਗੱਲ ਵੀ ਕਹੀ ਗਈ।
ਉਹਨਾਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਸਭ ਤੋਂ ਵੱਡੀ ਦਿੱਕਤ ਮਹਿਲਾ ਕੈਦੀਆਂ ਲਈ ਇਹ ਹੈ ਕਿ ਜੇਲ੍ਹ 'ਚ ਓਵਰ ਕਰਾਊਡ ਯਾਨੀ ਕਿ ਤੈਅ ਕੀਤੀ ਹੋਈ ਨਿਰਧਾਰਿਤ ਗਿਣਤੀ ਤੋਂ ਵੱਧ ਇੱਕ ਬੈਰਕ ਵਿੱਚ ਮਹਿਲਾਵਾਂ ਮੌਜੂਦ ਹਨ ,ਜੋ ਕਿ ਚਿੰਤਾ ਦਾ ਵਿਸ਼ਾ ਹਨ ਅਤੇ ਅਜਿਹੀ ਗਰਮੀ ਦੇ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਲ੍ਹ ਵਿੱਚ ਕੁਝ ਗਰਭਵਤੀ ਮਹਿਲਾਵਾਂ ਵੀ ਹਨ, ਜਿਨਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਅਤੇ ਉਨਾਂ ਦਾ ਦੁੱਖ ਦਰਦ ਵੀ ਜਾਣਿਆ ਗਿਆ।
ਪੰਜਾਬ ਰਾਜ ਮਹਿਲਾ ਚੇਅਰਪਰਸਨ ਨੇ ਕਿਹਾ ਕਿ ਉਹਨਾਂ ਵੱਲੋਂ ਜਿਸ ਤਰ੍ਹਾਂ ਅੱਜ ਰੋਪੜ ਦੀ ਜੇਲ੍ਹ ਦਾ ਦੌਰਾ ਕੀਤਾ ਗਿਆ ਹੈ ਅਤੇ ਜੇਲ੍ਹ ਵਿੱਚ ਮੌਜੂਦ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ, ਅਜਿਹਾ ਹੀ ਉਹ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਦੌਰੇ ਕਰਨਗੇ।