
ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਦੇਸ਼ ਵਿਚ ਤੀਜੇ ਸਥਾਨ 'ਤੇ ਹੈ, ਜਿਸ ਦਾ ਇਕ ਵੱਡਾ ਕਾਰਨ ਪੀ.ਜੀ.ਆਈ. ਵਿਚ ਕੋਰੋਨਾ ਨੂੰ ਲੈ ਕੇ
ਚੰਡੀਗੜ੍ਹ, 25 ਅਪ੍ਰੈਲ (ਤਰੁਣ ਭਜਨੀ): ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਦੇਸ਼ ਵਿਚ ਤੀਜੇ ਸਥਾਨ 'ਤੇ ਹੈ, ਜਿਸ ਦਾ ਇਕ ਵੱਡਾ ਕਾਰਨ ਪੀ.ਜੀ.ਆਈ. ਵਿਚ ਕੋਰੋਨਾ ਨੂੰ ਲੈ ਕੇ ਲਗਾਤਾਰ ਕੀਤੀ ਜਾ ਰਹੀ ਖੋਜ ਹੈ। ਹਾਲ ਹੀ ਵਿਚ ਪੀ.ਜੀ.ਆਈ. ਵਲੋਂ ਕੋਹੜ (ਕੁਸ਼ਟ) ਰੋਗ ਦੇ ਮਰੀਜ਼ਾਂ ਨੂੰ ਦਿਤੀ ਜਾਣ ਵਾਲੀ ਐਮਥ ਡਬਲਊ ਦਵਾਈ ਦਾ ਕੋਰੋਨਾ ਦੇ ਮਰੀਜ਼ਾਂ 'ਤੇ ਕੀਤਾ ਗਿਆ ਪ੍ਰੀਖਣ ਸਫ਼ਲ ਰਿਹਾ ਹੈ। ਪੀ.ਜੀ.ਆਈ. ਹੁਣ ਤਕ ਛੇ ਮਰੀਜ਼ਾਂ 'ਤੇ ਇਸ ਦਵਾਈ ਦਾ ਟਰਾਇਲ ਕਰ ਚੁੱਕਾ ਹੈ ਜਿਸ ਵਿਚ ਵੇਖਿਆ ਗਿਆ ਕਿ ਇਹ ਦਵਾਈ ਦੇਣ ਨਾਲ ਕੋਰੋਨਾ ਦੇ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਡਾਕਟਰਾਂ ਮੁਤਾਬਕ ਇਨ੍ਹਾਂ ਮਰੀਜ਼ਾਂ ਨੂੰ ਇਲਾਜ ਦੌਰਾਨ ਆਕਸੀਜਨ ਦੀ ਜ਼ਰੂਰਤ ਸੀ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਆਕਸੀਜਨ ਦੇ ਨਾਲ ਐਮਥਡਬਲਊ ਦਵਾਈ ਦਾ 3 ਐਮ.ਐਲ. ਟੀਕਾ ਵੀ ਲਗਾਇਆ ਗਿਆ। ਇਹ ਟੀਕਾ ਲਗਾਤਾਰ ਚਾਰ ਦਿਨ ਲਗਾਇਆ ਗਿਆ ਜਿਸ ਤੋਂ ਬਾਅਦ ਮਰੀਜ਼ਾਂ ਵਿਚ ਵੇਖਿਆ ਗਿਆ ਕਿ ਉਨ੍ਹਾ ਦਾ ਸਾਹ ਲੈਣਾ ਸੌਖਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਛਾਤੀ ਵਿਚ ਹੋ ਰਹੀ ਤਕਲੀਫ਼ ਤੋਂ ਵੀ ਰਾਹਤ ਮਿਲੀ ਹੈ। ਪੀ.ਜੀ.ਆਈ. ਡਾਕਟਰਾਂ ਮੁਤਾਬਕ ਇਸ ਦਵਾਈ ਦੀ ਵਰਤੋਂ ਕੁਸ਼ਟ ਰੋਗੀਆਂ ਲਈ ਕੀਤੀ ਜਾਂਦੀ ਹੈ।
File photo
ਕੁਸ਼ਟ ਰੋਗੀਆਂ ਨੂੰ ਵੀ ਸਾਹ ਲੈਣ ਵਿਚ ਕਾਫ਼ੀ ਦਿੱਕਤ ਆਉਂਦੀ ਹੈ, ਜਿਸ ਕਾਰਨ ਕਈ ਵਾਰ ਇਹ ਦਵਾਈ ਉਨ੍ਹਾਂ ਨੂੰ ਦਿਤੀ ਜਾਂਦੀ ਹੈ। ਪਰ ਕੋਰੋਨਾ ਦੇ ਮਰੀਜ਼ਾਂ ਵਿਚ ਵੀ ਸਾਹ ਲੈਣ ਅਤੇ ਫ਼ੇਫੜਿਆਂ ਵਿਚ ਤਕਲੀਫ਼ ਹੁੰਦੀ ਹੈ। ਜਿਸ ਕਰ ਕੇ ਇਸ ਦਵਾਈ ਦਾ ਉਨ੍ਹਾਂ 'ਤੇ ਵੀ ਟਰਾਇਲ ਕੀਤਾ ਗਿਆ ਜੋ ਕਿ ਸਫ਼ਲ ਰਿਹਾ ਹੈ। ਮਰੀਜ਼ਾਂ ਨੂੰ ਇਸ ਨਾਲ ਕਾਫ਼ੀ ਰਾਹਤ ਮਿਲੀ ਹੈ। ਪੀ.ਜੀ.ਆਈ. ਚੰਡੀਗੜ੍ਹ ਤੋਂ ਇਲਾਵਾ ਇਸ ਦਵਾਈ ਦਾ ਟਰਾਇਲ ਏਮਜ਼ ਦਿੱਲੀ ਅਤੇ ਭੋਪਾਲ ਵਿਚ ਵੀ ਕੀਤਾ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਇਸ ਦਵਾਈ ਦਾ ਹੁਣ ਹੋਰ ਮਰੀਜ਼ਾਂ 'ਤੇ ਵੀ ਪ੍ਰੀਖਣ ਕੀਤਾ ਜਾਵੇਗਾ।
ਡਾਕਟਰਾਂ ਨੇ ਦਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਆਕਸੀਜਨ 'ਤੇ ਰਖਿਆ ਗਿਆ ਸੀ। ਉਨ੍ਹਾਂ ਦਸਿਆ ਕਿ ਜਦੋਂ ਵਾਇਰਸ ਸਰੀਰ 'ਤੇ ਹਮਲਾ ਕਰਦਾ ਹੈ ਤਾਂ ਸਰੀਰ ਦੇ ਡਿਫ਼ੈਂਸ ਸੈੱਲ ਸਰਗਰਮ ਹੋ ਜਾਂਦੇ ਹਨ ਅਤੇ ਵਾਇਰਸ ਨਾਲ ਲੜਨ ਲਈ ਪੂਰੀ ਤਾਕਤ ਲਗਾ ਦਿੰਦੇ ਹਨ। ਅਜਿਹੇ ਵਿਚ ਡਿਫ਼ੈਂਸ ਸੈੱਲ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਸਥਿਤੀ ਵਿਚ ਇਮਯੂਨੋਮੋਡੁਲੇਟਰ ਦਵਾਈ ਦਿਤੀ ਜਾਂਦੀ ਹੈ। ਜਿਸ ਨਾਲ ਇਮਊਨਿਟੀ ਵਧ ਸਕੇ ਅਤੇ ਵਾਇਰਸ ਨਾਲ ਲੜ ਸਕੇ। ਹੁਣ ਦਵਾਈ ਦੇ ਦਿਤੇ ਜਾਣ ਤੋਂ ਬਾਅਦ ਵੇਖਿਆ ਜਾਵੇਗਾ ਕਿ ਕੀ ਮਰੀਜ਼ ਨੂੰ ਆਕਸੀਜਨ ਅਤੇ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ ਹੀ ਇਹ ਵੀ ਵੇਖਿਆ ਜਾਵੇਗਾ ਕਿ ਇਸ ਦਵਾਈ ਨਾਲ ਮਰੀਜ਼ ਕਿਨੇ ਸਮੇਂ ਵਿਚ ਠੀਕ ਹੋ ਪਾਉਂਦਾ ਹੈ।