
ਕਲਗ਼ੀਧਰ ਸੁਸਾਇਟੀ ਦੇ ਜਾਤ ਪਾਤ, ਰੰਗ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਦੇ ਭਲੇ ਲਈ
ਚੰਡੀਗੜ੍ਹ, 25 ਮਈ (ਸਪੋਕਸਮੈਨ ਸਮਾਚਾਰ ਸੇਵਾ): ਕਲਗ਼ੀਧਰ ਸੁਸਾਇਟੀ ਦੇ ਜਾਤ ਪਾਤ, ਰੰਗ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਦੇ ਭਲੇ ਲਈ ਲਗਾਤਾਰ ਚਲ ਰਹੇ ਵਡਮੁੱਲੇ ਤੇ ਮਹੱਤਵਪੂਰਨ ਯੋਗਦਾਨ ਨੂੰ ਮੁਖ ਰਖਦੇ ਹੋਏ ‘ਵਿਸ਼ਵ ਮਨੁੱਖਤਾ ਕਮਿਸ਼ਨ’ (ਜਿਸ ਦਾ ਮੁੱਖ ਦਫ਼ਤਰ ਨਿਊਯਾਰਕ, ਅਮਰੀਕਾ ਵਿਚ ਹੈ) ਨੇ ਇਸ ਹਿਮਾਚਲ ਪ੍ਰਦੇਸ਼ ਆਧਾਰਤ ਵਿਦਿਅਕ ਅਤੇ ਸਮਾਜਕ ਵਿਕਾਸ ਅਤੇ ਬਦਲਾਅ ਲਿਆਉਣ ਵਾਲੀ ਇਸ ਸੋਸਾਇਟੀ (ਐਨਜੀਓ) ਨੂੰ ਸਨਮਾਨ ਵਜੋਂ ਪ੍ਰਸ਼ੰਸਾ ਪੱਤਰ ਦਿਤਾ ਹੈ।
ਕਲਗੀਧਰ ਸੁਸਾਇਟੀ ਦੁਆਰਾ ਵਿਸ਼ਵਵਿਆਪੀ ਪੱਧਰ ’ਤੇ ‘ਮਨੁੱਖਤਾ ਦੇ ਪਾਠ’ ਪ੍ਰਫ਼ੁੱਲਤ ਕਰਨ ਲਈ ਅਤੇ ਮਨੁੱਖਤਾ ਦੇ ਭਲੇ ਦੇ ਉਪਦੇਸ਼ ਨੂੰ ਬੜੀ ਦ੍ਰਿੜ੍ਹਤਾ ਅਤੇ ਸੰਜੀਦਗੀ ਨਾਲ ਫੈਲਾਉਣ ਬਦਲੇ ਇਹ ਪ੍ਰਸੰਸਾ ਪੱਤਰ ਮਾਣ ਵਜੋਂ ਪ੍ਰਾਪਤ ਹੋਇਆ ਹੈ, ਜੋ ਕਿ ‘ਸੋਸਾਇਟੀ’ ਦੇ ਵੱਖ-ਵੱਖ ਦਫ਼ਤਰਾਂ ਵਿਚ ਮਾਣ ਸਹਿਤ ਲਗਾਇਆ ਜਾਵੇਗਾ।
ਡਬਲਿਊ.ਐਚ.ਸੀ. ਨੇ ਕਲਗੀਧਰ ਸੁਸਾਇਟੀ ਬਾਰੇ ਇਹ ਸ਼ਲਾਘਾਯੋਗ ਨੋਟ ਲਿਆ ਹੈ ਜਿਸ ਵਿਚ ਉੱਤਰ ਭਾਰਤ ਦੀਆਂ 129 ਅਕਾਲ ਅਕੈਡਮੀਆਂ (ਸਕੂਲ) ਵਿਚ ਲਗਭਗ 70,000 ਪੇਂਡੂ ਬੱਚਿਆਂ ਨੂੰ ਘੱਟ ਕੀਮਤ ਵਾਲੀ ਕਦਰਾਂ-ਕੀਮਤਾਂ ’ਤੇ ਆਧਾਰਤ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਪੇਂਡੂ ਇਲਾਕਿਆਂ ਵਿਚ ਵਿਸ਼ਾਲ ਤੇ ਪ੍ਰਭਾਵਸ਼ਾਲੀ ਪੱਧਰ ’ਤੇ ਨਾਰੀ-ਸਸ਼ਕਤੀਕਰਨ ਤਹਿਤ ਪੇਂਡੂ ਲੜਕੀਆਂ ਨੂੰ ਹੁਨਰਮੰਦ ਕਰਨ ਦੇ ਮਨੋਰਥ ਨਾਲ 2500 ਤੋਂ ਵੱਧ ਲੜਕੀਆਂ ਨੂੰ ਟੀਚਰ ਟ੍ਰੇਨਿੰਗ ਦਿਤੀ ਜਾ ਰਹੀ ਹੈ ।
File Photo
ਸੁਸਾਇਟੀ ਵਲੋਂ ਮੁੱਢ ਤੋਂ ਹੀ ਮਨੁੱਖੀ ਰਾਹਤ ਅਤੇ ਮੁੜ ਵਸੇਬੇੇ ਸਮੇਤ ਮੁਢਲੀਆਂ ਲੋੜਾਂ ਨੂੰ ਧਿਆਨ ਵਿਚ ਰਖਦੇ ਹੋਏ ਵੱਡੇ ਪੱਧਰ ’ਤੇ ਲੋਕ ਭਲਾਈ ਕਾਰਜ ਕੀਤੇ ਜਾ ਰਹੇ ਹਨ ਜਿਵੇਂ ਕਿ ਜੰਮੂ ਕਸ਼ਮੀਰ ਵਿਚ ਸਾਲ 2005 ਵਿਚ ਭੂਚਾਲ ਦੌਰਾਨ, ਸਾਲ 2018 ਦੇ ਕੇਰਲਾ ਹੜ੍ਹ ਦੌਰਾਨ, ਪੰਜਾਬ ਵਿਚ ਆਏ ਸਾਲ 2019 ਵਿਚ ਹੜ੍ਹ ਦੌਰਾਨ ਲੋਕਾਂ ਦੀਆਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿਚ ਹਰ ਸੰਭਵ ਯੋਗਦਾਨ ਪਾਇਆ ਅਤੇ ਮੌਜੂਦਾ ਹਾਲਾਤਾਂ ਵਿਚ ਕੋਵਿਡ-19 ਵਰਗੀ ਭਿਆਨਕ ਬਿਮਾਰੀ ਦੌਰਾਨ ਲੱਗੇ ਲਾਕਡਾਊਨ ਵਿਚ ਮਨੁੱਖਤਾ ਦੇ ਭਲੇ ਲਈ ਸੁਸਾਇਟੀ ਵਲੋਂ ਸਿਕਲੀਗਰ ਪਰਵਾਰਾਂ ਅਤੇ ਪਰਵਾਸੀ ਮਜ਼ਦੂਰਾਂ ਨੂੰ ਲੰਗਰ ਅਤੇ ਮੁਫ਼ਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ।
ਇਸ ਸਰਟੀਫ਼ੀਕੇਟ ਦੀ ਘੋਸ਼ਣਾ ਮਾਸਟਰ ਓਂਕਾਰ ਬਤਰਾ, ਕੌਂਸਲ ਆਫ਼ ਜੰਗ ਅੰਬੈਸਡਰਜ਼, ਭਾਰਤ ਦੇ ਵਿਸ਼ਵ ਮਨੁੱਖਤਾ ਕਮਿਸ਼ਨ ਦੁਆਰਾ ਕੀਤੀ ਗਈ ਹੈ, ਜੋ ਕਿ ਵਿਸ਼ਵ ਦਾ ਸੱਭ ਤੋਂ ਛੋਟਾ ਲੇਖਕ ਅਤੇ ਵਿਸ਼ਵ ਦਾ ਸੱਭ ਤੋਂ ਘੱਟ ਉਮਰ ਦਾ ਵੈੱਬ ਮਾਸਟਰ ਵੀ ਹੈ। ਓਂਕਾਰ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁਕਾ ਹੈ ਜਿਨ੍ਹਾਂ ਵਿਚ ਰਾਸ਼ਟਰਪਤੀ ਦੁਆਰਾ ‘ਰਾਸ਼ਟਰੀ ਬਾਲ ਪੁਰਸਕਾਰ 2020’, ਜੋ ਇਕ ਬੱਚਿਆਂ ਲਈ ਭਾਰਤ ਦਾ ਸੱਭ ਤੋਂ ਪ੍ਰਤਿਸ਼ਠਾਵਾਨ ਅਤੇ ਸਰਬ ਉੱਚ ਨਾਗਰਿਕ ਪੁਰਸਕਾਰ ਹੈ, ਦਿਤਾ ਗਿਆ ਹੈ।
ਕਲਗੀਧਰ ਸੋਸਾਇਟੀ ਬੜੂ ਸਾਹਿਬ ਦੇ ਸੈਕਟਰੀ ਡਾ. ਦਵਿੰਦਰ ਸਿੰਘ ਨੇ ਕਿਹਾ, ‘ਇਹ ਸਾਡੇ ਲਈ ਕਾਫੀ ਚੁਣੌਤੀ ਭਰਪੂਰ ਅਤੇ ਵਿਕਾਸਸ਼ੀਲ ਯਾਤਰਾ ਹੈ ਜਿਸ ਵਿਚ ਅਸੀਂ ਸਾਧਾਰਨ ਰਹਿਣ ਸਹਿਣ, ਉੱਚੀ ਸੋਚ, ਪਿਆਰ, ਹਮਦਰਦੀ, ਪੇਸ਼ੇਵਰ, ਇਮਾਨਦਾਰੀ ਅਤੇ ਦਿਆਨਤਦਾਰੀ ਦੇ ਸਥਾਈ ਮੁੱਲਾਂ ਤੇ ਨਿਰੰਤਰ ਧਿਆਨ ਦਿਤਾ ਹੈ। ਡਾ. ਨੀਲਮ ਕੌਰ, ਪ੍ਰਿੰਸੀਪਲ ਅਕਾਲ ਅਕੈਡਮੀ, ਆਈ.ਬੀ. ਵਰਲਡ ਸਕੂਲ, ਪ੍ਰਸਿੱਧ ਸਿਖਿਆ ਸ਼ਾਸਤਰੀ ਅਤੇ ਪ੍ਰਸਿੱਧ ਸਿਹਤ ਪੇਸ਼ੇਵਰ, ਨੇ ਕਿਹਾ ਕਿ ਅਕਾਲ ਅਕੈਡਮੀ ਸਿਖਿਆ ਦੇ ਪਵਿੱਤਰ ਅਸਥਾਨ ਹਨ ਜੋ ਮਨੁੱਖੀ ਸ਼ਖ਼ਸੀਅਤ ਦਾ ਵਿਕਾਸ ਕਰਦੇ ਹਨ ਅਤੇ ਅਣਗੌਲੀ ਪ੍ਰਤਿਭਾ ਨੂੰ ਨਿਖਾਰ ਕੇ ਵਿਗਿਆਨ, ਕਲਾ ਅਤੇ ਉੱਚੀ ਸੋਚ ਲਈ ਰਸਤਾ ਖੋਲ੍ਹਦੇ ਹਨ।