
ਧਰਮ ਨਿਰਪੱਖਤਾ ਤੇ ਲੋਕਤੰਤਰ ਇਕ ਦੂਜੇ 'ਤੇ ਨਿਰਭਰ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰੀ ਸਰੂਪ ਦੀ ਰਾਖੀ ਕਰਨਾ ਸਰਹੱਦਾਂ ਦੀ ਰਾਖੀ ਕਰਨ ਜਿੰਨਾ ਹੀ ਮਹੱਤਵਪੂਰਨ ਹੈ। ਦੇਸ਼ ਦੀ ਅੰਦਰੂਨੀ ਤੇ ਬਾਹਰੀ ਸਿਹਤ ਬਰਾਬਰ ਦੀ ਅਹਿਮੀਅਤ ਰਖਦੀਆਂ ਹਨ ਤੇ ਇਕ ਦੂਜੇ 'ਤੇ ਨਿਰਭਰ ਹਨ।
Parkash Singh Badal
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 25 ਜੂਨ 1975 ਨੂੰ ਦੇਸ਼ ਵਿਚ ਅੰਦਰੂਨੀ ਐਮਰਜੰਸੀ ਲਗਾਉਣ ਦੀ 45ਵੀਂ ਵਰ੍ਹੇਗੰਢ ਮੌਕੇ ਜਾਰੀ ਕੀਤੇ ਬਿਆਨ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਸਾਡੇ ਸੰਵਿਧਾਨ ਵਿਚ ਦਰਜ ਧਰਮ ਨਿਰਪੱਖ ਸਰੂਪ ਪ੍ਰਤੀ ਬਰਾਬਰ ਦੀ ਵਚਨਬੱਧਤਾ ਦੇ ਬਗ਼ੈਰ ਲੋਕਤੰਤਰ ਲਈ ਵਚਨਬੱਧਤਾ ਅਰਥਹੀਣ ਰਹਿ ਜਾਂਦੀ ਹੈ।
Shiromani Akali Dal
ਉਹਨਾਂ ਕਿਹਾ ਕਿ ਲੋਕਤੰਤਰ ਲਈ ਪਹਿਲਾਂ ਧਰਮ ਨਿਰਪੱਖਤਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਧਰਮ ਨਿਰਪੱਖਤਾ ਲਈ ਲੋਕਤੰਤਰੀ ਜ਼ਰੂਰੀ ਹੈ। ਦੋਵੇਂ ਆਦਰਸ਼ਤ ਇਕ ਦੂਜੇ ਨੂੰ ਮਜ਼ਬੂਤ ਕਰਦੇ ਹਨ। ਬਾਦਲ, ਜਿਨ੍ਹਾਂ ਨੂੰ ਅੰਦਰੂਨੀ ਐਮਰਜੈਂਸੀ ਦਾ ਵਿਰੋਧ ਕਰਨ ਦਾ ਮੁੱਖ ਸੂਤਰਧਾਰ ਮੰਨਿਆ ਜਾਂਦਾ ਹੈ, ਨੇ ਕਿਹਾ ਕਿ ਸਾਡੇ ਲੋਕਤੰਤਰ ਵਾਸਤੇ ਦੇਸ਼ ਦਾ ਸੰਘੀ ਢਾਂਚਾ ਜ਼ਰੂਰੀ ਹੈ। ਲੋਕਤੰਤਰ ਇਕ ਪੱਧਰ ਦਾ ਢਾਂਚਾ ਨਹੀਂ ਹੈ।
Parkash Singh Badal
ਇਹ ਵਿਅਕਤੀਗਤ ਤੇ ਸਮਾਜਿਕ ਪੱਧਰ 'ਤੇ ਸਰਬਵਿਆਪਕ ਵੋਟਿੰਗ ਅਧਿਕਾਰ ਰਾਹੀਂ ਕੰਮ ਕਰਦਾ ਹੈ। ਕੌਮੀ ਤੇ ਅੰਤਰ ਰਾਜੀ ਪੱਧਰਾਂ 'ਤੇ ਇਕ ਸਹੀ ਸੰਘੀ ਢਾਂਚਾ ਹੀ ਸਾਡੀ ਪ੍ਰਣਾਲੀ ਦੇ ਅਰਥਪੂਰਨ ਕੰਮਕਾਜ ਦੀ ਗਰੰਟੀ ਦਿੰਦਾ ਹੈ ਤਾਂ ਹੀ ਕੌਮੀ ਖ਼ੁਸਹਾਲੀ ਆਵੇਗੀ ਤੇ ਭਾਰਤ ਵਿਸ਼ਵ ਪੱਧਰ 'ਤੇ ਸੁਪਰ ਪਾਵਰ ਬਣੇਗਾ। ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਵਿਚ ਸਾਡੀ ਆਜ਼ਾਦੀ ਤੇ ਪ੍ਰਭੂਸੱਤਾ ਵਾਂਗ ਹੀ ਧਰਮ ਨਿਰਪੱਖਤਾ ਤੇ ਲੋਕਤੰਤਰ ਦੀ ਰਾਖੀ ਵੀ ਹਰ ਦਿਨ ਹਰ ਸਮੇਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਪਲ ਦੀ ਢਿੱਲ ਵੀ ਬਹੁਤ ਤਬਾਹਕੁੰਨ ਤੇ ਮਾਰੂ ਸਾਬਤ ਹੋ ਸਕਦੀ ਹੈ।