
ਸਿਹਤ ਵਿਭਾਗ ਵਲੋਂ ਸਾਵਧਾਨੀ ਵਰਤਣ ਦੀ ਸਲਾਹ
ਅੰਮ੍ਰਿਤਸਰ : ਸਰਦੀ ਸ਼ੁਰੂ ਹੁੰਦਿਆਂ ਹੀ ਸਵਾਈਨ ਫਲੂ ਦਾ ਖ਼ਤਰਾ ਮੰਡਰਾਉਣਾ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਵੀ ਸਵਾਈਨ ਫਲੂ ਨੇ ਮੁੜ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਕੁੱਝ ਦਿਨ ਪਹਿਲਾਂ ਦੁਬਈ ਤੋਂ ਇਕ ਸਵਾਈਨ ਫਲੂ ਤੋਂ ਪੀੜਤ ਮਰੀਜ਼ ਪਰਤਿਆ ਸੀ। ਤਾਜ਼ਾ ਮਾਮਲੇ 'ਚ ਹੁਣ ਸਿੰਗਾਪੁਰ ਤੋਂ ਵੀ ਸਵਾਈਨ ਫਲੂ ਤੋਂ ਪੀੜਤ ਮਰੀਜ਼ ਦੇ ਗੁਰੂ ਨਗਰੀ 'ਚ ਪਰਤਣ ਦੀ ਖ਼ਬਰ ਹੈ।
Photo
ਛੇਹਰਟਾ ਵਾਸੀ 25 ਸਾਲਾ ਉਕਤ ਨੌਜਵਾਨ 15 ਦਸੰਬਰ ਨੂੰ ਸਿੰਗਾਪੁਰ ਗਿਆ ਸੀ। ਸਿੰਗਾਪੁਰ 'ਚ ਉਸ ਦੀ ਤਬੀਅਤ ਖ਼ਰਾਬ ਹੋ ਗਈ ਸੀ ਤੇ ਉਹ 22 ਦਸੰਬਰ ਨੂੰ ਵਾਪਸ ਪਰਤ ਆਇਆ ਸੀ।
Photo
ਨੌਜਵਾਨ ਬੁਖ਼ਾਰ, ਖੰਘ ਤੇ ਸਰੀਰ ਦਰਦ ਤੋਂ ਪ੍ਰਸ਼ਾਨ ਸੀ। ਇਸ ਦੌਰਾਨ ਉਸ ਦੇ ਲੈਬੋਰਟਰੀ 'ਚ ਟੈਸਟ ਕਰਵਾਏ ਗਏ ਜਿਨ੍ਹਾਂ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਇਹ ਨੌਜਵਾਨ ਇਸ ਵੇਲੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਹੈ। ਉਹ ਹਾਈਪ੍ਰਟੈਂਸ਼ਨ, ਡਾਇਬਟੀਜ਼ ਤੇ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹੈ।
Photo
ਸਿਹਤ ਵਿਭਾਗ ਵਲੋਂ ਨੌਜਵਾਨ ਦੇ ਪਰਵਾਰ ਨੂੰ ਸਾਵਧਾਨੀ ਵਜੋਂ ਟੇਮੀਫਲੂ ਦਵਾਈ ਦਿਤੀ ਗਈ ਹੈ। ਸਿਵਲ ਸਰਜਨ ਪ੍ਰਦੀਪ ਕੌਰ ਜੌਹਲ ਨੇ ਦਸਿਆ ਕਿ ਸਵਾਈਨ ਫਲੂ ਦੇ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
Photo
ਸਰਦੀ ਦੇ ਮੌਸਮ 'ਚ ਸਵਾਈਨ ਫਲੂ ਦਾ ਵਾਇਰਸ ਆਸਾਨੀ ਨਾਲ ਲੋਕਾਂ ਨੂੰ ਅਪਣੀ ਲਪੇਟ 'ਚ ਲੈ ਲੈਂਦਾ ਹੈ। ਇਸ ਦੌਰਾਨ ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਜਿੰਨਾ ਹੋ ਸਕੇ, ਪਰਹੇਜ਼ ਹੀ ਕਰਨਾ ਚਾਹੀਦਾ ਹੈ। ਕਾਬਲੇਗੌਰ ਹੈ ਕਿ ਪਿਛਲੇ ਮਹੀਨੇ ਵੀ ਇਕ ਵਿਅਕਤੀ ਦੁਬਈ ਤੋਂ ਪਰਤਿਆ ਸੀ ਜਿਸ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਈ ਸੀ। ਬਾਅਦ 'ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।