
Bathinda News:ਪ੍ਰਸ਼ਾਸਨ ਨੇ ਫੈਕਟਰੀ ਕੀਤੀ ਸੀਲ
Bathinda Factory Gajak News: ਪ੍ਰਸ਼ਾਸਨ ਨੇ ਬਠਿੰਡਾ ਵਿਚ ਇਕ ਗਜਕ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਹ ਫ਼ੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਇਸ ਫ਼ੈਕਟਰੀ ਵਿਚ ਗਜਕ ਨੂੰ ਪੈਰਾਂ ਨਾਲ ਕੁਚਲ ਕੇ ਬਣਾਇਆ ਜਾ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ।
ਮਾਮਲਾ ਗੋਨਿਆਣਾ ਮੰਡੀ ਦਾ ਹੈ। ਜਾਣਕਾਰੀ ਮੁਤਾਬਕ ਇਕ ਸਮਾਜ ਸੇਵੀ ਨੇ ਫ਼ੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਵੀਡੀਓ 'ਚ ਫ਼ੈਕਟਰੀ 'ਚ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਗਜਕ ਬਣਾਈ ਜਾ ਰਹੀ ਸੀ ਅਤੇ ਮੂੰਗਫਲੀ ਨੂੰ ਪੈਰਾਂ ਨਾਲ ਕੁਚਲ ਕੇ ਛਿੱਲਿਆ ਜਾ ਰਿਹਾ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਹੈਲਥ ਇੰਸਪੈਕਟਰ ਨਵਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਫ਼ੈਕਟਰੀ ’ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ ਸਾਢੇ ਚਾਰ ਕੁਇੰਟਲ ਗਜਕ ਬਰਾਮਦ ਹੋਈ, ਜਿਸ ਨੂੰ ਸੀਲ ਕਰ ਕੇ ਸੈਂਪਲ ਲਏ ਗਏ।
ਸਿਹਤ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਫ਼ੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਇਥੋਂ ਗੈਰਮਿਆਰੀ ਗਜਕ ਪਾਈ ਗਈ। ਇੱਥੇ ਸਫ਼ਾਈ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਫ਼ੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਥੇ ਮਿਲੇ ਗਜਕ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫ਼ੈਕਟਰੀ ਮਾਲਕ ਵਿਨੋਦ ਕੁਮਾਰ ਦਾ ਚਲਾਨ ਕੱਟਿਆ ਗਿਆ ਹੈ ਅਤੇ ਉਸ ਨੂੰ ਬਠਿੰਡਾ ਏ.ਡੀ.ਸੀ ਦਫ਼ਤਰ ਵਿਖੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।