
26,27 ਅਤੇ 28 ਜੁਲਾਈ ਨੂੰ ਕਈ ਜ਼ਿਲ੍ਹਿਆਂ ਵਿਚ ਹੋਵੇਗੀ ਭਾਰੀ ਬਾਰਸ਼
ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਜੇ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੌਸਮ ਵਿਭਾਗ ਵਲੋਂ ਅਗਲੇ ਕੁੱਝ ਦਿਨਾਂ ਲਈ ਸੂਬੇ ਦੇ ਕਈ ਇਲਾਕਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਦਸਿਆ ਕਿ ਅਜੇ ਵੀ ਕਈ ਇਲਾਕਿਆਂ ਵਿਚ ਪਾਣੀ ਖੜ੍ਹਿਆ ਹੈ।
ਇਹ ਵੀ ਪੜ੍ਹੋ: ਅਸ਼ਵਨੀ ਸੇਖੜੀ ਤੇ ਸੁਨੀਲ ਜਾਖੜ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਬੋਲੇ - ਕਾਂਗਰਸ 'ਚ ਸਿਰਫ਼ ਕੁਰਸੀ ਦੀ ਲੜਾਈ
ਮਾਨਸੂਨ ਦੇ ਸਰਗਰਮ ਹੋਣ ਕਾਰਨ ਆਉਣ ਵਾਲੇ 3-4 ਦਿਨਾਂ ਵਿਚ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੇਜ਼ ਹਨੇਰੀ ਅਤੇ ਬਿਜਲੀ ਦੀ ਗਰਜ ਵੀ ਹੋ ਸਕਦੀ ਹੈ। 26,27 ਅਤੇ 28 ਜੁਲਾਈ ਨੂੰ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋਵੇਗੀ, ਜਿਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਰੂਪਨਗਰ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਇਸ ਸਬੰਧੀ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲੜਨਗੇ ਭਾਰਤੀ ਮੂਲ ਦੇ ਸਿਵਾ ਕਿਲਾਰੀ, ਮੈਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਨੇ ਐਲਾਨਿਆ ਉਮੀਦਵਾਰ
ਡਾ. ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਭਾਰੀ ਮੀਂਹ ਦੇ ਬਾਵਜੂਦ ਤਾਪਮਾਨ ਵਿਚ ਗਿਰਾਵਟ ਹੋਣ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਦਸਿਆ ਕਿ ਬੱਦਲਵਾਈ ਕਾਰਨ ਰਾਤ ਦੇ ਤਾਪਮਾਨ ਵਿਚ ਜ਼ਿਆਦਾ ਵਾਧਾ ਹੁੰਦਾ ਹੈ। ਮੌਸਮ ਵਿਗਿਆਨੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਸਮੱਸਿਆ ਨਾ ਆਵੇ। ਇਸ ਦੇ ਨਾਲ ਹੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਹੀ ਅਪਣੀਆਂ ਗਤੀਵਿਧੀਆਂ ਤੈਅ ਕੀਤੀਆਂ ਜਾਣ।