
Knowledge Share Agreement ’ਤੇ ਨਵਜੋਤ ਸਿੱਧੂ ਦਾ ਟਵੀਟ
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਅੱਜ ਗਿਆਨ ਦੇ ਆਦਾਨ-ਪ੍ਰਦਾਨ ਲਈ ਸਮਝੌਤਾ ਹੋਇਆ, ਜਿਸ ਨੂੰ ਲੈ ਕੇ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਇਸੇ ਕੜੀ ਵਿਚ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ।
ਉਹਨਾਂ ਲਿਖਿਆ, “ਜਦ ਜ਼ਮੀਰ ਗਹਿਣੇ ਰੱਖ ਦਿੱਤੀ ਜਾਵੇ ਤਾਂ ਤੁਹਾਡੀ ਤਾਕਤ ਕੋਈ ਮਾਇਨੇ ਨਹੀਂ ਰੱਖਦੀ...”। ਉਹਨਾਂ ਕਿਹਾ ਕਿ ਅੱਜ ਦੇ ਇਸ ਸਮਝੌਤੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੰਨ ਲਿਆ ਹੈ ਕਿ ਪੰਜਾਬ ਦਿੱਲੀ ਦਾ ਤਾਬਿਆਦਾਰ ਬਣ ਕੇ ਇਸ ਦੀ ਤਾਨਾਸ਼ਾਹੀ ਹੇਠ ਕੰਮ ਕਰੇਗਾ।
ਇਕ ਹੋਰ ਟਵੀਟ ਕਰਦਿਆਂ ਸਿੱਧੂ ਨੇ ਲਿਖਿਆ, “ਗਿਆਨ ਵੰਡ ਸਮਝੌਤੇ ਦੀ ਆੜ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਸਮਰਪਣ ਕਰ ਦਿੱਤਾ ਹੈ। ਇਸ ਨੇ ਪੰਜਾਬ ਦੇ ਅੰਦਰੂਨੀ ਮਾਮਲਿਆਂ 'ਤੇ ਅਰਵਿੰਦ ਕੇਜਰੀਵਾਲ ਦੇ ਗੈਰ-ਸੰਵਿਧਾਨਕ ਦਖਲ ਅਤੇ ਕੰਟਰੋਲ ਨੂੰ ਜਾਇਜ਼ ਠਹਿਰਾਇਆ। ਇਸ ਨਾਲ ਪੰਜਾਬ ਦੇ ਮਾਣ ਨੂੰ ਠੇਸ ਪਹੁੰਚੀ ਹੈ”।