
ਮੋਹਾਲੀ ਐਨਆਈਏ ਸਪੈਸ਼ਲ ਕੋਰਟ ਦੇ ਬਾਹਰ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਆਤੰਕੀ ਸ਼ੇਰਾ ਨੇ ਪੁਲਿਸ ਕਸਟਡੀ 'ਚ ਪੇਸ਼ੀ 'ਤੇ ਆਏ ਸ਼ਿਵ ਸੈਨਾ ਹਿੰਦ ਦੇ ਨੇਤਾ...
ਐਸ.ਏ.ਐਸ. ਨਗਰ, ਮੋਹਾਲੀ ਐਨਆਈਏ ਸਪੈਸ਼ਲ ਕੋਰਟ ਦੇ ਬਾਹਰ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਆਤੰਕੀ ਸ਼ੇਰਾ ਨੇ ਪੁਲਿਸ ਕਸਟਡੀ 'ਚ ਪੇਸ਼ੀ 'ਤੇ ਆਏ ਸ਼ਿਵ ਸੈਨਾ ਹਿੰਦ ਦੇ ਨੇਤਾ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ। ਧਮਕੀ ਭਰੇ ਸ਼ਬਦ ਸੁਣਨ ਤੋਂ ਬਾਅਦ ਹਿੰਦੂ ਨੇਤਾ ਅਮਿਤ ਅਰੋੜਾ 'ਤੇ ਉਸ ਦੇ ਸਮਰਥਕਾਂ ਨੂੰ ਵੀ ਗੁੱਸਾ ਆ ਗਿਆ।
ਮਹੌਲ ਵਿਗੜਦਾ ਵੇਖ ਉਥੇ ਮੌਜੂਦ ਪੁਲਿਸ ਨੇ ਸ਼ੇਰਾ ਨੂੰ ਫੜ ਲਿਆ ਅਤੇ ਹਿੰਦੂ ਨੇਤਾ ਅਮਿਤ ਅਰੋੜਾ ਨੂੰ ਉਥੋਂ ਜਾਣ ਲਈ ਕਿਹਾ, ਜਿਸ ਮਗਰੋਂ ਮਾਮਲਾ ਸ਼ਾਂਤ ਹੋਇਆ ਪਰ ਭਰੀ ਅਦਾਲਤ ਵਿਚ ਆਤੰਕੀ ਸ਼ੇਰਾ ਤੋਂ ਮਿਲੀ ਧਮਕੀ ਤੋਂ ਬਾਅਦ ਅਮਿਤ ਅਰੋੜਾ ਨੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਲਿਖਿਤ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਮੰਗਲਵਾਰ ਨੂੰ ਪੰਜਾਬ 'ਚ ਟਾਰਗੇਟ ਕਿਲਿੰਗ ਤਹਿਤ ਹਿੰਦੂ ਨੇਤਾਵਾਂ ਦੇ ਕਤਲ 'ਤੇ ਹਮਲੇ ਦੀ ਜਾਂਚ 'ਚ ਜੁਟੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਮੁਲਜ਼ਮਾਂ ਨੂੰ ਅੱਜ ਮੋਹਾਲੀ ਅਦਾਲਤ ਵਿਚ ਐਨਆਈਏ ਦੀ ਸਪੈਸ਼ਲ ਕੋਰਟ 'ਚ ਪੇਸ਼ ਕੀਤਾ ਸੀ। ਐਨਆਈਏ ਕੋਰਟ 'ਚ ਮੰਗਲਵਾਰ ਨੂੰ ਪੰਜ ਵੱਖ-ਵੱਖ ਮਾਮਲਿਆਂ 'ਚ ਮੁਲਜ਼ਮ ਹਰਦੀਪ ਸਿੰਘ ਸ਼ੇਰਾ ਉਰਫ਼ ਪਹਿਲਵਾਨ ਨੂੰ ਚਲਾਨ ਦੀ ਕਾਪੀ ਦਿਤੀ ਗਈ ਹੈ।
ਉਥੇ, ਮੁਲਜ਼ਮ ਰਮਨਦੀਪ ਸਿੰਘ ਉਰਫ਼ ਬੱਗਾ ਨੂੰ ਅਦਾਲਤ 'ਚ ਪੇਸ਼ੀ ਉਤੇ ਨਾ ਆਉਣ ਦੇ ਚਲਦਿਆਂ ਉਸ ਨੂੰ ਚਲਾਨ ਦੀ ਕਾਪੀ ਅਗਲੀ ਤਾਰੀਖ 'ਤੇ ਮੁਹਈਆ ਕਰਵਾਈ ਜਾਵੇਗੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 21 ਅਗੱਸਤ ਦੀ ਤਰੀਕ ਤੈਅ ਕੀਤੀ ਹੈ।