
ਪੰਜਾਬ 'ਚ ਸਵਾਈਨ ਫਲੂ ਦੇ ਵੱਧਦੇ ਕਹਿਰ ਕਰਕੇ ਰੋਜ਼ਾਨਾ ਇਸ ਬੀਮਾਰੀ ਨਾਲ ਮੌਤਾਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਵਾਈਨ...
ਜਲੰਧਰ : ਪੰਜਾਬ 'ਚ ਸਵਾਈਨ ਫਲੂ ਦੇ ਵੱਧਦੇ ਕਹਿਰ ਕਰਕੇ ਰੋਜ਼ਾਨਾ ਇਸ ਬੀਮਾਰੀ ਨਾਲ ਮੌਤਾਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਵਾਈਨ ਫਲੂ ਦੇ ਮਰੀਜ਼ ਪਾਏ ਜਾ ਰਹੇ ਹਨ। ਹੁਣ ਤੱਕ ਇਸ ਬਿਮਾਰੀ ਕਾਰਨ ਕਈ ਲੋਕ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਹੁਣੇ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਸ਼ਹੀਦ ਉੱਧਮ ਸਿੰਘ ਨਗਰ ਦੇ 26 ਸਾਲਾਂ ਲੜਕੇ ਦੀ ਮੌਤ ਹੋ ਗਈ ਹੈ।
H1N1 test for swine flu
ਇਸ ਮਾਮਲੇ ਵਿਚ ਪਤਾ ਲੱਗਿਆ ਹੈ ਕਿ ਮ੍ਰਿਤਕ ਗੌਰਵ ਉਰਫ਼ ਗੋਰੂ ਤਕਰੀਬਨ ਦੋ ਹਫ਼ਤੇ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਸਵਾਈਨ ਫਲੂ ਨਾਲ ਪੀੜਿਤ ਸੀ। ਉਸ ਦੀ ਮ੍ਰਿਤਕ ਦੇਹ ਨੂੰ ਘਰ ਲਿਆ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ ਹੈ। ਅੰਤਿਮ ਸੰਸਕਾਰ ਦੇ ਦੌਰਾਨ ਸਿਰਫ਼ ਉਸ ਦੇ ਕਰੀਬੀ ਦੋਸਤ ਹੀ ਗਏ, ਕਿਉਂਕਿ ਡਾਕਟਰਾਂ ਨੇ ਪਰਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਉੱਥੇ ਜਾਣ ਤੋਂ ਮਨ੍ਹਾ ਕਰ ਦਿਤਾ ਸੀ।
ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਕੁਝ ਦਿਨ ਪਹਿਲਾਂ ਹੀ ਗੋਰੂ ਦੀ ਤਬੀਅਤ ਵਿਗੜ ਗਈ ਸੀ। ਇਸ ਮਾਮਲੇ ਵਿਚ ਪਹਿਲਾਂ ਉਸ ਨੂੰ ਉਥੋਂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਵਿਗੜਦੀ ਹੋਈ ਸਿਹਤ ਵੇਖ ਕੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਰੈਫ਼ਰ ਕਰ ਦਿਤਾ, ਜਿੱਥੇ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਸਵਾਈਨ ਫਲੂ ਨਾਲ ਜਲੰਧਰ ਵਿਚ ਇਹ ਤੀਜੀ ਮੌਤ ਦਾ ਮਾਮਲਾ ਹੈ।
ਇਸ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋ ਹਫ਼ਤੇ ਬਾਅਦ ਗੋਰੂ ਦਾ ਵਿਆਹ ਹੋਣ ਵਾਲਾ ਸੀ। ਪਤਾ ਲੱਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਗੋਰੂ ਦੀ ਰਿੰਗ ਸਰਮਨੀ ਹੋਈ ਸੀ ਅਤੇ 14 ਫਰਵਰੀ ਨੂੰ ਵੈਲੇਨਟਾਈਨ-ਡੇ ਵਾਲੇ ਦਿਨ ਉਸ ਦਾ ਵਿਆਹ ਸੀ। ਪਰਵਾਰ ਵਾਲੇ ਉਸ ਦੇ ਵਿਆਹ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਸਨ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਸਮੇਂ ਗੋਰੂ ਦੇ ਘਰ ਵਿਚ ਮਾਤਮ ਦਾ ਮਾਹੌਲ ਹੈ।