
ਪੰਜਾਬ ਵਿਚ ਵੱਖ-ਵੱਖ ਸੜਕ ਹਾਦਸਿਆਂ ਵਿਚ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਕੱਲੇ ਫਰੀਦਕੋਟ ਜ਼ਿਲ੍ਹੇ ਵਿਚ ਹੋਏ ਦੋ ਸੜਕ ਹਾਦਸਿਆਂ ਵਿਚ ਦੋ ਔਰਤਾਂ...
ਫਰੀਦਕੋਟ (ਪੀਟੀਆਈ) : ਪੰਜਾਬ ਵਿਚ ਵੱਖ-ਵੱਖ ਸੜਕ ਹਾਦਸਿਆਂ ਵਿਚ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਕੱਲੇ ਫਰੀਦਕੋਟ ਜ਼ਿਲ੍ਹੇ ਵਿਚ ਹੋਏ ਦੋ ਸੜਕ ਹਾਦਸਿਆਂ ਵਿਚ ਦੋ ਔਰਤਾਂ ਸਮੇਤ ਤਿੰਨ ਆਦਮੀਆਂ ਦੀ ਮੌਤ ਹੋ ਗਈ। ਸਬੰਧਤ ਥਾਣੇ ਦੀ ਪੁਲਿਸ ਨੇ ਦੋਸ਼ੀ ਚਾਲਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿਤੀ ਹੈ। ਪਹਿਲੀ ਘਟਨਾ ਫਰੀਦਕੋਟ ਦੇ ਕੋਟਕਪੁਰੇ ਰੋਡ ‘ਤੇ ਹੋਈ। ਇਥੇ ਕਾਰ ਅਤੇ ਮੋਟਰਸਾਈਕਲ ਵਿਚ ਟੱਕਰ ਹੋ ਗਈ।
ਹਾਦਸੇ ਵਿਚ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਲਾਸ਼ਾਂ ਦੀ ਪਹਿਚਾਣ ਕਾਰ ਸਵਾਰ ਪਿੰਡ ਰੋਡੇ ਮੋਗਾ ਨਿਵਾਸੀ ਮਨਪ੍ਰੀਤ ਕੌਰ ਪਤਨੀ ਬੇਅੰਤ ਸਿੰਘ ਅਤੇ ਮੋਟਰਸਾਈਕਲ ਸਵਾਰ ਮਾਈ ਗੋਦੜੀ ਨਿਵਾਸੀ ਦਰਸ਼ਨ ਸਿੰਘ ਦੇ ਰੂਪ ਵਿਚ ਹੋਈ ਹੈ। ਇਹ ਘਟਨਾ ਦੁਪਹਿਰ ਕਰੀਬ 12 ਵਜੇ ਦੀ ਹੈ। ਕੋਟਕਪੂਰੇ ਤੋਂ ਆ ਰਹੀ ਆਲਟੋ ਕਾਰ ਨੇ ਸੇਮ ਨਾਲੇ ਦੇ ਕੋਲ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ।
ਹਾਦਸੇ ਵਿਚ ਮੋਟਰਸਾਈਕਲ ਸਵਾਰ ਦਰਸ਼ਨ ਸਿੰਘ ਅਤੇ ਕਾਰ ਸਵਾਰ ਮਨਪ੍ਰੀਤ ਕੌਰ ਨੂੰ ਕਾਫੀ ਗੰਭੀਰ ਸੱਟਾਂ ਲੱਗੀ। ਕਾਰ ਚਾਲਕ ਗੁਰਪ੍ਰੀਤ ਸਿੰਘ ਨੂੰ ਵੀ ਮਾਮੂਲੀ ਸੱਟਾਂ ਆਈਆਂ। ਮਨਪ੍ਰੀਤ ਕੌਰ ਕਾਰ ਵਿਚ ਸਵਾਰ ਹੋ ਕੇ ਗੋਲੇਵਾਲਾ ਵਿਚ ਅਪਣੇ ਕਿਸੇ ਰਿਸ਼ਤੇਦਾਰ ਦੇ ਜਾ ਰਹੀ ਸੀ। ਜਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਮਨਪ੍ਰੀਤ ਕੌਰ ਅਤੇ ਦਰਸ਼ਨ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿਤਾ।
ਦੂਜੇ ਹਾਦਸੇ ਵਿਚ ਕੋਟਕਪੁਰੇ ਦੇ ਨਵੇਂ ਬਸ ਸਟੈਂਡ ਦੇ ਕੋਲ ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ‘ਤੇ ਸਵਾਰ ਇਕ ਔਰਤ ਦੀ ਮੌਤ ਹੋ ਗਈ। ਪਤੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕਾ ਦੀ ਪਹਿਚਾਣ ਬਠਿੰਡੇ ਦੇ ਮਹੱਲੇ ਬੀੜ ਤਾਲਾਬ ਨਿਵਾਸੀ ਸੋਨਾ ਕੌਰ ਦੇ ਰੂਪ ਵਿਚ ਹੋਈ। ਸੁਖਦੇਵ ਸਿੰਘ ਅਪਣੀ ਪਤਨੀ ਸੋਨਾ ਕੌਰ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿਚ ਫਿਰੋਜ਼ਪੁਰ ਜਾ ਰਿਹਾ ਸੀ। ਕੋਟਕਪੂਰਾ ਵਿਚ ਨਵੇਂ ਬੱਸ ਸਟੈਂਡ ਦੇ ਕੋਲ ਸਾਹਮਣੇ ਤੋਂ ਆ ਰਹੇ ਝੋਨੇ ਨਾਲ ਭਰੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ।
ਇਸ ‘ਚ ਸੋਨਾ ਕੌਰ ਸੜਕ ‘ਤੇ ਡਿੱਗ ਗਈ ਅਤੇ ਕੈਂਟਰ ਦੇ ਹੇਠਾਂ ਆਉਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤੀਜਾ ਹਾਦਸਾ ਬਟਾਲੇ ਵਿਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਮਜ਼ਦੂਰ ਦੀ ਮੌਤ ਹੋ ਗਈ। ਥਾਣਾ ਘੰਨੀਆਂ ਦੇ ਬਾਂਗਰ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿਚ ਮੁਖਤਿਆਰ ਸਿੰਘ ਨਿਵਾਸੀ ਘੰਨੀਆਂ ਦੇ ਬਾਂਗਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਜਗਤਾਰ ਸਿੰਘ (40) ਮਜ਼ਦੂਰੀ ਕਰਦਾ ਸੀ।
ਉਹ ਘਰ ਤੋਂ ਕੰਮ ‘ਤੇ ਗਿਆ ਸੀ। ਘਰ ਵਾਪਸ ਨਾ ਆਉਣ ‘ਤੇ ਉਸ ਦੀ ਭਾਲ ਕੀਤੀ ਗਈ। ਇਸ ‘ਤੇ ਪਤਾ ਲੱਗਿਆ ਕਿ ਜਗਤਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ ਹੈ। ਅਲੀਵਾਲ ਰੋਡ ਦੇ ਕੋਲ ਝਾੜੀਆਂ ਵਿਚ ਉਸ ਦੀ ਲਾਸ਼ ਮਿਲੀ। ਏਐਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਦੇ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।