
ਇਹ ਹਾਦਸਾ ਸੋਮਵਾਰ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ।
ਲੁਧਿਆਣਾ: ਜ਼ਿਲ੍ਹੇ ਦੇ ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿਚ ਇਕ ਫਾਰਚੂਨਰ ਨਹਿਰ ਵਿਚ ਡਿੱਗ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ। ਕਾਫੀ ਦੇਰ ਤੱਕ ਕਿਸੇ ਨੂੰ ਹਾਦਸੇ ਬਾਰੇ ਪਤਾ ਨਹੀਂ ਲੱਗਿਆ। ਇਕ ਰਾਹਗੀਰ ਨੇ ਕਾਰ ਨੂੰ ਨਹਿਰ 'ਚ ਡੁੱਬੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।
ਥਾਣਾ ਮਲੌਦ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਿਆ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (45), ਜਗਦੀਪ ਸਿੰਘ (35), ਜਤਿੰਦਰ ਸਿੰਘ (40), ਜਗਤਾਰ ਸਿੰਘ (45), ਭਜਨ ਸਿੰਘ (42) ਵਜੋਂ ਹੋਈ ਹੈ।
ਮ੍ਰਿਤਕ ਜਤਿੰਦਰ ਦੇ ਪਰਿਵਾਰਕ ਮੈਂਬਰ ਸਨਮਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਕਰੀਬ ਦੋ ਘੰਟੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮਦਦ ਲਈ ਨਹੀਂ ਆਇਆ। ਕਾਰ ਚਾਰੋਂ ਪਾਸਿਓਂ ਬੰਦ ਸੀ, ਜਿਸ ਕਾਰਨ ਪੰਜੇ ਲੋਕਾਂ ਦਾ ਦਮ ਘੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ 6 ਲੋਕ ਸਵਾਰ ਸਨ। ਬਾਕੀ ਬਚੇ ਵਿਅਕਤੀ ਦਾ ਨਾਂ ਸੰਨੀ ਦੱਸਿਆ ਜਾ ਰਿਹਾ ਹੈ। ਸੰਨੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਸਨਮਦੀਪ ਨੇ ਦੱਸਿਆ ਕਿ ਜਤਿੰਦਰ ਉਰਫ ਹੈਪੀ 4 ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ। ਸੋਮਵਾਰ ਰਾਤ ਨੂੰ ਉਹ ਨੇੜਲੇ ਪਿੰਡ ਦੇ ਕੁਝ ਨੌਜਵਾਨਾਂ ਨਾਲ ਰਿਸ਼ਤੇਦਾਰ ਦੇ ਘਰ ਅਫਸੋਸ ਕਰਕੇ ਵਾਪਸ ਪਰਤ ਰਹੇ ਸਨ। ਜਤਿੰਦਰ ਕੈਨੇਡਾ 'ਚ ਟਰਾਲਾ ਚਲਾਉਂਦਾ ਸੀ ਅਤੇ ਉਹਨਾਂ ਦੇ ਦੋ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਸੜਕ ਖਾਲੀ ਹੋਣ ਕਾਰਨ ਫਾਰਚੂਨਰ ਕਾਰ ਦੀ ਰਫਤਾਰ ਕਾਫੀ ਤੇਜ਼ ਸੀ ਪਰ ਸੰਤੁਲਨ ਵਿਗੜਨ ਕਾਰਨ ਕਾਰ ਕੰਧ ਨਾਲ ਟਕਰਾਉਂਦੇ ਹੋਏ ਸਿੱਧੀ ਨਹਿਰ 'ਚ ਜਾ ਡਿੱਗੀ। ਕਰੀਬ 2 ਘੰਟੇ ਪਾਣੀ 'ਚ ਰਹਿਣ ਤੋਂ ਬਾਅਦ ਲਾਸ਼ਾਂ ਫੁੱਲ ਚੁੱਕੀਆਂ ਸਨ।